ਪੱਤਰ ਪ੍ਰੇਰਕ
ਕਾਦੀਆਂ, 29 ਮਾਰਚ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਵਿਧਾਨ ਸਭਾ ਹਲਕਾ ਦੇ ਅਧੀਨ ਪੈਂਦੇ ਕਸਬਾ ਕਾਹਨੂੰਵਾਨ ਵਿੱਚ ਇਕ ਮਸਜਿਦ ਢਾਹੁਣ ਦਾ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਧਾਰਮਿਕ ਆਜ਼ਾਦੀ ’ਤੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਅਤੇ ‘ਆਪ’ ਨੇ ਘੱਟ ਗਿਣਤੀਆਂ ਨਾਲ ਧੋਖਾ ਕੀਤਾ ਹੈ। ਪਵਿਤਰ ਰਮਜ਼ਾਨ ਦੇ ਦਿਨ ਮੁਸਲਮਾਨਾਂ ਨਾਲ ਅਜਿਹੀ ਹਰਕਤ ਕਰਨਾ ਘਟੀਆ ਰਾਜਨੀਤੀ ਹੈ। ਦੂਜੇ ਪਾਸੇ ਡੀਐੱਸਪੀ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਇਹ ਸੁੰਨਸਾਨ ਜਗ੍ਹਾ ਸੀ ਜਿਸ ਦੀ ਸਫ਼ਾਈ ਕਰਵਾਈ ਗਈ ਹੈ। ਕੋਈ ਬਿਲਡਿੰਗ ਢਾਹੀ ਨਹੀਂ ਗਈ ਹੈ। ਕਾਹਨੂੰਵਾਨ ਦੇ ਸਰਪੰਚ ਨੇ ਕਿਹਾ ਹੈ ਕਿ ਸਾਫ਼ ਸਫ਼ਾਈ ਦਾ ਕੰਮ ਕਰਵਾਇਆ ਗਿਆ ਹੈ। ਜਦਕਿ ਮੁਸਲਿਮ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਮਸਜਿਦ ਢਾਹੀ ਗਈ ਹੈ।