ਸਾਸਨ(ਗੁਜਰਾਤ), 3 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਮਵਾਰ ਨੂੰ ਨੈਸ਼ਨਲ ਬੋਰਡ ਫਾਰ ਵਾਈਲਡ ਲਾਈਫ (NBWL) ਦੀ 7ਵੀਂ ਮੀਟਿੰਗ ਵਿੱਚ ਜਾਰੀ ਕੀਤੇ ਗਏ ਦੇਸ਼ ਦੇ ਪਹਿਲੇ ਨਦੀ ਡੌਲਫਿਨ ਅਨੁਮਾਨ ਦੀ ਰਿਪੋਰਟ ਮੁਤਾਬਕ ਭਾਰਤੀ ਨਦੀਆਂ ਵਿਚ 6,327 ਡੌਲਫਿਨ ਹਨ।
ਸ੍ਰੀ ਮੋਦੀ ਨੇ ਜੰਗਲੀ ਜੀਵ ਦਿਵਸ ਮੌਕੇ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਦੇ ਸਾਸਨ ਵਿਚ ਨੈਸ਼ਨਲ ਬੋਰਡ ਫਾਰ ਵਾਈਲਡ ਲਾਈਫ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਅਧਿਕਾਰਤ ਰਿਲੀਜ਼ ਮੁਤਾਬਕ ਬੈਠਕ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਜਾਰੀ ਅਨੁਮਾਨ ਰਿਪੋਰਟ ਮੁਤਾਬਕ ਭਾਰਤੀ ਨਦੀਆਂ ਵਿੱਚ 6,327 ਡੌਲਫਿਨਾਂ ਹਨ। ਇਸ ਰਿਪੋਰਟ ਵਿੱਚ ਅੱਠ ਰਾਜਾਂ ’ਚ 28 ਦਰਿਆਵਾਂ ਦਾ ਸਰਵੇਖਣ ਸ਼ਾਮਲ ਸੀ, ਜਿਸ ਵਿੱਚ 8,500 ਕਿਲੋਮੀਟਰ ਤੋਂ ਵੱਧ ਨੂੰ ਕਵਰ ਕਰਨ ਲਈ 3,150 ਮਨੁੱਖੀ-ਦਿਨ ਲੱਗੇ।
ਡੌਲਫਿਨਾਂ ਦੀ ਸਭ ਤੋਂ ਵੱਧ ਗਿਣਤੀ ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੀ ਗਈ। ਦੂਜਾ ਨੰਬਰ ਬਿਹਾਰ ਤੇ ਉਸ ਤੋਂ ਬਾਅਦ ਪੱਛਮੀ ਬੰਗਾਲ ਅਤੇ ਅਸਾਮ ਹਨ। ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਸਥਾਨਕ ਆਬਾਦੀ ਤੇ ਪਿੰਡਾਂ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਡੌਲਫਿਨ ਦੀ ਸੰਭਾਲ ਪ੍ਰਤੀ ਜਾਗਰੂਕਤਾ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਡੌਲਫਿਨ ਨਿਵਾਸ ਸਥਾਨਾਂ ਵਿੱਚ ਸਕੂਲੀ ਬੱਚਿਆਂ ਲਈ ਐਕਸਪੋਜ਼ਰ ਵਿਜ਼ਿਟ ਦਾ ਆਯੋਜਨ ਕਰਨ ਦੀ ਵੀ ਸਲਾਹ ਦਿੱਤੀ। -ਪੀਟੀਆਈ