West Bengal election : ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਨੂੰ ਵੱਡਾ ਝਟਕਾ ਲੱਗਾ ਹੈ। ਫਾਲਟਾ ਵਿਧਾਨ ਸਭਾ ਸੀਟ ਲਈ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਉਮੀਦਵਾਰ ਜਹਾਂਗੀਰ ਖਾਨ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਹੈ।
ਚੋਣ ਕਮਿਸ਼ਨ ਨੇ ਚੋਣ ਧੋਖਾਧੜੀ ਦੇ ਦੋਸ਼ਾਂ ਤੋਂ ਬਾਅਦ ਇਸ ਹਲਕੇ ਲਈ ਉਪ-ਚੋਣ ਦਾ ਐਲਾਨ ਕੀਤਾ ਸੀ ਅਤੇ ਵੋਟਿੰਗ 21 ਮਈ ਨੂੰ ਹੋਣੀ ਹੈ। ਜਹਾਂਗੀਰ ਖਾਨ ਦੇ ਅਚਾਨਕ ਚੋਣ ਮੈਦਾਨ ਤੋਂ ਹਟਣ ਨਾਲ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਈ ਸਿਆਸੀ ਮੁਸ਼ਕਲਾਂ ਵੱਧ ਸਕਦੀਆਂ ਹਨ।
‘ਪੁਸ਼ਪਾ ਝੁਕੇਗਾ ਨਹੀਂ ਸਾਲਾ’ ਕਹਿ ਚਰਚਾ ‘ਚ ਆਏ ਜਹਾਂਗੀਰ ਖਾਨ
ਪੱਛਮੀ ਬੰਗਾਲ ਦੀ ਫਾਲਟਾ ਵਿਧਾਨ ਸਭਾ ਸੀਟ ਤੋਂ Jahangir Khan ਇੱਕ ਸਮੇਂ ਆਪਣੇ “ਪੁਸ਼ਪਾ” ਸਟਾਈਲ ਡਾਇਲਾਗ ਕਰਕੇ ਕਾਫੀ ਚਰਚਾ ਵਿੱਚ ਆਏ ਸਨ। ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੇ ਫਿਲਮ Pushpa: The Rise ਦਾ ਮਸ਼ਹੂਰ ਡਾਇਲਾਗ “ਪੁਸ਼ਪਾ ਝੁਕੇਗਾ ਨਹੀਂ ਸਾਲਾ” ਬੋਲਿਆ ਸੀ, ਜੋ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਇਆ ਸੀ।
ਉਨ੍ਹਾਂ ਦੇ ਇਸ ਅੰਦਾਜ਼ ਨੂੰ ਵੇਖ ਕੇ ਇਹ ਨਹੀਂ ਲੱਗਦਾ ਸੀ ਕਿ ਵੋਟਿੰਗ ਤੋਂ ਕੇਵਲ ਦੋ ਦਿਨ ਪਹਿਲਾਂ ਹੀ ਉਹ ਅਚਾਨਕ ਚੋਣ ਮੈਦਾਨ ਤੋਂ ਹਟ ਜਾਣਗੇ। ਹੁਣ ਉਨ੍ਹਾਂ ਦੇ ਇਸ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ ਅਤੇ ਪੁੱਛ ਰਹੇ ਹਨ ਕਿ “ਪੁਸ਼ਪਾ ਵਾਲੇ ਤੇਵਰ ਇੰਨੀ ਜਲਦੀ ਕਿਵੇਂ ਢਿੱਲੇ ਪੈ ਗਏ?”
ਪੁਸ਼ਪਾ ਹੁਣ ਮੇਰੀ ਜ਼ਿੰਮੇਵਾਰੀ ਹੈ : ਸ਼ੁਭੇਂਦੂ ਅਧਿਕਾਰੀ
ਜਹਾਂਗੀਰ ਖਾਨ ਵੱਲੋਂ ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ Suvendu Adhikari ਨੇ ਚੇਤਾਵਨੀ ਦਿੰਦਿਆਂ ਕਿਹਾ ਸੀ ਕਿ “ਪੁਸ਼ਪਾ ਦਾ ਮਾਮਲਾ ਹੁਣ ਮੈਂ ਨਿੱਜੀ ਤੌਰ ‘ਤੇ ਸੰਭਾਲਾਂਗਾ।” ਉਨ੍ਹਾਂ ਕਿਹਾ ਸੀ,
“ਪੁਸ਼ਪਾ ਹੁਣ ਮੇਰੀ ਜ਼ਿੰਮੇਵਾਰੀ ਹੈ।”
ਕਲਕੱਤਾ ਹਾਈ ਕੋਰਟ ‘ਚ ਦਿੱਤੀ ਸੀ ਪਟੀਸ਼ਨ
ਜਹਾਂਗੀਰ ਖਾਨ ਨੇ 18 ਮਈ 2026 ਨੂੰ ਕਲਕੱਤਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬੰਗਾਲ ਪੁਲਿਸ ਵੱਲੋਂ ਕਿਸੇ ਵੀ ਦਮਨਾਤਮਕ ਕਾਰਵਾਈ ਤੋਂ ਸੁਰੱਖਿਆ ਦੀ ਮੰਗ ਕੀਤੀ ਸੀ। ਟੀਐਮਸੀ ਨੇਤਾ ਨੇ ਆਰੋਪ ਲਾਇਆ ਕਿ ਉਨ੍ਹਾਂ ਖ਼ਿਲਾਫ਼ ਲਗਾਤਾਰ ਨਵੇਂ ਅਪਰਾਧਿਕ ਮਾਮਲੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਵਕੀਲ ਨੇ ਅਦਾਲਤ ਵਿੱਚ ਕਿਹਾ ਕਿ ਹਰ ਰੋਜ਼ ਨਵੇਂ ਕੇਸ ਲਗਾਏ ਜਾ ਰਹੇ ਹਨ ਅਤੇ ਦਰਜ ਕੀਤੀਆਂ ਗਈਆਂ FIR ਦੀ ਜਾਣਕਾਰੀ ਜਨਤਕ ਕੀਤੀ ਜਾਣੀ ਚਾਹੀਦੀ ਹੈ।
29 ਅਪ੍ਰੈਲ ਨੂੰ ਹੋਈ ਸੀ ਵੋਟਿੰਗ
ਫਾਲਟਾ ਵਿਧਾਨ ਸਭਾ ਸੀਟ ਲਈ 29 ਅਪ੍ਰੈਲ ਨੂੰ ਦੂਜੇ ਚਰਨ ਦੌਰਾਨ ਵੋਟਿੰਗ ਹੋਈ ਸੀ। ਉਸ ਦਿਨ ਕਈ ਬੂਥਾਂ ‘ਤੇ ਧਾਂਧਲੀ ਦੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਸਨ। ਆਰੋਪ ਸੀ ਕਿ ਭਾਜਪਾ ਦੇ ਉਮੀਦਵਾਰਾਂ ਦੇ ਨਾਮ ਅਤੇ ਚੋਣ ਨਿਸ਼ਾਨ ਵਾਲੇ EVM ਬਟਨਾਂ ‘ਤੇ ਚਿੱਟੀ ਟੇਪ ਲਗਾਈ ਗਈ ਸੀ। ਇਸ ਤੋਂ ਬਾਅਦ ਵਿਸ਼ੇਸ਼ ਚੋਣ ਪਰਵੇਖਕ ਸੁਬਰਤ ਗੁਪਤਾ ਨੇ ਖੁਦ ਫਾਲਟਾ ਦਾ ਦੌਰਾ ਕਰਕੇ ਜਾਂਚ ਕੀਤੀ।
ਜਾਂਚ ਰਿਪੋਰਟ ਦੇ ਆਧਾਰ ‘ਤੇ ਭਾਰਤੀ ਚੋਣ ਕਮਿਸ਼ਨ ਨੇ ਪੂਰੇ ਫਾਲਟਾ ਵਿਧਾਨ ਸਭਾ ਖੇਤਰ ਵਿੱਚ ਦੁਬਾਰਾ ਵੋਟਿੰਗ ਦੇ ਹੁਕਮ ਜਾਰੀ ਕੀਤੇ। ਹੁਣ ਇੱਥੇ 21 ਮਈ ਨੂੰ ਮੁੜ ਵੋਟਿੰਗ ਹੋਵੇਗੀ ਅਤੇ ਨਤੀਜੇ 24 ਮਈ ਨੂੰ ਐਲਾਨੇ ਜਾਣਗੇ।
ਹੋਰ ਪੜ੍ਹੋ