20.4 C
Patiāla
Thursday, May 2, 2024

ਬਿਜਲੀ ਸੰਕਟ: ਲਹਿਰਾ ਮੁਹੱਬਤ ਤਾਪਘਰ ਦਾ ਦੂਜਾ ਯੂਨਿਟ ਵੀ ਬੰਦ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 14 ਮਈ

ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਲਈ ਅੱਜ ਸਰਕਾਰੀ ਖੇਤਰ ਹੇਠਲੇ ਸਭ ਤੋਂ ਵੱਡੇ ਤਾਪਘਰ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਲਹਿਰਾ ਮੁਹਬੱਤ ਦਾ ਇੱਕ ਹੋਰ ਯੂਨਿਟ ਬੰਦ ਹੋਣ ਜਾਣ ਮਗਰੋਂ ਸਮੱਸਿਆ ਹੋਰ ਗੰਭੀਰ ਹੋ ਗਈ ਹੈ। ਇਸ ਤਾਪਘਰ ਦਾ ਇੱਕ ਯੂਨਿਟ ਪਹਿਲਾਂ ਹੀ ਬੰਦ ਸੀ ਤੇ ਜਿਹੜੇ ਦੋ ਯੂਨਿਟ ਚੱਲ ਰਹੇ ਹਨ, ਉਹ ਵੀ ਸਮਰੱਥਾ ਨਾਲੋਂ ਘੱਟ ਬਿਜਲੀ ਪੈਦਾ ਕਰ ਰਹੇ ਹਨ। ਇਸੇ ਤਰ੍ਹਾਂ ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਟੀਐੱਸਪੀਐੱਲ ਦਾ 15 ਅਪਰੈਲ ਤੋਂ ਬੰਦ ਪਿਆ ਯੂਨਿਟ ਚਾਲੂ ਨਹੀਂ ਹੋ ਸਕਿਆ। ਇਸ ਤਾਪਘਰ ਵੱਲੋਂ ਆਪਣੀ ਸਮਰੱਥਾ ਨਾਲੋਂ ਅੱਧੇ ਤੋਂ ਵੀ ਘੱਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ, ਜਿਸ ਕਾਰਨ ਸੂਬੇ ਵਿੱਚ ਬਿਜਲੀ ਦਾ ਸੰਕਟ ਹੋਰ ਵਧਣ ਦਾ ਖਦਸ਼ਾ ਬਣ ਗਿਆ ਹੈ।

ਪ੍ਰਾਪਤ ਵੇਰਵਿਆਂ ਮੁਤਾਬਕ ਮਾਲਵਾ ਖੇਤਰ ਵਿੱਚ ਲੱਗੇ ਲਹਿਰਾ ਮੁਹੱਬਤ ਤਾਪਘਰ ਦੀ ਕੁੱਲ ਸਮਰੱਥਾ 920 ਮੈਗਾਵਾਟ ਦੀ ਹੈ, ਜਿਸ ਵਿੱਚੋਂ ਚੱਲ ਰਹੇ ਦੋਵੇਂ ਯੂਨਿਟ (3 ਤੇ 4) ਸਿਰਫ਼ 323 ਮੈਗਾਵਾਟ ਹੀ ਬਿਜਲੀ ਪੈਦਾ ਕਰ ਰਹੇ ਹਨ। ਉਧਰ, ਇਸ ਤਾਪਘਰ ਵਿੱਚ ਅਚਾਨਕ ਆਈ ਤਕਨੀਕੀ ਖ਼ਰਾਬੀ ਮਗਰੋਂ ਪਾਵਰਕੌਮ ਨੇ ਭੇਲ ਤੋਂ ਤਕਨੀਕੀ ਮਾਹਿਰਾਂ ਦੀ ਵਿਸ਼ੇਸ਼ ਟੀਮ ਸੱਦੀ ਹੈ। ਪਟਿਆਲਾ ਤੋਂ ਪਾਵਰਕੌਮ ਦੇ ਸੀਨੀਅਰ ਅਧਿਕਾਰੀ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਪੁੱਜੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਤਾਪਘਰ ਵਿੱਚ ਸੁਆਹ ਵੱਖ ਕਰਨ ਵਾਲਾ ਵੱਡਾ ਯੰਤਰ ਅਚਾਨਕ ਡਿੱਗ ਪਿਆ ਹੈ, ਜਿਸ ਨਾਲ ਯੂਨਿਟ ਨੰਬਰ 2 ਵਿੱਚ ਵੱਡਾ ਨੁਕਸ ਪੈ ਗਿਆ ਹੈ।

ਇਸ ਮੌਕੇ ਗਰਮ ਸੁਆਹ ਕਾਰਨ ਦੋ ਮੁਲਾਜ਼ਮਾਂ ਦੀਆਂ ਪੈਰਾਂ ਤੋਂ ਗੋਡਿਆਂ ਤੱਕ ਲੱਤਾਂ ਨੂੰ ਸੇਕ ਲੱਗਣ ਦੀ ਖ਼ਬਰ ਮਿਲੀ ਹੈ।

ਉਧਰ, ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਪੱਕੇ ਤੌਰ ’ਤੇ ਬੰਦ ਹਨ ਤੇ ਯੂਨਿਟ-3 ਵੀ ਬੰਦ ਹੋ ਗਿਆ ਹੈ। ਇਸ ਦੇ ਯੂਨਿਟ-4 ਤੋਂ 166, ਯੂਨਿਟ-5 ਵੱਲੋਂ 158 ਅਤੇ ਯੂਨਿਟ-6 ਤੋਂ 165 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 840 ਮੈਗਾਵਾਟ ਦੱਸੀ ਜਾਂਦੀ ਹੈ। ਇਸੇ ਤਰ੍ਹਾਂ ਰਾਜਪੁਰਾ ਵਿੱਚ ਲੱਗੇ ਐੱਲਐਂਡਟੀ ਦੇ ਤਾਪਘਰ ਦੇ ਦੋਵੇਂ ਯੂਨਿਟ ਭਖ਼ ਰਹੇ ਹਨ, ਜਿਨ੍ਹਾਂ ਵੱਲੋਂ ਕ੍ਰਮਵਾਰ 625 ਅਤੇ 616 ਮੈਗਵਾਟ ਬਿਜਲੀ ਸਪਲਾਈ ਕੀਤੀ ਗਈ ਹੈ। ਇਸ ਤਾਪਘਰ ਦੀ ਕੁੱਲ ਸਮਰੱਥਾ 1400 ਮੈਗਾਵਾਟ ਹੈ। ਦੂਜੇ ਪਾਸੇ, ਜੀਵੀਕੇ ਗੋਇੰਦਵਾਲ ਦਾ ਯੂਨਿਟ-1 ਬੰਦ ਚੱਲਿਆ ਆ ਰਿਹਾ ਹੈ ਤੇ ਇਸ ਦੇ ਯੂਨਿਟ ਨੰਬਰ-2 ਵੱਲੋਂ 171 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

24 ਸਾਲ ਪੁਰਾਣੇ ਯੂਨਿਟ ਦਾ ਈਐੱਸਪੀ ਹੋਇਆ ਤਬਾਹ

ਭੁੱਚੋ ਮੰਡੀ (ਪਵਨ ਗੋਇਲ): ਗੁਰੂ ਹਰਗੋਬਿੰਦ ਤਾਪਘਰ ਲਹਿਰਾ ਮੁਹੱਬਤ ਦੇ 24 ਸਾਲ ਪੁਰਾਣੇ ਯੂਨਿਟ ਨੰਬਰ-2 (ਸਟੇਜ-1) ਦਾ ਇਲੈਕਟਰੋਸਟੈਟਿਕ ਪ੍ਰੈਸਿਪੀਟੇਟਰ (ਈਐੱਸਪੀ) ਬੀਤੀ ਰਾਤ ਕਰੀਬ ਸਵਾ ਨੌ ਵਜੇ ਇੱਕ ਵੱਡੇ ਧਮਾਕੇ ਤੋਂ ਬਾਅਦ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਿਆ। ਇਸ ਨਾਲ ਆਲੇ-ਦੁਆਲੇ ਵੱਡੇ ਪੱਧਰ ’ਤੇ ਸੁਆਹ ਖਿੱਲਰ ਗਈ। ਮੇਂਟੀਨੈਂਸ ਸਟਾਫ਼ ਦੇ ਪੰਜ ਵਜੇ ਚਲੇ ਜਾਣ ਅਤੇ ਮੁਲਾਜ਼ਮਾਂ ਦੀ ਸ਼ਿਫ਼ਟਿੰਗ ਦਾ ਸਮਾਂ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਮੌਕੇ ਪਟਿਆਲਾ ਤੋਂ ਪਹੁੰਚੇ ਪਾਵਰਕੌਮ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾ ਨੇ ਮੌਕੇ ਦਾ ਜਾਇਜ਼ਾ ਲਿਆ। ਮੁਲਾਜ਼ਮਾਂ ਅਨੁਸਾਰ ਈਐੱਸਪੀ ਦੇ 56 ਹੌਪਰ ਹਨ, ਜਿਨ੍ਹਾਂ ਵਿੱਚ ਸੁਆਹ ਜਾਮ ਹੋਣ ਈਐੱਸਪੀ ਤਬਾਹ ਹੋਇਆ ਹੈ। ਦੋ ਨੰਬਰ ਯੂਨਿਟ ਬੰਦ ਹੋਣ ਕਾਰਨ ਅੱਜ ਸਵੇਰੇ ਦਸ ਕੁ ਵਜੇ ਅਧਿਕਾਰੀਆਂ ਨੇ ਯੂਨਿਟ ਨੰਬਰ ਚਾਰ ਚਲਾ ਦਿੱਤਾ, ਜਦਕਿ ਯੂਨਿਟ ਨੰਬਰ ਤਿੰਨ ਪਹਿਲਾਂ ਹੀ ਚੱਲ ਰਿਹਾ ਸੀ। ਇਸ ਵੇਲੇ ਚਾਰ ਵਿੱਚੋਂ ਦੋ ਯੂਨਿਟ ਚੱਲ ਰਹੇ ਹਨ। ਸੀਐੱਮਡੀ ਬਲਦੇਵ ਸਿੰਘ ਸਰਾ ਨੇ ਕਿਹਾ ਕਿ ਈਐੱਸਪੀ ਨੂੰ ਜਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਇਸ ਮੌਕੇ ਥਰਮਲ ਦੇ ਮੁੱਖ ਇੰਜਨੀਅਰ ਮਦਨ ਸਿੰਘ ਧੀਮਾਨ ਅਤੇ ਹੋਰ ਅਧਿਕਾਰੀ ਮੌਜੂਦ ਸਨ।





News Source link

- Advertisement -

More articles

- Advertisement -

Latest article