ਪੰਜਾਬ ਚੋਣਾਂ ‘ਚ ਭਾਜਪਾ-ਅਕਾਲੀ ਦੀਆਂ ਸੀਟ ਸ਼ੇਅਰਿੰਗ ਨੂੰ ਲੈ ਕੇ ਵੱਡਾ ਅਪਡੇਟ, ਇਸ ਦਿਨ ਹੋਵੇਗਾ ਐਲਾਨ…?

Must read


Punjab News: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ ਵੱਡਾ ਸਿਆਸੀ ਦਾਅ ਖੇਡਿਆ ਹੈ। ਦਰਅਸਲ, ਭਾਜਪਾ ਨੇ ਆਪਣੇ ਪੁਰਾਣੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਜਾ ਰਹੀ ਹੈ। ਜਿਸ ਨੂੰ ਲੈ ਕੇ ਲਗਾਤਾਰ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਵਿਚਾਲੇ ਸੀਟਾਂ ਦੀ ਸ਼ੇਅਰਿੰਗ ਨੂੰ ਲੈ ਕੇ ਖਾਸ ਅਪਡੇਟ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਭਾਰਤੀ ਜਨਤਾ ਪਾਰਟੀ (BJP) ਅਤੇ ਉਸ ਦੇ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ (ਐੱਸਏਡੀ) ਵਿਚਾਲੇ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਆਖਰੀ ਪੜਾਅ ਵਿੱਚ ਪਹੁੰਚ ਗਈ ਹੈ। ਦੋਵੇਂ ਪਾਰਟੀਆਂ ਇਸ ਵਾਰ ਚੋਣ ਮੈਦਾਨ ਵਿੱਚ ਮਿਲ ਕੇ ਉਤਰਨ ਦੀ ਤਿਆਰੀ ਕਰ ਰਹੀਆਂ ਹਨ।

ਜਾਣੋ ਕਦੋਂ ਹੋਏਗਾ ਵੱਡਾ ਐਲਾਨ

ਇੱਕ ਸੂਤਰ ਮੁਤਾਬਕ, ਸੀਟਾਂ ਦੀ ਵੰਡ ਸਬੰਧੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਇਸ ਦਾ ਐਲਾਨ “ਗੁਰੂ ਨਾਨਕ ਜੈਅੰਤੀ ਦੇ ਆਸ-ਪਾਸ” ਕੀਤਾ ਜਾ ਸਕਦਾ ਹੈ। ਹਾਲਾਂਕਿ, ਕੁਝ ਮੁੱਦਿਆਂ ’ਤੇ ਅਜੇ ਵੀ ਸਹਿਮਤੀ ਬਣਨੀ ਬਾਕੀ ਹੈ। ਸੂਤਰਾਂ ਅਨੁਸਾਰ, ਭਾਜਪਾ ਇਸ ਵਾਰ 47 ਤੋਂ 48 ਸੀਟਾਂ ’ਤੇ ਚੋਣ ਲੜ ਸਕਦੀ ਹੈ। ਪੰਜਾਬ ਵਿਧਾਨ ਸਭਾ ਵਿੱਚ ਕੁੱਲ 117 ਸੀਟਾਂ ਹਨ।

ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਵਿੱਚ ਭਾਜਪਾ ਦੀ ਸੀਟਾਂ ਦੀ ਹਿੱਸੇਦਾਰੀ ਵਿੱਚ ਵੱਡਾ ਵਾਧਾ ਹੋਵੇਗਾ। ਕਿਉਂਕਿ ਰਵਾਇਤੀ ਤੌਰ ’ਤੇ ਇਸ ਗੱਠਜੋੜ ਵਿੱਚ ਭਾਜਪਾ ਛੋਟੀ ਭਾਈਵਾਲ ਪਾਰਟੀ ਰਹੀ ਹੈ। ਜ਼ਿਕਰਯੋਗ ਹੈ ਕਿ ਦੋਵਾਂ ਪਾਰਟੀਆਂ ਨੇ ਆਖਰੀ ਵਾਰ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਠਿਆਂ ਲੜੀਆਂ ਸਨ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ 94 ਅਤੇ ਭਾਜਪਾ ਨੇ ਸਿਰਫ਼ 23 ਸੀਟਾਂ ’ਤੇ ਚੋਣ ਲੜੀ ਸੀ। ਸੂਤਰਾਂ ਮੁਤਾਬਕ, ਇਸ ਵਾਰ ਭਾਜਪਾ ਆਪਣੀ ਸੀਟਾਂ ਦੀ ਹਿੱਸੇਦਾਰੀ ਦੁੱਗਣੀ ਤੋਂ ਵੀ ਵੱਧ ਕਰਨ ਜਾ ਰਹੀ ਹੈ। ਇਹ ਸੂਬੇ ਦੀ ਬਦਲ ਰਹੀ ਸਿਆਸੀ ਹਕੀਕਤ ਨੂੰ ਦਰਸਾਉਂਦਾ ਹੈ।

ਕੁਝ ਆਗੂ ਗੱਠਜੋੜ ਦੇ ਹੱਕ ਵਿੱਚ 

ਹਾਲਾਂਕਿ, ਪੰਜਾਬ ਵਿੱਚ ਸੰਭਾਵਿਤ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਇਸ ਗੱਠਜੋੜ ਨੂੰ ਲੈ ਕੇ ਭਾਜਪਾ ਦੇ ਅੰਦਰ ਵੀ ਸਾਰੇ ਆਗੂ ਸਹਿਮਤ ਨਹੀਂ ਹਨ। ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਹਰਜੀਤ ਗਰੇਵਾਲ ਨੇ ਇੱਕ ਦਿਨ ਪਹਿਲਾਂ ਕਿਹਾ ਸੀ, “ਭਾਜਪਾ ਦੇ ਕੁਝ ਆਗੂ ਗੱਠਜੋੜ ਦੇ ਹੱਕ ਵਿੱਚ ਹਨ। ਪਰ ਪਾਰਟੀ ਨਾਲ ਚਾਲੀ-ਪੰਜਾਹ ਸਾਲਾਂ ਤੋਂ ਜੁੜੇ ਪੁਰਾਣੇ ਆਗੂ ਇਸ ਦੇ ਖ਼ਿਲਾਫ਼ ਹਨ। ਇਹ ਦੋ ਵੱਖ-ਵੱਖ ਵਿਚਾਰਧਾਰਾਵਾਂ ਹਨ। ਮੇਰਾ ਮੰਨਣਾ ਹੈ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਪੰਜਾਬ ਵਿੱਚ ਰਾਸ਼ਟਰਵਾਦੀ ਵਿਚਾਰਧਾਰਾ ਦਾ ਪ੍ਰਸਾਰ ਅਤੇ ਵਿਕਾਸ ਹੋਣਾ ਚਾਹੀਦਾ ਹੈ।”
 
ਜਲਦ ਹੋਣਗੀਆਂ ਆਖਰੀ ਪੜਾਅ ਦੀਆਂ ਮੀਟਿੰਗਾਂ

ਕੇਂਦਰੀ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ 17 ਨਵੰਬਰ ਨੂੰ ਪੰਜਾਬ ਦਾ ਦੌਰਾ ਕਰਨ ਵਾਲੇ ਹਨ। ਇਸ ਦੌਰਾਨ ਗੱਠਜੋੜ ਸਬੰਧੀ ਗੱਲਬਾਤ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸ ਹਫ਼ਤੇ ਦੇ ਸ਼ੁਰੂ ਵਿੱਚ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਪੰਜਾਬ ਵਿੱਚ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕਾਫ਼ੀ ਭਰੋਸਾ ਜਤਾਇਆ ਸੀ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link

- Advertisement -

More articles

- Advertisement -

Latest article