ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 9 ਦਸੰਬਰ
ਅੱਜ ਖ਼ਾਲਸਾ ਕਾਲਜ ਵਿੱਚ ਪਾਕਿਸਤਾਨ ਦੇ ਕੌਮੀ ਅਸੈਂਬਲੀ ਦੇ ਸੰਸਦ ਮੈਂਬਰ ਇਸਫ਼ਿਨਾਰ ਭੰਡਾਰਾ ਨੇ ਆਪਣੇ ਦੌਰੇ ਦੌਰਾਨ ਹਿੰਦ-ਪਾਕਿ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਗੱਲ ਕਹੀ। ਇਸ ਦੌਰਾਨ ਉਨ੍ਹਾਂ ਦੋਹਾਂ ਮੁਲਕਾਂ ਦੇ ਵਿਦਿਆਰਥੀਆਂ ਨੂੰ ਤਾਲੀਮ ਪ੍ਰਾਪਤ ਕਰਨ ਲਈ ਵਜ਼ੀਰੇਆਲਾ ਵੀਜ਼ਾ ਦੇਣ ਦੀ ਇੱਛਾ ਵੀ ਪ੍ਰਗਟਾਈ। ਸ੍ਰੀ ਭੰਡਾਰਾ, ਜਿਹੜੇ ਕਿ ਪਾਕਿਸਤਾਨ ਤੋਂ ਭਾਰਤ ਆਪਣੇ ਨਿਜੀ ਦੌਰੇ ’ਤੇ ਇੱਥੇ ਪੁੱਜੇ ਸਨ, ਨੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ ਰਾਜਿੰਦਰ ਮੋਹਨ ਸਿੰਘ ਛੀਨਾ ਨਾਲ 132 ਸਾਲਾਂ ਤੋਂ ਸਮਾਜ ਦੀ ਵਿਦਿਅਕ ਖੇਤਰ ’ਚ ਸੇਵਾ ਕਰ ਰਹੀ ਸਿਰਮੌਰ ਸੰਸਥਾ ਦੀ ਸ਼ਲਾਘਾ ਕਰਦਿਆਂ ਵਿਰਾਸਤੀ ਇਮਾਰਤ ਅਤੇ ਭਵਨ ਨਿਰਮਾਣ ਕਲਾ ਦੇ ਨਮੂਨੇ ਨੂੰ ਸਲਾਹਿਆ। ਇਸ ਮੌਕੇ ਸ੍ਰੀ ਛੀਨਾ ਅਤੇ ਮੈਨੇਜਮੈਂਟ ਦਫ਼ਤਰ ਵਿੱਚ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ, ਪ੍ਰੀਖਿਆਵਾਂ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਨੇ ਸ੍ਰੀ ਭੰਡਾਰਾ ਨੂੰ ਯਾਦਗਾਰੀ ਕਾਲਜ ਦੀ ਤਸਵੀਰ, ਕੌਫ਼ੀ ਟੇਬਲ ਬੁੱਕ ਭੇਟ ਕਰਕੇ ਸਨਮਾਨਿਤ ਕੀਤਾ। ਸ੍ਰੀ ਛੀਨਾ ਨੇ ਕੈਂਪਸ ਸਥਿਤ ਗੁਰਦੁਆਰਾ, ਸੁੰਦਰ ਸਿੰਘ ਮਜੀਠੀਆ ਹਾਲ, ਲਾਇਬ੍ਰੇਰੀ ਤੇ ਹੋਰ ਮਹੱਤਵਪੂਰਨ ਵੱਖ-ਵੱਖ ਵਿਭਾਗਾਂ ਸਬੰਧੀ ਸੰਸਦ ਮੈਂਬਰ ਨੂੰ ਜਾਣਕਾਰੀ ਦਿੱਤੀ ਅਤੇ ਇਸ ਸੰਸਥਾ ਵੱਲੋਂ ਸਮਾਜ ਦੇ ਵਿਕਾਸ ਅਤੇ ਤਰੱਕੀ ’ਚ ਪਾਏ ਯੋਗਦਾਨ ਬਾਰੇ ਚਾਨਣਾ ਪਾਇਆ। ਕਾਲਜ ਦੀ ਖ਼ੂਬਸੂਰਤ ਇਮਾਰਤ ਨੂੰ ਵੇਖ ਕੇ ਪ੍ਰਭਾਵਿਤ ਹੋਏ ਸ੍ਰੀ ਇਸਫਿਨਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਉਹ ਲਹਿੰਦੇ ਪੰਜਾਬ ’ਚ ਹੀ ਖੜ੍ਹੇ ਲਾਮਿਸਾਲ ਇਮਾਰਤਾਂ ਦਾ ਦੌਰਾ ਕਰ ਰਹੇ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਮਾਤਮਾ ਦੋਵਾਂ ਮੁਲਕਾਂ ’ਚ ਇਤਫ਼ਾਕ ਦੀਆਂ ਤੰਦਾਂ ਨੂੰ ਮਜ਼ਬੂਤ ਕਰੇ।