ਗੁਰਿੰਦਰ ਸਿੰਘ
ਲੁਧਿਆਣਾ, 16 ਫਰਵਰੀ
ਚੌਕ ਮਾਤਾ ਰਾਣੀ ਸਥਿਤ ਨਗਰ ਨਿਗਮ ਦੇ ਦਫ਼ਤਰ ਬਾਹਰ ਲੱਗੇ ਰਾਸ਼ਟ੍ਰਪਿਤਾ ਮਹਾਤਮਾ ਗਾਂਧੀ ਦੇ ਬੁੱਤ ਦੀ ਹਾਲਤ ਬਦ ਤੋਂ ਬੱਦਤਰ ਹੁੰਦੀ ਜਾ ਰਹੀ ਹੈ। ਬੁੱਤ ਨੇੜੇ ਲੱਗੇ ਕੂੜੇ ਤੇ ਗੰਦਗੀ ਦੇ ਢੇਰ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਨਿਸ਼ਾਨ ਲਾ ਰਹੇ ਹਨ। ਪ੍ਰਸ਼ਾਸਨ ਵੱਲੋਂ ਇਸ ਪਾਸੇ ਧਿਆਨ ਨਾ ਦਿੱਤੇ ਜਾਣ ਕਾਰਨ ਇਸ ਬੁੱਤ ਲਈ ਤਿਆਰ ਕੀਤਾ ਗਿਆ ਥੰਮ੍ਹ ਇਸ ਵੇਲੇ ਮੰਗਤਿਆਂ ਤੇ ਨਸ਼ੇੜੀਆਂ ਲਈ ਰੈਣ ਬਸੇਰਾ ਬਣਿਆ ਹੋਇਆ ਹੈ। ਸਾਰਾ ਦਿਨ ਇਥੇ ਮੰਗਤਿਆਂ ਦੀਆਂ ਗਠੜੀਆਂ ਪਈਆਂ ਰਹਿੰਦੀਆਂ ਹਨ ਤੇ ਹਰ ਵੇਲੇ ਇਥੇ ਨਸ਼ੇੜੀ ਬੈਠ ਕੇ ਬੀੜੀਆਂ ਫੂਕਦੇ ਦਿਖਾਈ ਦਿੰਦੇ ਹਨ।
ਨਗਰ ਨਿਗਮ ਦਫ਼ਤਰ ਆਉਣ ਵਾਲੇ ਨਗਰ ਨਿਗਮ ਦੇ ਮੇਅਰ, ਅਧਿਕਾਰੀ ਅਤੇ ਹੋਰ ਕੌਂਸਲਰ ਇਸ ਸਭ ਤੋਂ ਅਣਜਾਨ ਹਨ। ਉਹ ਮਹਾਤਮਾ ਗਾਂਧੀ ਦਾ ਗੁਣਗਾਨ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਬੁੱਤ ਲਾਗੇ ਲੱਗੇ ਗੰਦਗੀ ਅਤੇ ਕੂੜੇ ਕਰਕਟ ਦੇ ਢੇਰ ਨਜ਼ਰ ਨਹੀਂ ਆ ਰਹੇ। ਇਸ ਪੱਤਰਕਾਰ ਨੇ ਮਹਾਤਮਾ ਗਾਂਧੀ ਦੇ ਬੁੱਤ ਵਾਲੀ ਥਾਂ ਦਾ ਦੌਰਾ ਕਰ ਕੇ ਦੇਖਿਆ ਕਿ ਉੱਥੇ ਇਕ ਦਰਜਨ ਤੋਂ ਵੱਧ ਨਸ਼ੇੜੀ ਤੇ ਮੰਗਤੇ ਬੈਠੇ ਸਨ ਅਤੇ ਉਨ੍ਹਾਂ ਆਪਣਾ ਸਾਮਾਨ ਬੁੱਤ ਉੱਪਰ ਰੱਖਿਆ ਹੋਇਆ ਸੀ ਤੇ ਖ਼ੁਦ ਉਹ ਹੇਠਾਂ ਬੁੱਤ ਕੋਲ ਬੈਠ ਕੇ ਆਰਾਮ ਕਰ ਰਹੇ ਸਨ। ਬੁੱਤ ਵਾਲੀ ਥਾਂ ਦੇ ਹਰ ਪਾਸੇ ਗੰਦਗੀ ਫੈਲੀ ਹੋਈ ਹੈ ਤੇ ਨੱਕ ਸਾੜਵੀਂ ਬਦਬੂ ਹਰ ਵੇਲੇ ਉਥੇ ਰਾਹਗੀਰਾਂ ਨੂੰ ਤੰਗ ਕਰਦੀ ਹੈ। ਫਰਸ਼ ਦੀਆਂ ਟਾਈਲਾਂ ਵੀ ਥਾਂ ਥਾਂ ਤੋਂ ਟੁੱਟੀਆਂ ਹੋਈਆਂ ਸਨ ਤੇ ਉਨ੍ਹਾਂ ਵਿੱਚ ਟੋਏ ਪਏ ਹੋਏ ਸਨ।
ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਅਤੇ ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਇਸ ਸਾਰੇ ਮਾਮਲੇ ’ਤੇ ਦੁੱਖ ਪ੍ਰਗਟ ਕਰਦਿਆਂ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਮਹਾਤਮਾ ਗਾਂਧੀ ਦੇ ਬੁੱਤ ਦੀ ਤਰਸਯੋਗ ਹਾਲਤ ਵੱਲ ਜ਼ਰੂਰ ਧਿਆਨ ਦੇਣ। ਉਨ੍ਹਾਂ ਕਿਹਾ ਕਿ ਉਹ ਜਦੋਂ ਰੋਜ਼ਾਨਾ ਆਪਣੇ ਦਫ਼ਤਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਨਿਗਮ ਦਫ਼ਤਰ ਦੇ ਆਲੇ ਦੁਆਲੇ ਦੀ ਸਫ਼ਾਈ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਮਹਾਤਮਾ ਗਾਂਧੀ ਦੀ ਬਦੋਲਤ ਹੀ ਅੱਜ ਉਹ ਆਜ਼ਾਦੀ ਦਾ ਨਿੱਘ ਮਾਣ ਰਹੇ ਹਨ।
ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਨੂੰ ਜਿੱਥੇ ਕੇਂਦਰ ਸਰਕਾਰ ਵੱਲੋਂ ਸਮਾਰਟ ਸਿਟੀ ਵਜੋਂ ਚੁਣਿਆ ਗਿਆ ਹੈ ਉਥੇ ਨਗਰ ਨਿਗਮ ਦੇ ਦਫ਼ਤਰ ਬਾਹਰ ਲੱਗੇ ਗੰਦਗੀ ਦੇ ਢੇਰ ਸਮਾਰਟ ਸਿਟੀ ਨੂੰ ਮੂੰਹ ਚਿੜ੍ਹਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਦਫ਼ਤਰ ਬਾਹਰ ਜਿਸ ਤਰ੍ਹਾਂ ਮਹਾਤਮਾ ਗਾਂਧੀ ਦੇ ਬੁੱਤ ਦੀ ਬੇਕਦਰੀ ਹੋ ਰਹੀ ਹੈ ਉਹ ਨਗਰ ਨਿਗਮ ਲਈ ਸ਼ਰਮਨਾਕ ਹੈ। ਇਸ ਦੌਰਾਨ ਜਦੋਂ ਨਗਰ ਨਿਗਮ ਦੇ ਇੱਕ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਅੱਜ ਹੀ ਇਹ ਮਾਮਲਾ ਆਇਆ ਹੈ ਅਤੇ ਉਨ੍ਹਾਂ ਵੱਲੋਂ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸਦੀ ਹਾਲਤ ਸੁਧਾਰਨ ਲਈ ਕਾਰਵਾਈ ਕੀਤੀ ਜਾਵੇਗੀ।

The post ਨਿਗਮ ਦਫ਼ਤਰ ਬਾਹਰ ਲੱਗੇ ਮਹਾਤਮਾ ਗਾਂਧੀ ਦੇ ਬੁੱਤ ਦੀ ਹਾਲਤ ਬੱਦਤਰ appeared first on Punjabi Tribune.