Ropar News: ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਵਿੱਚ ਰਾਤ ਦੀ ਗਸ਼ਤ ਦੌਰਾਨ ਇੱਕ ਸੜਕ ਹਾਦਸੇ ਵਿੱਚ ਪੁਲਿਸ ਕਾਂਸਟੇਬਲ ਜਸਵੰਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦਾ ਸਾਥੀ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਗੰਭੀਰ ਜ਼ਖਮੀ ਹੋ ਗਿਆ। ਇਹ ਘਟਨਾ 3 ਜਨਵਰੀ ਨੂੰ ਰਾਤ 11:30 ਵਜੇ ਦੇ ਕਰੀਬ ਵਾਪਰੀ।
ਦਰੱਖਤ ਨਾਲ ਇੰਝ ਟਕਰਾਈ ਕਾਰ
ਪੁਲਿਸ ਵੱਲੋਂ ਦਰਜ ਕੀਤੀ ਐੱਫ਼.ਆਈ.ਆਰ. ਅਨੁਸਾਰ ਜ਼ਖ਼ਮੀ ਪੁਲਿਸ ਮੁਲਾਜ਼ਮ ਸੁਖਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਹਜਾਰਾ ਨੇ ਬਿਆਨ ਦਿੱਤਾ ਕਿ 3 ਜਨਵਰੀ ਦੀ ਰਾਤ ਉਹ ਆਪਣੇ ਸਾਥੀ ਸੀਨੀਅਰ ਕਾਂਸਟੇਬਲ ਜਸਵੰਤ ਸਿੰਘ ਦੇ ਨਾਲ ਰਾਤ ਕਰੀਬ 11.30 ਵਜੇ ਨਾਈਟ ਗਸ਼ਤ ਸਬੰਧੀ ਪ੍ਰਾਈਵੇਟ ਕਾਰ ਵਿਚ ਸਵਾਰ ਹੋ ਕੇ ਹਿਆਤਪੁਰ ਮਾਰਕੀਟ ਤੋਂ ਨੂਰਪੁਰਬੇਦੀ ਵਾਪਸ ਆ ਰਹੇ ਸਨ, ਜਦੋਂ ਉਹ ਜੱਟਪੁਰ ਤੋਂ ਅੱਗੇ ਸਤਸੰਗ ਘਰ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਚਿੱਟੇ ਰੰਗ ਦੀ ਕਾਰ ਨੇ ਉਨ੍ਹਾਂ ਦੀ ਕਾਰ ਨਾਲ ਟੱਕਰ ਮਾਰ ਦਿੱਤੀ ਜਿਸ ਕਾਰਨ ਪੁਲਿਸ ਦੀ ਗੱਡੀ ਬੇਕਾਬੂ ਹੋ ਕੇ ਸੜਕ ਕੰਢੇ ਦਰੱਖਤ ਨਾਲ ਜਾ ਟਕਰਾਈ।
ਰਾਹਗੀਰ ਮੌਕੇ ’ਤੇ ਇਕੱਠੇ ਹੋ ਗਏ
ਇਸ ਹਾਦਸੇ ਵਿਚ ਪੁਲਿਸ ਮੁਲਾਜ਼ਮ ਜਸਵੰਤ ਸਿੰਘ ਗੱਡੀ ’ਚ ਫਸ ਗਿਆ ਜਦਕਿ ਦੂਜਾ ਸਾਥੀ ਸੁਖਵਿੰਦਰ ਸਿੰਘ ਕਿਸੇ ਤਰ੍ਹਾਂ ਗੱਡੀ ਤੋਂ ਬਾਹਰ ਆ ਗਿਆ। ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਰਾਹਗੀਰ ਮੌਕੇ ’ਤੇ ਇਕੱਠੇ ਹੋ ਗਏ। ਜ਼ਖ਼ਮੀ ਪੁਲਸ ਮੁਲਾਜ਼ਮਾਂ ਨੂੰ ਤੁਰੰਤ ਇਲਾਜ ਲਈ ਗੁਰਦੇਵ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਸਵੰਤ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦਕਿ ਸੁਖਵਿੰਦਰ ਸਿੰਘ ਨੂੰ ਇਲਾਜ ਲਈ ਦਾਖਲ ਕਰ ਲਿਆ ਗਿਆ।
ਜਸਵੰਤ ਸਿੰਘ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ ਹੈ। ਪੁਲਸ ਨੇ ਅਣਪਛਾਤੇ ਕਾਰ ਚਾਲਕ ਵਿਰੁੱਧ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਆਈ. ਓ. ਇੰਸਪੈਕਟਰ ਬਲਵੀਰ ਚੰਦ ਨੇ ਦੱਸਿਆ ਕਿ ਫਰਾਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਜਿਸ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ