Punjab News : ਇੱਟਾਂ ਨਾਲ ਭਰੀ ਟਰਾਲੀ ਨੇ 14 ਸਾਲਾ ਹੈਂਡਬਾਲ ਖਿਡਾਰਨ ਨੂੰ ਕੁਚਲਿਆ, DMC 'ਚ ਮੌਤ

0
7


Ludhiana Road Accident : ਲੁਧਿਆਣਾ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਨੇ 14 ਸਾਲਾ ਹੋਣਹਾਰ ਹੈਂਡਬਾਲ ਖਿਡਾਰਨ ਅੰਸ਼ਿਕਾ ਦੀ ਜਾਨ ਲੈ ਲਈ। ਅੰਸ਼ਿਕਾ ਐਲਪਾਈਨ ਸਕੂਲ ਵਿੱਚ 9ਵੀਂ ਜਮਾਤ ਦੀ ਵਿਦਿਆਰਥਣ ਸੀ। ਉਹ ਸੂਬਾ ਪੱਧਰੀ ਮੁਕਾਬਲੇ ਲਈ ਤਿਆਰੀ ਕਰ ਰਹੀ ਸੀ ਅਤੇ ਅਗਲੇ ਦਿਨ ਬਠਿੰਡਾ ਵਿੱਚ ਸਟੇਟ ਲੈਵਲ ਮੈਚ ਖੇਡਣ ਜਾਣਾ ਸੀ।

ਜਾਣਕਾਰੀ ਮੁਤਾਬਕ ਸੋਮਵਾਰ ਸ਼ਾਮ ਕਰੀਬ 4 ਵਜੇ ਅੰਸ਼ਿਕਾ ਮੰਦਰ ਦੇ ਪੁਜਾਰੀ ਨਾਲ ਐਕਟਿਵਾ ‘ਤੇ ਸਕੂਲ ਵਿੱਚ ਪ੍ਰੈਕਟਿਸ ਕਰਨ ਜਾ ਰਹੀ ਸੀ। ਇਸ ਦੌਰਾਨ ਜਗਤਪੁਰੀ ਚੌਕੀ ਦੇ ਇਲਾਕੇ ਵਿੱਚ ਜੱਸੀਆਂ ਰੋਡ ‘ਤੇ ਇੱਟਾਂ ਨਾਲ ਭਰੀ ਟਰੈਕਟਰ-ਟਰਾਲੀ ਨੇ ਉਨ੍ਹਾਂ ਦੀ ਐਕਟਿਵਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਹਾਦਸੇ ਦੌਰਾਨ ਅੰਸ਼ਿਕਾ ਟਰਾਲੀ ਦੇ ਹੇਠਾਂ ਆ ਗਈ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਹਾਦਸੇ ਤੋਂ ਬਾਅਦ ਉਸਨੂੰ ਤੁਰੰਤ ਇਲਾਜ ਲਈ DMC ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਦੀ ਜਾਨ ਨਹੀਂ ਬਚ ਸਕੀ।

ਡਰਾਈਵਰ ਪੁਲਿਸ ਹਿਰਾਸਤ ਵਿੱਚ

ਘਟਨਾ ਤੋਂ ਬਾਅਦ ਜਗਤਪੁਰੀ ਪੁਲਿਸ ਨੇ ਟਰਾਲੀ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲੀ ‘ਤੇ ਕੋਈ ਨੰਬਰ ਨਹੀਂ ਲੱਗਿਆ ਹੋਇਆ ਸੀ। ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਅੰਸ਼ਿਕਾ ਖੇਡਾਂ ਵਿੱਚ ਕਾਫੀ ਸਰਗਰਮ ਸੀ। ਉਹ 2-3 ਸਕੂਲ ਪੱਧਰੀ ਟੂਰਨਾਮੈਂਟ ਖੇਡ ਚੁੱਕੀ ਸੀ ਅਤੇ ਕਈ ਮੈਡਲ ਵੀ ਜਿੱਤ ਚੁੱਕੀ ਸੀ। ਹੁਣ ਉਸਦਾ ਸੁਪਨਾ ਸਟੇਟ ਲੈਵਲ ‘ਤੇ ਖੇਡਣ ਦਾ ਸੀ, ਜਿਸ ਲਈ ਉਹ ਲਗਾਤਾਰ ਮਿਹਨਤ ਕਰ ਰਹੀ ਸੀ।

ਪਿਤਾ ਪ੍ਰਿੰਟਿੰਗ ਪ੍ਰੈੱਸ ‘ਚ ਕਰਦੇ ਨੇ ਕੰਮ

ਅੰਸ਼ਿਕਾ ਦੇ ਪਿਤਾ ਅਮਿਤ ਰਾਏ ਪ੍ਰਿੰਟਿੰਗ ਪ੍ਰੈੱਸ ਵਿੱਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ, ਜਦਕਿ ਉਸਦੀ ਮਾਂ ਹਾਊਸਵਾਈਫ਼ ਹੈ। ਅੰਸ਼ਿਕਾ ਦਾ ਇੱਕ 13 ਸਾਲਾ ਭਰਾ ਵੀ ਹੈ, ਜੋ ਉਸੇ ਨਾਲ 9ਵੀਂ ਜਮਾਤ ਵਿੱਚ ਪੜ੍ਹਦਾ ਹੈ। ਜਿਸ ਧੀ ਨੂੰ ਪਰਿਵਾਰ ਨੇ ਅਗਲੇ ਦਿਨ ਬਠਿੰਡਾ ਵਿੱਚ ਸਟੇਟ ਲੈਵਲ ਮੈਚ ਖੇਡਣ ਲਈ ਭੇਜਣਾ ਸੀ, ਉਸਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।



News Source link