ਢਾਕਾ, 4 ਅਗਸਤ
ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ ਅਤੇ ਸੱਤਾਧਾਰੀ ਆਵਾਮੀ ਲੀਗ ਦੇ ਸਮਰਥਕਾਂ ਵਿਚਾਲੇ ਅੱਜ ਹੋਈ ਝੜਪ ਵਿੱਚ ਘੱਟੋ-ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋਏ ਹਨ। ਸਰਕਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀ ਇਕ ‘ਅਸਹਿਯੋਗ ਪ੍ਰੋਗਰਾਮ’ ਵਿੱਚ ਭਾਗ ਲੈਣ ਪਹੁੰਚੇ। ਆਵਾਮੀ ਲੀਗ, ਵਿਦਿਆਰਥੀ ਲੀਗ ਅਤੇ ਜੁਬੋ ਲੀਗ ਦੇ ਵਰਕਰਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਫਿਰ ਦੋਹਾਂ ਧਿਰਾਂ ਵਿਚਾਲੇ ਝੜਪ ਹੋਈ। ‘ਢਾਕਾ ਟ੍ਰਿਬਿਊਨ’ ਅਖ਼ਬਾਰ ਨੇ ਆਪਣੀ ਇਕ ਰਿਪੋਰਟ ਵਿੱਚ ਕਿਹਾ, ‘‘ਪ੍ਰਦਰਸ਼ਨਕਾਰੀਆਂ ਅਤੇ ਆਵਾਮੀ ਲੀਗ ਦੇ ਸਮਰਥਕਾਂ ਵਿਚਾਲੇ ਮੁਨਸ਼ੀਗੰਜ ’ਚ ਹੋਈ ਝੜਪ ’ਚ ਘੱਟੋ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋਏ ਹਨ।’’ ਖ਼ਬਰ ਵਿੱਚ ਹਾਲਾਂਕਿ, ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। -ਪੀਟੀਆਈ