ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਜਨਵਰੀ
ਪਿੰਡ ਲੀਲਾਂ ਮੇਘ ਸਿੰਘ ਦੇ ਗੁਰਦੁਆਰੇ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੀ ਮੀਟਿੰਗ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਤੇ ਸਕੱਤਰ ਕੁਲਵੰਤ ਸਿੰਘ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦੇਸ਼ ਭਰ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਟਰੈਕਟਰ ਮਾਰਚ ਕਰਕੇ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਕੇਂਦਰ ਸਰਕਾਰ ’ਤੇ ਦਬਾਅ ਬਣਾਇਆ ਜਾਵੇਗਾ। ਦਿੱਲੀ ਇਤਿਹਾਸਕ ਕਿਸਾਨ ਅੰਦੋਲਨ ਰਾਹੀਂ ਰੱਦ ਕਰਾਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਕੇਂਦਰ ਸਰਕਾਰ ਵੱਲੋਂ ਇੱਕ ਵਾਰ ਫਿਰ ਟੇਢੇ ਢੰਗ ਨਾਲ ਲਾਗੂ ਕਰਨ ਹਿੱਤ ਰਾਜ ਸਰਕਾਰਾਂ ਦੀ ਸਹਿਮਤੀ ਲਈ ਖੇਤੀ ਮੰਡੀਕਰਨ ਨੀਤੀ ਖਰੜੇ ਦੇ ਰੂਪ ਵਿੱਚ ਭੇਜੇ ਗਏ ਹਨ ਜਿਸ ਨੂੰ ਰੱਦ ਕਰਾਉਣਾ ਕਿਸਾਨ ਲਹਿਰ ਦਾ ਮੁੱਖ ਮੁੱਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਅੰਦੋਲਨ ਦੀਆਂ ਬਕਾਇਆ ਮੰਗਾਂ ਜਿਵੇਂ ਸਾਰੀਆਂ 23 ਫ਼ਸਲਾਂ ‘ਤੇ ਸਾਰੇ ਦੇਸ਼ ਵਿੱਚ ਐਮਐਸਪੀ ਹਾਸਲ ਕਰਨੀ, ਸਰਕਾਰੀ ਖਰੀਦ ਦੀ ਗਾਰੰਟੀ ਕਰਨੀ, ਹਰ ਤਰ੍ਹਾਂ ਦੇ ਕਿਸਾਨੀ ਕਰਜ਼ੇ ਤੋਂ ਮੁਕਤੀ, ਫ਼ਸਲ ਬੀਮਾ ਯੋਜਨਾ ਲਾਗੂ ਕਰਾਉਣ ਤੇ ਹੋਰ ਮੰਗਾਂ ਲੰਬਿਤ ਹਨ। ਮੀਟਿੰਗ ਵਿੱਚ ਪਾਸ ਕੀਤੇ ਇੱਕ ਮਤੇ ਰਾਹੀਂ ਫ਼ਿਰੋਜ਼ਪੁਰ ਵਿੱਚ ਤਿੰਨ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ’ਤੇ ਕਿਸਾਨਾਂ ਵੱਲੋਂ ਰੋਸ ਪ੍ਰਗਟ ਕਰਨ ਦੇ ਇਵਜ਼ ਵਿੱਚ ਦੋ ਦਰਜਨ ਕਿਸਾਨਾਂ ਮਜ਼ਦੂਰਾਂ ’ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਨਾ ਤਾਨਾਸ਼ਾਹ ਕਦਮ ਕਰਾਰ ਦਿੱਤਾ ਗਿਆ। ਮੀਟਿੰਗ ਵਿੱਚ ਜਸਵਿੰਦਰ ਸਿੰਘ ਭਮਾਲ, ਹਰਜਿੰਦਰ ਸਿੰਘ ਭਮਾਲ, ਰੁਪਿੰਦਰ ਸਿੰਘ ਭਮਾਲ, ਤੇਜਾ ਸਿੰਘ, ਰਛਪਾਲ ਸਿੰਘ, ਹਰਪਾਲ ਸਿੰਘ ਸ਼ੇਖਦੌਲਤ, ਗੁਰਨਾਮ ਸਿੰਘ, ਜਸਵੰਤ ਸਿੰਘ ਸ਼ੇਖਦੌਲਤ, ਜਗਵਿੰਦਰ ਸਿੰਘ ਸ਼ੇਰਪੁਰਾ ਮੌਜੂਦ ਸਨ।