Page not found – Punjabi Tribune

Must read


ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ
ਭਾਰਤੀ ਸਿਨੇਮਾ ਦੀ ਖ਼ੂਬਸੂਰਤ ਅਭਿਨੇਤਰੀ ਮਧੂਬਾਲਾ ਨੂੰ ਬਹੁਤ ਸ਼ੁਹਰਤ ਮਿਲੀ, ਪਰ ਸੁੱਖ, ਖ਼ੁਸ਼ੀ ਅਤੇ ਸਕੂਨ ਦੇ ਪਲ ਉਸ ਦੇ ਜੀਵਨ ਵਿੱਚੋਂ ਗਾਇਬ ਰਹੇ। ਉਹ ਬਹੁਤ ਘੱਟ ਸਮਾਂ ਹੀ ਜਿਊਂ ਸਕੀ। ਉਸ ਦੀ 36 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਸ ਨੂੰ ਸਾਰੀ ਉਮਰ ਕਦੀ ਆਰਥਿਕ ਦੁਸ਼ਵਾਰੀਆਂ ਅਤੇ ਕਦੇ ਸਰੀਰਕ ਕਸ਼ਟਾਂ ਦਾ ਸੰਤਾਪ ਝੱਲਣਾ ਪਿਆ। ਭਾਵਨਾਤਮਕ ਸੱਟਾਂ ਨੇ ਉਸ ਦਾ ਹਿਰਦਾ ਛਲਣੀ ਕਰ ਦਿੱਤਾ ਸੀ। 14 ਫਰਵਰੀ 1933 ਨੂੰ ਜਨਾਬ ਅਤਾਉੱਲਾ ਖ਼ਾਨ ਦੇਹਲਵੀ ਅਤੇ ਬੀਬੀ ਆਇਸ਼ਾ ਬੇਗ਼ਮ ਦੇ ਘਰ ਜਨਮੀ ਮੁਮਤਾਜ਼ ਜਹਾਂ ਦੇਹਲਵੀ ਉਰਫ਼ ਮਧੂਬਾਲਾ ਆਪਣੇ ਗਿਆਰਾਂ ਭੈਣ-ਭਰਾਵਾਂ ਵਿੱਚੋਂ ਪੰਜਵੀਂ ਸੰਤਾਨ ਸੀ। ਪਿਤਾ ਦਾ ਕੰਮਕਾਜ ਵਧੀਆ ਸੀ ਤੇ ਪਰਿਵਾਰ ਦਾ ਗੁਜ਼ਾਰਾ ਸੁਖ਼ਾਲਾ ਚੱਲਦਾ ਸੀ, ਪਰ ਬਾਅਦ ਵਿੱਚ ਉਸ ਦੇ ਪਿਤਾ ਦਾ ਕਾਰੋਬਾਰ ਘਾਟੇ ’ਚ ਚਲਾ ਗਿਆ ਤੇ ਗੱਲ ਅਮੀਰੀ ਤੋਂ ਗ਼ਰੀਬੀ ਤੇ ਫਿਰ ਗ਼ਰੀਬੀ ਤੋਂ ਫਾਕਿਆਂ ਵੱਲ ਨੂੰ ਤੁਰ ਪਈ।
ਮਧੂਬਾਲਾ ਕੇਵਲ ਅੱਠ ਵਰ੍ਹਿਆਂ ਦੀ ਸੀ ਜਦੋਂ ਉਸ ਨੂੰ ਤੰਗੀਆਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਹ ਗਾਉਂਦੀ ਬੜਾ ਵਧੀਆ ਸੀ ਤੇ ਉਸ ਦੇ ਅੱਬਾ ਦੇ ਇੱਕ ਦੋਸਤ ਨੇ ਸਲਾਹ ਦਿੱਤੀ ਕਿ ‘‘’ਬੇਟੀ ਨੂੰ ਮੁੰਬਈ ਲੈ ਜਾਓ ਤੇ ਫਿਲਮਾਂ ’ਚ ਗੀਤ ਰਿਕਾਰਡ ਕਰਵਾਓ। ਇਸ ਦੀ ਆਵਾਜ਼ ਬਹੁਤ ਸੁਰੀਲੀ ਹੈ। ਇਸ ਨਾਲ ਤੁਹਾਡੇ ਘਰ ਵਿੱਚ ਪੈਸਿਆਂ ਦੀ ਵੀ ਤੰਗੀ ਨਹੀਂ ਰਹੇਗੀ।’’ ਇਹ ਸਲਾਹ ਮੰਨ ਕੇ ਉਹ ਅੱਠ ਵਰ੍ਹਿਆਂ ਦੀ ਮਧੂਬਾਲਾ ਨੂੰ ਲੈ ਕੇ ਵੱਖ-ਵੱਖ ਫਿਲਮ ਕੰਪਨੀਆਂ ਦੇ ਦਰਵਾਜ਼ੇ ਖੜਕਾਉਣ ਲੱਗ ਪਏ ਤੇ ਅਖ਼ੀਰ 1942 ਵਿੱਚ ਮਧੂਬਾਲਾ ਨੂੰ ਬਤੌਰ ਗਾਇਕਾ ਫਿਲਮ ‘ਬਸੰਤ’ ਮਿਲ ਗਈ। ਵਧੀਆ ਗੱਲ ਇਹ ਹੋਈ ਕਿ ਉਸ ਨੂੰ ਇਸ ਫਿਲਮ ਵਿੱਚ ਬਤੌਰ ਬਾਲ ਅਦਾਕਾਰਾ ਵੀ ਲੈ ਲਿਆ ਗਿਆ। ਇੰਜ ਸੁਰਾਂ ਦੀ ਅਤੇ ਅਦਾਕਾਰੀ ਦੀ ਸਾਂਝ ਪਾਉਂਦਿਆਂ ਮਧੂਬਾਲਾ ਨੇ ਭਾਰਤੀ ਸਿਨਮਾ ਵਿੱਚ ਕਦਮ ਰੱਖ ਲਏ।
ਉਸ ਨੇ ਬਤੌਰ ਬਾਲ ਅਦਾਕਾਰਾ ਅਤੇ ਗਾਇਕਾ ‘ਮੁਮਤਾਜ਼’ (1944), ‘ਧੰਨਾ ਭਗਤ’ (1945), ‘ਪੁਜਾਰੀ’ (1946) ਅਤੇ ‘ਰਾਜਪੂਤਾਨੀ’ (1946) ਸਮੇਤ ਕੁਝ ਹੋਰ ਫਿਲਮਾਂ ਕੀਤੀਆਂ ਜੋ ਕਾਫ਼ੀ ਸਫਲ ਰਹੀਆਂ। ਅੱਠ ਵਰ੍ਹਿਆਂ ਦੀ ਜਿਸ ਬੱਚੀ ਨੂੰ ਖਿਡੌਣਿਆਂ ਅਤੇ ਗੁੱਡੀਆਂ-ਪਟੋਲਿਆਂ ਨਾਲ ਖੇਡਣਾ ਚਾਹੀਦਾ ਸੀ, ਉਸ ਵਿਚਾਰੀ ਨੂੰ ਦਿਨ-ਰਾਤ ਸ਼ੂਟਿੰਗ ਅਤੇ ਰਿਕਾਰਡਿੰਗ ਜਿਹੇ ਥਕਾ ਦੇਣ ਵਾਲੇ ਕੰਮਾਂ ਵਿਚ ਸ਼ਾਮਲ ਹੋਣਾ ਪੈ ਰਿਹਾ ਸੀ ਤਾਂ ਕਿ ਪਰਿਵਾਰ ਨੂੰ ਪੈਸਾ ਮਿਲ ਸਕੇ। ਇੰਜ ਮਧੂਬਾਲਾ ਬਚਪਨ ਨੂੰ ਹੰਢਾਅ ਹੀ ਨਾ ਪਾਈ ਤੇ ਰੋਜ਼ੀ-ਰੋਟੀ ਲਈ ਮੁਸ਼ੱਕਤ ਕਰਦਿਆਂ ਉਸ ਦਾ ਬਚਪਨ ਕਦੋਂ ਖੰਭ ਲਾ ਕੇ ਉੱਡ ਗਿਆ, ਉਸ ਨੂੰ ਪਤਾ ਵੀ ਨਾ ਲੱਗਾ।


14 ਵਰ੍ਹਿਆਂ ਦੀ ਮਧੂਬਾਲਾ ਨੇ ਅਜੇ ਜਵਾਨੀ ਦੀ ਦਹਿਲੀਜ਼ ’ਤੇ ਕਦਮ ਰੱਖਿਆ ਹੀ ਸੀ ਕਿ ਉਸ ਦੀ ਖ਼ੂਬਸੂਰਤੀ ਅਤੇ ਅਦਾਕਾਰੀ ਤੋਂ ਪ੍ਰਭਾਵਿਤ ਹੋ ਕੇ ਅਦਾਕਾਰ-ਨਿਰਮਾਤਾ ਸੋਹਰਾਬ ਮੋਦੀ ਨੇ ਆਪਣੀ ਫਿਲਮ ‘ਦੌਲਤ’ ਲਈ ਉਸ ਨੂੰ ਸਾਈਨ ਕਰ ਲਿਆ। ਕੁਝ ਦਿਨ ਦੀ ਸ਼ੂਟਿੰਗ ਤੋਂ ਬਾਅਦ ਕਿਸੇ ਕਾਰਨ ਇਹ ਫਿਲਮ ਅਜਿਹੀ ਰੁਕੀ ਕਿ ਮੁੜ ਸ਼ੁਰੂ ਨਾ ਹੋ ਸਕੀ। ਮਧੂਬਾਲਾ ਨੂੰ ਫਿਰ ਲੱਗਿਆ ਕਿ ਬਦਕਿਸਮਤੀ ਉਸ ਦਾ ਇਮਤਿਹਾਨ ਲੈ ਰਹੀ ਹੈ, ਪਰ ਇਸ ਦੌਰਾਨ ਫਿਲਮ ਨਿਰਦੇਸ਼ਕ ਕੇਦਾਰ ਸ਼ਰਮਾ ਨੇ ਉਸ ਨੂੰ ਰਾਜ ਕਪੂਰ ਦੇ ਨਾਲ ਫਿਲਮ ‘ਨੀਲ ਕਮਲ’ ਲਈ ਲੈ ਲਿਆ ਤੇ 24 ਮਾਰਚ, 1947 ਨੂੰ ਰਿਲੀਜ਼ ਹੋਈ ਇਹ ਫਿਲਮ ਸਫਲ ਰਹੀ। ਇਸ ਫਿਲਮ ਦੀ ਸਟਾਰਕਾਸਟ ਵਿੱਚ ਉਸ ਦਾ ਨਾਂ ‘ਮੁਮਤਾਜ਼’ ਵਜੋਂ ਪੇਸ਼ ਕੀਤਾ ਗਿਆ ਸੀ। ਪੈਸੇ ਦੀ ਤੰਗੀ ਨਾਲ ਜੂਝ ਰਹੀ ਮੁਮਤਾਜ਼ ਨੇ ਇਸ ਫਿਲਮ ਦੀ ਕਾਮਯਾਬੀ ਮਗਰੋਂ ਇੱਕੋ ਵਾਰ 24 ਫਿਲਮਾਂ ਸਾਈਨ ਕਰ ਲਈਆਂ। ਉਸ ਵੇਲੇ ਦੀ ਨਾਮਵਰ ਅਦਾਕਾਰਾ ਦੇਵਿਕਾ ਰਾਣੀ ਨੇ ਉਸ ਨੂੰ ‘ਮੁਮਤਾਜ਼’ ਦੀ ਥਾਂ ‘ਮਧੂਬਾਲਾ’ ਦਾ ਸਕਰੀਨ ਨਾਂ ਰੱਖਣ ਦੀ ਸਲਾਹ ਦਿੱਤੀ ਸੀ ਜੋ ਉਸ ਨੇ ਤੁਰੰਤ ਮੰਨ ਲਈ ਤੇ ਇੰਜ ਉਹ ਮੁਮਤਾਜ਼ ਤੋਂ ਮਧੂਬਾਲਾ ਬਣ ਗਈ।
ਕੇਵਲ 36 ਵਰ੍ਹਿਆਂ ਦੀ ਉਮਰ ਵਿੱਚ ਇਸ ਜਹਾਨ ਨੂੰ ਛੱਡਣ ਤੋਂ ਪਹਿਲਾਂ ਉਹ 73 ਦੇ ਕਰੀਬ ਹਿਟ ਫਿਲਮਾਂ ਭਾਰਤੀ ਸਿਨੇਮਾ ਦੀ ਝੋਲੀ ਪਾ ਗਈ ਜਿਨ੍ਹਾਂ ਵਿੱਚ ‘ਅਮਰ ਪ੍ਰੇਮ’, ‘ਦੌਲਤ’, ‘ਦੁਲਾਰੀ’, ‘ਮਹਿਲ’, ‘ਝੁਮਰੂ’, ‘ਪਾਸਪੋਰਟ’, ‘ਬਾਦਲ’, ‘ਬਰਸਾਤ ਕੀ ਰਾਤ’ ਅਤੇ ‘ਮੁਗਲੇ ਆਜ਼ਮ’ ਆਦਿ ਦੇ ਨਾਂ ਪ੍ਰਮੁੱਖ ਸਨ। ਉਸ ਦੇ ਜਿਊਂਦੇ ਜੀਅ ਰਿਲੀਜ਼ ਹੋਈ ਉਸ ਦੀ ਆਖ਼ਰੀ ਫਿਲਮ ‘ਸ਼ਰਾਬੀ’ ਸੀ ਜੋ 1964 ਵਿੱਚ ਰਿਲੀਜ਼ ਹੋਈ ਸੀ। ਉਸ ਦੇ ਦੇਹਾਂਤ ਦੇ ਦੋ ਸਾਲ ਬਾਅਦ 1971 ਵਿੱਚ ਉਸ ਦੀ ਐਕਸ਼ਨ-ਭਰਪੂਰ ਫਿਲਮ ‘ਜਵਾਲਾ’ ਰਿਲੀਜ਼ ਹੋਈ ਸੀ। ਉਸ ਨੇ ਬਤੌਰ ਨਿਰਮਾਤਰੀ-‘ਨਾਤਾ’, ‘ਮਹਿਲੋਂ ਕੇ ਖ਼ੁਆਬ’ ਅਤੇ ‘ਪਠਾਨ’ ਆਦਿ ਫਿਲਮਾਂ ਵੀ ਬਣਾਈਆਂ ਸਨ। ਉਸ ਨੂੰ ਫਿਲਮ ‘ਮੁਗ਼ਲੇ ਆਜ਼ਮ’ ਵਿੱਚ ਪੇਸ਼ ਕੀਤੀ ਗਈ ਜ਼ਬਰਦਸਤ ਅਦਾਕਾਰੀ ਲਈ ਸਰਬੋਤਮ ਅਦਾਕਾਰਾ ਦੇ ਫਿਲਮਫੇਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।
ਮਧੂਬਾਲਾ ਦੀ ਬਦਕਿਸਮਤੀ ਇਹ ਰਹੀ ਕਿ ਆਪਣੇ ਪਰਿਵਾਰ ਨੂੰ ਸੰਭਾਲਣ ਦੇ ਚੱਕਰ ’ਚ ਉਹ ਨਾ ਤਾਂ ਬਚਪਨ ਚੰਗੀ ਤਰ੍ਹਾਂ ਬਿਤਾ ਪਾਈ ਤੇ ਨਾ ਹੀ ਉਸ ਨੂੰ ਜਵਾਨੀ ਨੂੰ ਮਾਣਨ ਦਾ ਮੌਕਾ ਮਿਲਿਆ। ਉਸ ਦਾ ਅੱਬਾ ਸੁਭਾਅ ਦਾ ਬੜਾ ਸਖ਼ਤ ਸੀ ਤੇ ਉਸ ਨੇ ਮਧੂਬਾਲਾ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕਰ ਰੱਖੀਆਂ ਸਨ। ਉਹ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰੀ ਜਾ ਰਹੀ ਸੀ ਤੇ ਪੈਸੇ ਕਮਾਈ ਜਾ ਰਹੀ ਸੀ, ਪਰ ਖ਼ੁਸ਼ੀਆਂ ਨੂੰ ਮਾਣਨਾ ਤੇ ਆਪਣੇ ਹਿੱਸੇ ਦਾ ਜੀਵਨ ਆਪਣੀ ਮਨਮਰਜ਼ੀ ਅਨੁਸਾਰ ਜਿਊਣਾ ਉਸ ਨੂੰ ਕਦੇ ਨਹੀਂ ਮਿਲਿਆ।
ਇੱਕ ਦਿਨ ਉਸ ਨੂੰ ਅਦਾਕਾਰ ਯੂਸਫ਼ ਖ਼ਾਨ ਉਰਫ਼ ਦਿਲੀਪ ਕੁਮਾਰ ਨਾਲ ਫਿਲਮ ‘ਤਰਾਨਾ’ ਕਰਨ ਦਾ ਮੌਕਾ ਮਿਲਿਆ ਤੇ ਦੋਵਾਂ ਦੇ ਜਵਾਨ ਜਜ਼ਬਾਤਾਂ ਨੇ ਇੱਕ ਦੂਜੇ ਦੇ ਦਿਲਾਂ ਦੇ ਦਰਵਾਜ਼ਿਆਂ ’ਤੇ ਜਾ ਦਸਤਕ ਦਿੱਤੀ। ਮੁਹੱਬਤ ਸ਼ੁਰੂ ਹੋਈ ਅਤੇ ਹੌਲੀ ਹੌਲੀ ਪਰਵਾਨ ਚੜ੍ਹਨ ਲੱਗੀ। ਮਧੂਬਾਲਾ ਦੇ ਅੱਬਾ ਨੂੰ ਇਸ ਰਿਸ਼ਤੇ ਤੋਂ ਥੋੜ੍ਹੀ ਤਲਖ਼ੀ ਹੋਣ ਲੱਗੀ ਤੇ ਉਸ ਨੇ ਮਧੂਬਾਲਾ ਨੂੰ ਡਾਂਟਣਾ ਸ਼ੁਰੂ ਕਰ ਦਿੱਤਾ। ਦਿਲੀਪ ਕੁਮਾਰ ਤੇ ਮਧੂਬਾਲਾ ਦਾ ਰੁਮਾਂਸ ਨੌਂ ਸਾਲ ਚੱਲਦਾ ਰਿਹਾ, ਪਰ ਉਨ੍ਹਾਂ ਦੇ ਨਿਕਾਹ ਲਈ ਦੋਵਾਂ ਦੇ ਪਰਿਵਾਰ ਸਹਿਮਤ ਨਹੀਂ ਸਨ। ਇਸ ਦੌਰਾਨ ਫਿਲਮਸਾਜ਼ ਬੀ.ਆਰ. ਚੋਪੜਾ ਨੇ ਆਪਣੀ ਮਹੱਤਵਪੂਰਨ ਫਿਲਮ ‘ਨਯਾ ਦੌਰ’ ਲਈ ਦਿਲੀਪ ਕੁਮਾਰ ਤੇ ਮਧੂਬਾਲਾ ਦੀ ਜੋੜੀ ਨੂੰ ਲੈ ਕੇ ਫਿਲਮ ਸ਼ੁਰੂ ਕਰ ਦਿੱਤੀ। ਇਸ ਫਿਲਮ ਦਾ 40 ਦਿਨਾਂ ਦਾ ਸ਼ੂਟਿੰਗ ਸ਼ੈਡਿਊਲ ਭੂਪਾਲ ਵਿਖੇ ਰੱਖ ਦਿੱਤਾ ਗਿਆ ਜਿਸ ਨਾਲ ਇੱਕ ਰੱਟਾ ਪੈ ਗਿਆ। ਮਧੂਬਾਲਾ ਦੇ ਪਿਤਾ ਚਾਹੁੰਦੇ ਸਨ ਕਿ ਫਿਲਮ ਦੀ ਸ਼ੂਟਿੰਗ ਭੂਪਾਲ ਦੀ ਥਾਂ ਮੁੰਬਈ ਵਿੱਚ ਹੀ ਸੈੱਟ ਲਗਾ ਕੇ ਕਰ ਲਈ ਜਾਵੇ ਜਦੋਂ ਕਿ ਚੋਪੜਾ ਸਾਹਿਬ ਭੂਪਾਲ ਜਾਣ ਲਈ ਬਜ਼ਿੱਦ ਸਨ। ਝਗੜਾ ਇਸ ਕਦਰ ਵਧ ਗਿਆ ਕਿ ਚੋਪੜਾ ਸਾਹਿਬ ਨੇ ਮਧੂਬਾਲਾ ਨੂੰ ਫਿਲਮ ’ਚੋਂ ਕੱਢ ਕੇ ਵੈਜੰਤੀਮਾਲਾ ਨੂੰ ਲੈ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਮਧੂਬਾਲਾ ਨੂੰ ਦਿੱਤੀ 30 ਹਜ਼ਾਰ ਰੁਪਏ ਦੀ ਸਾਈਨਿੰਗ ਰਾਸ਼ੀ ਵਾਪਸ ਕਰਨ ਦਾ ਕਾਨੂੰਨੀ ਨੋਟਿਸ ਦੇ ਦਿੱਤਾ ਜਿਸ ਨੂੰ ਵਾਪਸ ਕਰਨ ਤੋਂ ਮਧੂਬਾਲਾ ਦੇ ਪਿਤਾ ਨੇ ਸਾਫ਼ ਇਨਕਾਰ ਕਰ ਦਿੱਤਾ ਤੇ ਮਾਮਲਾ ਅਦਾਲਤ ’ਚ ਚਲਾ ਗਿਆ ਜਿੱਥੇ ਦਿਲੀਪ ਕੁਮਾਰ ਨੇ ਸੱਚ ਦਾ ਸਾਥ ਦਿੰਦਿਆਂ ਮਧੂਬਾਲਾ ਅਤੇ ਉਸ ਦੇ ਪਿਤਾ ਦੇ ਖ਼ਿਲਾਫ਼ ਬਿਆਨ ਦੇ ਦਿੱਤਾ ਤੇ ਮਧੂਬਾਲਾ ਕੇਸ ਹਾਰ ਗਈ। ਇਸ ਹਾਰ ਨੇ ਦਿਲੀਪ ਕੁਮਾਰ ਅਤੇ ਮਧੂਬਾਲਾ ਦਰਮਿਆਨ ਮੁਹੱਬਤ ਦੇ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ। ਇਸ ਗ਼ਮ ਵਿੱਚ ਉਹ ਅੰਦਰੋਂ-ਅੰਦਰੀ ਰੋਗਣ ਹੋ ਗਈ।
ਮਧੂਬਾਲਾ ਦੇ ਵਲੂੰਧਰੇ ਗਏ ਜਜ਼ਬਾਤ ਅਜੇ ਠੀਕ ਨਹੀਂ ਸੀ ਹੋਏ ਕਿ ਉਹ ਵੱਡੇ ਰੋਗ ਦਾ ਸ਼ਿਕਾਰ ਬਣ ਗਈ। ਉਸ ਦੇ ਦਿਲ ਵਿੱਚ ਛੇਕ ਹੋਣ ਦਾ ਪਤਾ ਲੱਗਿਆ ਤੇ ਖ਼ੂਨ ਨਾਲ ਸਬੰਧਿਤ ਇੱਕ ਬਿਮਾਰੀ ਵੀ ਨਿਕਲ ਆਈ। ਮੁਹੱਬਤ ਟੁੱਟਣ ਦੇ ਦਰਦ ਦੇ ਨਾਲ ਹੁਣ ਦੇਹ ਦਾ ਦਰਦ ਵੀ ਉਸ ਦਾ ਮੁਕੱਦਰ ਬਣ ਗਿਆ। 1960 ਵਿੱਚ ਮਧੂਬਾਲਾ ਨੇ ਅਦਾਕਾਰ ਤੇ ਗਾਇਕ ਕਿਸ਼ੋਰ ਕੁਮਾਰ ਨਾਲ ਵਿਆਹ ਕਰ ਲਿਆ। ਉਸ ਨੇ ਸੋਚਿਆ ਸੀ ਕਿ ਸ਼ਾਇਦ ਕਿਸ਼ੋਰ ਨਾਲ ਵਿਆਹ ਕਰਕੇ ਉਸ ਦਾ ਦੁੱਖਾਂ ਤੇ ਪਰੇਸ਼ਾਨੀਆਂ ਤੋਂ ਪਿੱਛਾ ਛੁੱਟ ਜਾਵੇਗਾ, ਪਰ ਕਿਸ਼ੋਰ ਨਾਲ ਵੀ ਉਸ ਦੇ ਦਿਲ ਦੀ ਸਾਂਝ ਪੈ ਨਾ ਸਕੀ। ਉਸ ਦੀ ਸਰੀਰਕ ਹਾਲਤ ਨਿਰੰਤਰ ਵਿਗੜਦੀ ਗਈ ਤੇ ਅਖ਼ੀਰ 23 ਫਰਵਰੀ, 1969 ਨੂੰ ਉਸ ਦੀ ਮੌਤ ਹੋ ਗਈ।
ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਕਤ ਤੇ ਹਾਲਾਤ ਦੀ ਬਦਲੀ ਚਾਲ ਕਰਕੇ ਮਧੂਬਾਲਾ ਅਤੇ ਦਿਲੀਪ ਕੁਮਾਰ ਦੇ ਰਿਸ਼ਤਿਆਂ ਵਿੱਚ ਕੁੜੱਤਣ ਆ ਗਈ ਸੀ, ਪਰ ਇਸ ਦੇ ਬਾਵਜੂਦ ਫਿਲਮ ‘ਮੁਗ਼ਲੇ-ਆਜ਼ਮ’ ਵਿੱਚ ਇਸ ਜੋੜੀ ਨੂੰ ਇਕੱਠਿਆਂ ਸਾਈਨ ਕਰ ਲਿਆ। ਦਿਲੀਪ ਕੁਮਾਰ ਇਸ ਵਿੱਚ ਸ਼ਹਿਜ਼ਾਦਾ ਸਲੀਮ ਅਤੇ ਮਧੂਬਾਲਾ ਸਲੀਮ ਦੀ ਮੁਹੱਬਤ ‘ਅਨਾਰਕਲੀ’ ਦੀ ਭੂਮਿਕਾ ਵਿੱਚ ਸੀ। ਅਸਲ ਜ਼ਿੰਦਗੀ ਵਿੱਚ ਇੱਕ ਦੂਜੇ ਨਾਲ ਇੱਕ ਲਫ਼ਜ਼ ਵੀ ਸਾਂਝਾ ਕਰਨ ਤੋਂ ਮੁਨਕਰ ਹੋ ਚੁੱਕੇ ਦਿਲੀਪ ਅਤੇ ਮਧੂਬਾਲਾ ਨੇ ਫਿਲਮੀ ਪਰਦੇ ’ਤੇ ਦੋ ਪ੍ਰੇਮੀਆਂ ਦਰਮਿਆਨ ਮੁਹੱਬਤ ਦੀ ਇੰਤਹਾ ਨੂੰ ਪੇਸ਼ ਕੀਤਾ ਸੀ। ਇਸ ਫਿਲਮ ਵਿੱਚ ਅਨਾਰਕਲੀ ਦੀ ਸਲੀਮ ਨਾਲ ਅਧੂਰੀ ਰਹਿ ਗਈ ਮੁਹੱਬਤ ਦਾ ਦਰਦ ਮਧੂਬਾਲਾ ਨੇ ਬੜੀ ਸ਼ਿੱਦਤ ਨਾਲ ਪੇਸ਼ ਕੀਤਾ ਸੀ।
ਨਾਮਵਰ ਫਿਲਮ ਸੰਗੀਤ ਨਿਰਦੇਸ਼ਕ ਐੱਸ. ਮੁਹਿੰਦਰ ਦਾ ਕਹਿਣਾ ਸੀ ਕਿ ਬੇਸ਼ੱਕ ਮਧੂਬਾਲਾ ਦੀ ਜ਼ਿੰਦਗੀ ਦੁੱਖਾਂ ਤੇ ਤਕਲੀਫ਼ਾਂ ਦੀ ਲੰਮੀ ਦਾਸਤਾਨ ਹੈ, ਪਰ ਉਸ ਦਾ ਜੀਵਨ, ਮਨੁੱਖੀ ਜ਼ਿੰਦਗੀ ਵਿੱਚ ‘ਧਰਮ’ ਦੇ ਸਹੀ ਮਾਅਨੇ ਸਮਝਣ ਲਈ ਇੱਕ ਚਾਨਣ-ਮੁਨਾਰੇ ਦੀ ਤਰ੍ਹਾਂ ਹੈ। ਉਹ ਪਰਿਵਾਰਕ ਧਰਮ ਪੱਖੋਂ ਮੁਸਲਮਾਨ ਸੀ ਤੇ ਨਾਂ ਉਸ ਦਾ ਹਿੰਦੂਆਂ ਵਾਲਾ ਸੀ ਤੇ ਸਿੱਖ ਧਰਮ ਵਿੱਚ ਉਸ ਦੀ ਆਸਥਾ ਤੇ ਸ਼ਰਧਾ ਅਥਾਹ ਸੀ। ਉਹ ਧਰਮਾਂ, ਮਜ਼ਹਬਾਂ ਤੇ ਜਾਤਾਂ ਦੇ ਫ਼ਰਕ ਤੋਂ ਕਿਤੇ ਉੱਤੇ ਸੀ। ਐੱਸ. ਮੁਹਿੰਦਰ ਅਨੁਸਾਰ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਸਥਿਤ ਇੱਕ ਗੁਰਦੁਆਰਾ ਸਾਹਿਬ ਵਿਖੇ ਮਧੂਬਾਲਾ ਗੁਰੂ ਨਾਨਕ ਦੇਵ ਜੀ ਦੇ ਹਰੇਕ ਪ੍ਰਕਾਸ਼ ਪੁਰਬ ’ਤੇ ਲੰਗਰ ਦਾ ਸਾਰਾ ਖ਼ਰਚ ਚੁੱਕਿਆ ਕਰਦੀ ਸੀ ਤੇ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਲਈ ਚਾਹੇ ਉਹ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਗਈ ਹੋਵੇ, ਗੁਰਪੁਰਬ ਮੌਕੇ ਉਕਤ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਸੇਵਾ ਲਈ ਹਾਜ਼ਰ ਹੋ ਜਾਂਦੀ ਸੀ। ਉਸ ਦੀ ਮੌਤ ਤੋਂ ਬਾਅਦ ਉਕਤ ਗੁਰਦੁਆਰਾ ਸਾਹਿਬ ਵਿਖੇ ਹੀ ਉਸ ਦੀ ਆਤਮਿਕ ਸ਼ਾਂਤੀ ਲਈ ਪਾਠ ਦਾ ਭੋਗ ਪਾ ਕੇ ਅਰਦਾਸ ਕੀਤੀ ਗਈ ਸੀ। ਉਸ ਦੇ ਦੇਹਾਂਤ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਤੱਕ ਉਸ ਦਾ ਅੱਬਾ ਵੀ ਉਕਤ ਲੰਗਰ ਲਈ ਸੇਵਾ ਦਿੰਦਾ ਰਿਹਾ। ਉਸ ਦੇ ਪਿਤਾ ਦੇ ਇੰਤਕਾਲ ਮਗਰੋਂ ਸਬੰਧਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸੰਗਤ ਨੇ ਫੈਸਲਾ ਕੀਤਾ ਕਿ ਗੁਰੂ ਨਾਨਕ ਦੇਵ ਜੀ ਦੇ ਹਰੇਕ ਪ੍ਰਕਾਸ਼ ਪੁਰਬ ’ਤੇ ਲੱਗਦੇ ਲੰਗਰ ਲਈ ਮਧੂਬਾਲਾ ਦੇ ਨਾਂ ਦੀ ਹੀ ਅਰਦਾਸ ਕੀਤੀ ਜਾਵੇਗੀ ਤੇ ਇਹ ਪਰੰਪਰਾ ਅੱਜ ਵੀ ਜਾਰੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਉਸ ਦੇ ਪਰਸ ਵਿੱਚ ਫਾਰਸੀ ਜ਼ੁਬਾਨ ਵਿੱਚ ਛਪਿਆ ‘ਸ੍ਰੀ ਜਪੁਜੀ ਸਾਹਿਬ’ ਦਾ ਗੁਟਕਾ ਹੁੰਦਾ ਸੀ ਤੇ ਸਫ਼ਰ ਦੌਰਾਨ ਉਸ ਨੂੰ ਉਕਤ ਗੁਟਕੇ ਤੋਂ ਪਾਠ ਕਰਦਿਆਂ ਕਈ ਪ੍ਰਤੱਖਦਰਸ਼ੀਆਂ ਨੇ ਵੇਖਿਆ ਸੀ।
ਸੰਪਰਕ: 97816-46008

The post ਮਧੂਬਾਲਾ: ਖ਼ੂਬਸੂਰਤ ਮੁਸਕਾਨ, ਗ਼ਮਜ਼ਦਾ ਜੀਵਨ appeared first on Punjabi Tribune.



News Source link

- Advertisement -

More articles

- Advertisement -

Latest article