Raghav Chadha Security Row: ਆਮ ਆਦਮੀ ਪਾਰਟੀ (AAP) ਅਤੇ ਇਸਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਵਿਚਕਾਰ ਵਿਵਾਦ ਹੋਰ ਵੀ ਵਧ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਚੱਢਾ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪੰਜਾਬ ਦੇ ਸਹਿ-ਇੰਚਾਰਜ, ਸੰਸਦ ਮੈਂਬਰ ਅਤੇ ਰਾਜ ਸਭਾ ਦੇ ਡਿਪਟੀ ਲੀਡਰ ਹੋਣ ਦੇ ਨਾਤੇ, ਚੱਢਾ ਨੂੰ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਦਾਨ ਕੀਤੀ ਸੀ।
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਨੇਤਾ ਸੌਰਭ ਭਾਰਦਵਾਜ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਕਿ ਰਾਘਵ ਚੱਢਾ ਨੂੰ ਕੇਂਦਰ ਸਰਕਾਰ ਨੇ ਜ਼ੈੱਡ-ਪਲੱਸ ਸੁਰੱਖਿਆ ਦਿੱਤੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੇਂਦਰ ਸਰਕਾਰ ਰਾਘਵ ਚੱਢਾ ਉੱਪਰ ਇੰਨੀ ਮੇਹਰਬਾਨ ਕਿਉਂ ਹੈ। ਹਾਲਾਂਕਿ, ਚੱਢਾ ਦੇ ਨਜ਼ਦੀਕੀ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਕੇਂਦਰ ਸਰਕਾਰ ਤੋਂ ਸੁਰੱਖਿਆ ਨਹੀਂ ਮਿਲੀ ਹੈ।
ਹਾਲਾਂਕਿ, ਉਨ੍ਹਾਂ ਨੂੰ ਜਲਦੀ ਹੀ ਕੇਂਦਰੀ ਸੁਰੱਖਿਆ ਮਿਲ ਸਕਦੀ ਹੈ। ਉਦੋਂ ਤੱਕ, ਉਨ੍ਹਾਂ ਨੂੰ ਦਿੱਲੀ ਪੁਲਿਸ ਦੀ ਸੁਰੱਖਿਆ ਪ੍ਰਦਾਨ ਕੀਤੀ ਜਾ ਸਕਦੀ ਹੈ। 2 ਹਫ਼ਤੇ ਪਹਿਲਾਂ, ‘ਆਪ’ ਨੇ ਰਾਘਵ ਚੱਢਾ ਨੂੰ ਰਾਜ ਸਭਾ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ ਅਤੇ ਇਹ ਅਹੁਦਾ ਇੱਕ ਹੋਰ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਦੇ ਦਿੱਤਾ ਸੀ। ਉਦੋਂ ਤੋਂ ਹੀ ‘ਆਪ’ ਅਤੇ ਰਾਘਵ ਚੱਢਾ ਵਿਚਕਾਰ ਬਹੁਤ ਬਿਆਨਬਾਜ਼ੀ ਵੀ ਚੱਲੀ।
ਡਿਪਟੀ ਲੀਡਰ ਤੋਂ ਹਟਾਇਆ ਗਿਆ
ਆਮ ਆਦਮੀ ਪਾਰਟੀ ਨੇ 2 ਅਪ੍ਰੈਲ ਨੂੰ, ਰਾਘਵ ਚੱਢਾ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ। ਪੰਜਾਬ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਨੂੰ ਉਨ੍ਹਾਂ ਦੇ ਅਹੁਦੇ ‘ਤੇ ਨਿਯੁਕਤ ਕੀਤਾ ਗਿਆ। ‘ਆਪ’ ਨੇ ਰਾਜ ਸਭਾ ਸਕੱਤਰੇਤ ਨੂੰ ਸੂਚਿਤ ਕੀਤਾ ਕਿ ਰਾਘਵ ਚੱਢਾ ਨੂੰ ਹੁਣ ਸਦਨ ਵਿੱਚ ਬੋਲਣ ਲਈ ਪਾਰਟੀ ਦੇ ਕੋਟੇ ਤੋਂ ਸਮਾਂ ਨਹੀਂ ਦਿੱਤਾ ਜਾਣਾ ਚਾਹੀਦਾ।
ਰਾਘਵ ਬੋਲੇ- “ਮੈਨੂੰ ਖਾਮੋਸ਼ ਕੀਤਾ ਗਿਆ ਹੈ, ਪਰ ਮੈਂ ਹਾਰਿਆ ਨਹੀਂ ਹਾਂ”
ਚੱਢਾ ਨੇ ਇਸ ਉੱਪਰ ਆਪਣੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ, “ਮੈਨੂੰ ਖਾਮੋਸ਼ ਕਰਵਾਇਆ ਗਿਆ ਹੈ, ਪਰ ਮੈਂ ਹਾਰਿਆ ਨਹੀਂ ਹਾਂ। ਜਿਨ੍ਹਾਂ ਲੋਕਾਂ ਨੇ ਸੰਸਦ ਵਿੱਚ ਬੋਲਣ ਦਾ ਮੇਰਾ ਅਧਿਕਾਰ ਖੋਹ ਲਿਆ ਅਤੇ ਮੈਨੂੰ ਖਾਮੋਸ਼ ਕਰਵਾ ਦਿੱਤਾ, ਮੈਂ ਉਨ੍ਹਾਂ ਨੂੰ ਕੁਝ ਕਹਿਣਾ ਚਾਹੁੰਦਾ ਹਾਂ। ਮੇਰੀ ਖਾਮੋਸ਼ੀ ਨੂੰ ਮੇਰੀ ਹਾਰ ਨਾ ਸਮਝ ਲੈਣਾ। ਮੈਂ ਇੱਕ ਦਰਿਆ ਹਾਂ, ਜੋ ਸਮਾਂ ਆਉਣ ‘ਤੇ ਹੜ੍ਹ ਬਣ ਜਾਂਦਾ ਹੈ।”
ਹੋਰ ਪੜ੍ਹੋ