Abohar News: ਪੰਜਾਬ ਵਿੱਚ ਲਗਾਤਾਰ ਧਮਾਕਿਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਲੁਧਿਆਣਾ ਤੋਂ ਬਾਅਦ ਹੁਣ ਅਬੋਹਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਕਾਰਨ ਲੋਕਾਂ ਵਿਚਾਲੇ ਚੀਕ-ਚਿਹਾੜਾ ਪੈ ਗਿਆ। ਦਰਅਸਲ, ਅਬੋਹਰ ਦੇ ਪਟੇਲ ਪਾਰਕ ਨੇੜੇ ਬੀਤੀ ਸ਼ਾਮ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਇੱਕ ਜ਼ਬਰਦਸਤ ਧਮਾਕੇ ਦੀ ਆਵਾਜ਼ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਧਮਾਕਾ ਇੰਨਾ ਭਿਆਨਕ ਸੀ ਕਿ ਲੋਕ ਆਪਣੇ ਘਰਾਂ ਅਤੇ ਦੁਕਾਨਾਂ ‘ਚੋਂ ਬਾਹਰ ਆ ਗਏ। ਮੌਕੇ ‘ਤੇ ਦੇਖਿਆ ਗਿਆ ਕਿ ਗਲੀ ‘ਚ ਚਾਰੇ ਪਾਸੇ ਧੂੰਆਂ ਫੈਲਿਆ ਹੋਇਆ ਸੀ ਅਤੇ ਇੱਕ ਅਜੀਬ ਕਿਸਮ ਦੀ ਦੁਰਗੰਧ ਆ ਰਹੀ ਸੀ।
1 ਔਰਤ ਅਤੇ ਵਿਅਕਤੀ ਸਣੇ 3 ਲੋਕ ਬੁਰੀ ਤਰ੍ਹਾਂ ਝੁਲਸੇ
ਇਸ ਹਾਦਸੇ ‘ਚ ਰੋਟੀ-ਸਬਜ਼ੀ ਬਣਾਉਣ ਵਾਲੀ ਇੱਕ ਦੁਕਾਨ, ਉਸ ਦੇ ਸਾਹਮਣੇ ਵਾਲੀ ਦੁਕਾਨ, ਇੱਕ ਘਰ ਅਤੇ ਆਲੇ-ਦੁਆਲੇ ਦੀਆਂ ਹੋਰ ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਘਰ ਦੇ ਬਾਹਰ ਬਣੀ ਕਰਿਆਨੇ ਦੀ ਦੁਕਾਨ ਸਣੇ ਹੋਰ ਦੁਕਾਨਾਂ ਦਾ ਸਾਰਾ ਸਮਾਨ ਅੱਗ ਦੀ ਲਪੇਟ ‘ਚ ਆ ਗਿਆ। ਇਸ ਅੱਗ ਕਾਰਨ ਘਰ ਦੀ ਇੱਕ ਔਰਤ ਅਤੇ ਇੱਕ ਹੋਰ ਵਿਅਕਤੀ ਸਣੇ 3 ਲੋਕ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਿੱਥੇ ਕੁੱਝ ਲੋਕ ਇਸ ਨੂੰ ਸਿਲੰਡਰ ਦਾ ਧਮਾਕਾ ਦੱਸ ਰਹੇ ਹਨ, ਉੱਥੇ ਹੀ ਦੁਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਿਲੰਡਰ ਪਹਿਲਾਂ ਹੀ ਹਟਾ ਕੇ ਉੱਪਰ ਰੱਖ ਦਿੱਤੇ ਸਨ। ਸਥਾਨਕ ਲੋਕਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਇਹ ਧਮਾਕਾ ਕਿਸੇ ਵਿਸਫੋਟਕ ਸਮੱਗਰੀ (ਸ਼ਾਇਦ ਪੋਟਾਸ਼) ਦਾ ਹੋ ਸਕਦਾ ਹੈ, ਜੋ ਉਕਤ ਦੁਕਾਨ ‘ਚ ਮੌਜੂਦ ਸੀ।
ਫਿਲਹਾਲ ਸਰਕਾਰੀ ਹਸਪਤਾਲ ਅਬੋਹਰ ਦੇ ਐੱਸ. ਐੱਸ. ਓ. ਸੁਰੇਸ਼ ਕੰਬੋਜ ਨੇ ਪੁਸ਼ਟੀ ਕੀਤੀ ਕਿ ਇਸ ਹਾਦਸੇ ‘ਚ ਤਿੰਨ ਲੋਕ ਫੱਟੜ ਹੋਏ ਹਨ। ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਰੈਫ਼ਰ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚੋਂ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ