ਗੁਰਨਾਮ ਸਿੰਘ ਅਕੀਦਾ
ਪਟਿਆਲਾ, 9 ਅਪਰੈਲ
ਇਥੇ ਥਾਪਰ ਯੂਨੀਵਰਸਿਟੀ ਦੇ ‘ਥਾਪਰ ਸਕੂਲ ਆਫ ਲਿਬਰਲ ਆਰਟਸ ਐਂਡ ਸਾਇੰਸਜ਼’ ਵਿੱਚ ਕਰਾਏ ਸਿੰਪੋਜ਼ੀਅਮ ’ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੀ ਆਰਥਿਕਤਾ ਬਾਰੇ ਵਿਦਵਾਨਾਂ ਨੇ ਚਰਚਾ ਕੀਤੀ। ਈਗਰੋ ਫਾਊਂਡੇਸ਼ਨ ਦੇ ਚੇਅਰਮੈਨ ਪ੍ਰੋ. ਚਰਨ ਸਿੰਘ ਨੇ ਕਿਹਾ ਪੰਜਾਬ ਬਹੁ-ਪਰਤੀ ਤੇ ਬਹੁ-ਦਿਸ਼ਾਵੀ ਸੰਕਟ ਵਿੱਚ ਫਸ ਚੁੱਕਾ ਹੈ। ਇਸ ਦੇ ਹੱਲ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨੂੰ ਇਕਜੁੱਟ ਹੋ ਕੇ ਕਾਰਜ ਕਰਨਾ ਹੋਵੇਗਾ।
ਸੰਵਾਦ ਦੇ ਮੁੱਖ ਪ੍ਰਬੰਧਕ ਪ੍ਰੋ. ਲਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਬਾਕੀ ਸੂਬਿਆਂ ਦੇ ਮੁਕਾਬਲੇ ਲਗਾਤਾਰ ਹੇਠਾਂ ਡਿੱਗ ਰਹੀ ਹੈ। ਇੰਡੀਅਨ ਇੰਸਟੀਚਿਊਟ ਮੈਨੇਜਮੈਂਟ ਵੱਲੋਂ ਪ੍ਰੋ. ਸੁਖਪਾਲ ਸਿੰਘ ਨੇ ਕਿਹਾ ਪੰਜਾਬ ਦੇ ਖੇਤੀਬਾੜੀ ਸੈਕਟਰ ਨੂੰ ਸੰਕਟ ’ਚੋਂ ਕੱਢਣ ਲਈ ਸੱਤਾਧਾਰੀ ਖੇਮੇ ’ਚ ਸਮਝ ਦੀ ਘਾਟ ਨਜ਼ਰ ਆ ਰਹੀ ਹੈ।
ਕਰਿੱਡ ਦੇ ਸਾਬਕਾ ਡਾਇਰੈਕਟਰ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਸਿਆਸੀ ਲੋਕਾਂ ਦੀ ਵੋਟਾਂ ਦੀ ਰਾਜਨੀਤੀ ਤੇ ਸਿਆਸੀ ਇੱਛਾ ਸ਼ਕਤੀ ਦੀ ਘਾਟ ਪੰਜਾਬ ਨੂੰ ਹੋਰ ਸੰਕਟ ਵਿੱਚ ਪਾ ਰਹੀ ਹੈ। ਪ੍ਰੋ. ਜਗਰੂਪ ਸਿੰਘ ਸੇਖੋਂ ਨੇ ਕਿਹਾ ਕਿ ਸਿਆਸਤਦਾਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਪ੍ਰੋ. ਕੁਲਦੀਪ ਸਿੰਘ ਨੇ ਕਿਹਾ ਕਿ ਸਕੂਲ ਸਿੱਖਿਆ ’ਚ ਕਈ ਤਜਰਬੇ ਕੀਤੇ ਗਏ ਪਰ ਕਿਸੇ ਨੇ ਵੀ ਸਿੱਖਿਆ ਨੂੰ ਸੰਕਟ ’ਚੋਂ ਨਹੀਂ ਕੱਢਿਆ। ਪ੍ਰੋ. ਹਰਲੀਨ ਕੌਰ ਨੇ ਕਿਹਾ ਕਿ ਪੰਜਾਬ ਅਜਿਹਾ ਸੂਬਾ ਹੈ, ਜਿਥੋਂ ਵਿਦੇਸ਼ ਗਏ ਨੌਜਵਾਨਾਂ ਦਾ ਕੋਈ ਅੰਕੜਾ ਨਹੀਂ ਹੈ। ਇਸ ਪਰਵਾਸ ਦਾ ਬੁਨਿਆਦੀ ਕਾਰਨ ਆਰਥਿਕ ਸਥਿਤੀਆਂ ਤੇ ਬੇਰੁਜ਼ਗਾਰੀ ਹੈ। ਪ੍ਰੋ. ਜੈਪ੍ਰਕਾਸ਼ ਮਿਸ਼ਰਾ ਨੇ ਕਿਹਾ ਕਿ ਜਿਹੜੇ ਪਰਿਵਾਰਾਂ ਦੇ ਬੱਚੇ ਪਰਵਾਸ ਕਰ ਗਏ ਉਨ੍ਹਾਂ ਦੇ ਬਜ਼ੁਰਗ ਇਕਲਾਪੇ ਤੇ ਆਰਥਿਕ ਤੰਗੀਆਂ ’ਚੋਂ ਗੁਜ਼ਰ ਰਹੇ ਹਨ। ਇਸੇ ਦੌਰਾਨ ਪ੍ਰੋ. ਬਲਦੇਵ ਸਿੰਘ ਸ਼ੇਰਗਿੱਲ ਨੇ ਵੀ ਵਿਚਾਰ ਰੱਖੇ। ਡਾ. ਦੀਪਿੰਦਰ ਸਿੰਘ ਨੇ ਪੰਜਾਬ ਦੀ ਕਮਜ਼ੋਰ ਹੁੰਦੀ ਜਾ ਰਹੀ ਆਰਥਿਕਤਾ ਬਾਰੇ ਗੱਲ ਕੀਤੀ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ ਦੀ ਸਥਿਤੀ ਬਹੁਤੀ ਚੰਗੀ ਨਹੀਂ ਹੈ। ਪ੍ਰੋ. ਗੁਰਪ੍ਰੀਤ ਸਿੰਘ ਨੇ ਪੰਜਾਬ ਦੇ ਪਾਣੀ ਦੇ ਸੰਕਟ ਨੂੰ ਉਭਾਰਿਆ। ਪ੍ਰੋ. ਆਰਐੱਸ ਸਿੱਧੂ ਨੇ ਹਰੀ ਕ੍ਰਾਂਤੀ ’ਚ ਹੋਈਆਂ ਨਵੀਆਂ ਖੋਜਾਂ ਦੀ ਗੱਲ ਕੀਤੀ ਪਰ ਹੁਣ ਫੰਡਾਂ ਦੀ ਘਾਟ ਕਾਰਨ ਖੇਤੀ ਖੋਜਾਂ ਖ਼ਾਤਮੇ ਵਲ ਵਧ ਰਹੀਆਂ ਹਨ। ਪ੍ਰੋ. ਕੇਸਰ ਸਿੰਘ ਭੰਗੂ ਨੇ ਵਿਸ਼ਵ ਤਬਦੀਲੀਆਂ ਦੇ ਸੰਦਰਭ ’ਚ ਪੰਜਾਬ ਦੇ ਆਰਥਿਕ ਸੰਕਟ ਬਾਰੇ ਵਿਚਾਰ ਰੱਖੇ।
The post ਪੰਜਾਬ ਦੀ ਆਰਥਿਕਤਾ ਬਾਰੇ ਸਿਰ ਜੋੜ ਕੇ ਬੈਠੇ ਵਿਦਵਾਨ appeared first on Punjabi Tribune.
News Source link
#ਪਜਬ #ਦ #ਆਰਥਕਤ #ਬਰ #ਸਰ #ਜੜ #ਕ #ਬਠ #ਵਦਵਨ