ਲਖਨਊ/ਬਰੇਲੀ, 7 ਮਾਰਚ
ਲਖਨਊ ਈਦਗਾਹ ਦੇ ਇਮਾਮ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਾਲੀ ਨੇ ਮੁਸਲਮਾਨਾਂ ਨੂੰ ਅਗਲੇ ਸ਼ੁੱਕਰਵਾਰ ਨੂੰ ਹੋਲੀ ਵਾਲੇ ਦਿਨ ਦੂਰ-ਦੁਰਾਡੇ ਜਾਣ ਦੀ ਬਜਾਏ ਆਪਣੇ ਇਲਾਕੇ ਦੀ ਮਸਜਿਦ ਵਿੱਚ ਹੀ ਨਮਾਜ਼ ਅਦਾ ਕਰਨ ਦੀ ਸਲਾਹ ਦਿੱਤੀ ਹੈ। ਮੌਲਾਨਾ ਖਾਲਿਦ ਰਸ਼ੀਦ ਨੇ ਕਿਹਾ ਕਿ ਜਿਨ੍ਹਾਂ ਮਸਜਿਦਾਂ ਵਿੱਚ ਆਮ ਤੌਰ ’ਤੇ ਦੁਪਹਿਰ 12.30 ਵਜੇ ਤੋਂ 1 ਵਜੇ ਦੇ ਵਿਚਕਾਰ ਜੁਮੇ ਦੀ ਨਮਾਜ਼ ਅਦਾ ਕੀਤੀ ਜਾਂਦੀ ਹੈ, ਉਥੇ ਇਹ ਨਮਾਜ਼ ਬਾਅਦ ਦੁਪਹਿਰ 2 ਵਜੇ ਤੱਕ ਮੁਲਤਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ‘ਇਸ ਸਾਲ ਰਮਜ਼ਾਨ ਦਾ ਦੂਜਾ ਜੁਮਾ 14 ਮਾਰਚ ਨੂੰ ਹੈ, ਜਿਸ ਦਿਨ ਹੋਲੀ ਵੀ ਮਨਾਈ ਜਾਵੇਗੀ। ਇਸ ਲਈ ਮੁਸਲਮਾਨ ਨਮਾਜ਼ ਲਈ ਦੂਰ-ਦੁਰਾਡੇ ਦੀ ਮਸਜਿਦ ਵਿੱਚ ਜਾਣ ਦੀ ਜਗ੍ਹਾ ਆਪਣੇ ਇਲਾਕੇ ਦੀ ਮਸਜਿਦ ਵਿੱਚ ਹੀ ਨਮਾਜ਼ ਅਦਾ ਕਰਨ।’ ਇਮਾਮ ਨੇ ਦੱਸਿਆ ਕਿ ਅਗਲੇ ਸ਼ੁੱਕਰਵਾਰ ਲਖਨਊ ਦੀ ਜਾਮਾ ਮਸਜਿਦ ਈਦਗਾਹ ’ਚ ਨਮਾਜ਼ ਦੁਪਹਿਰ 12.45 ਵਜੇ ਦੀ ਬਜਾਏ ਬਾਅਦ ਦੁਪਹਿਰ 2 ਵਜੇ ਅਦਾ ਕੀਤੀ ਜਾਵੇਗੀ। -ਪੀਟੀਆਈ