Gurdaspur News : ਜ਼ਿਲ੍ਹਾ ਗੁਰਦਾਸਪੁਰ (Gurdaspur ) ਦੇ ਪਿੰਡ ਘੁਮਾਣ ਦੇ ਨਜ਼ਦੀਕੀ ਪਿੰਡ ਬੋਹਜਾ ਦੇ ਨੌਜਵਾਨ ਗੁਰਸੇਵਕ ਸਿੰਘ (Gursewak Singh ) ਦੀ ਮ੍ਰਿਤਕ ਦੇਹ ਅੱਜ 8 ਮਹੀਨਿਆਂ ਬਾਅਦ ਉਸ ਦੇ ਜੱਦੀ ਪਿੰਡ ਪਹੁੰਚੀ ਹੈ। 25 ਸਾਲਾ ਗੁਰਸੇਵਕ ਸਿੰਘ ਦੀ ਰੂਸ-ਯੂਕਰੇਨ ਜੰਗ ਦੌਰਾਨ ਮੌਤ ਹੋ ਗਈ ਸੀ। ਅੱਜ ਪਿੰਡ ਬੋਹਜਾ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਉਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਪੂਰੇ ਪਿੰਡ ਵਿਚ ਮਾਤਮ ਪਸਰ ਗਿਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਗੁਰਸੇਵਕ ਸਿੰਘ ਦੀ ਚਿਖ਼ਾ ਨੂੰ ਅਗਨੀ ਉਸ ਦੇ ਛੋਟੇ ਭਰਾ ਗੁਰਬਾਜ ਸਿੰਘ ਨੇ ਭੇਟ ਕੀਤੀ। ਇਸ ਮੌਕੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲੀ।
ਧੱਕੇ ਨਾਲ ਫੌਜ ਵਿੱਚ ਭਰਤੀ ਕਰਨ ਦਾ ਇਲਜ਼ਾਮ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮ੍ਰਿਤਕ ਦੇ ਚਾਚੇ ਕੁਲਵਿੰਦਰ ਸਿੰਘ ਅਤੇ ਬਲਾਕ ਸੰਮਤੀ ਮੈਂਬਰ ਮੁਖਤਾਰ ਸਿੰਘ ਬੋਹਜਾ ਨੇ ਦੱਸਿਆ ਕਿ ਗੁਰਸੇਵਕ ਰੋਜ਼ੀ-ਰੋਟੀ ਕਮਾਉਣ ਲਈ ਕੁਝ ਸਾਲ ਪਹਿਲਾਂ ਵਰਕ ਪਰਮਿਟ ’ਤੇ ਜਰਮਨ ਗਿਆ ਸੀ। ਬਾਅਦ ਵਿੱਚ ਉਹ ਰੂਸ ਪਹੁੰਚ ਗਿਆ, ਜਿੱਥੇ ਪਰਿਵਾਰ ਅਨੁਸਾਰ ਉਸ ਨੂੰ ਧੱਕੇ ਨਾਲ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ।
ਸਤੰਬਰ 2025 ਤੋਂ ਉਹ ਲਾਪਤਾ ਸੀ ਅਤੇ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਸੀ। 6 ਤਰੀਕ ਨੂੰ ਪਰਿਵਾਰ ਨੂੰ ਉਸ ਦੀ ਸ਼ਹਾਦਤ ਦੀ ਖ਼ਬਰ ਮਿਲੀ, ਜਿਸ ਤੋਂ ਬਾਅਦ ਅੱਜ ਦਿੱਲੀ ਏਅਰਪੋਰਟ ਰਾਹੀਂ ਉਸ ਦੀ ਮ੍ਰਿਤਕ ਦੇਹ ਪਿੰਡ ਲਿਆਂਦੀ ਗਈ।
ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਗੁਰਸੇਵਕ ਦੇ ਪਿਤਾ ਸੁਖਵਿੰਦਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਰਿਵਾਰ ਦੀ ਆਰਥਿਕ ਹਾਲਤ ਬਹੁਤ ਗੰਭੀਰ ਹੈ। ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਕੇਂਦਰ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ