ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 21 ਮਈ
ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ‘ਇੰਡੀਆ’ ਗੱਠਜੋੜ ਦੇੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਤੇ ਵਿਧਾਇਕ ਮੇਵਾ ਸਿੰਘ ਨੇ ਬਾਬੇਨ ਖੇਤਰ ਦੇ ਪਿੰਡ ਈਸ਼ਰਹੇੜੀ, ਬੀੜ ਕਾਲਵਾ, ਸੁਨਾਰੀਆਂ, ਬੇਰਥਲਾ, ਹਮੀਦਪੁਰ ਬਚਗਾਂਵ ਜਾਟਾਨ ਆਦਿ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਡਾ. ਸੁਸ਼ੀਲ ਗੁਪਤਾ ਨੇ ਦਾਅਵਾ ਕੀਤਾ ਕਿ ਪਿੰਡਾਂ ਵਿਚ ਭਾਜਪਾ ਤੇ ਜੇਜੇਪੀ ਉਮੀਦਵਾਰਾਂ ਨੂੰ ਪਿੰਡਾਂ ’ਚ ਦਾਖ਼ਲ ਨਾ ਹੋਣ ਦੇਣ ਸਬੰਧੀ ਬੋਰਡ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕਾਰਕੁਨ ਪੂਰੀ ਮਿਹਨਤ ਨਾਲ ਹਰਿਆਣਾ ਦੀਆਂ ਸਾਰੀਆਂ ਦਸ ਲੋਕ ਸਭਾ ਸੀਟਾਂ ਜਿੱਤਣ ਲਈ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ਦੀ ਸੂਰਤ ਵਿੱਚ ਕਿਸਾਨਾਂ ਨੂੰ ਸਵਾਮੀਨਾਥਨ ਰਿਪੋਰਟ ਦੇ ਹਿਸਾਬ ਨਾਲ ਐੱਮਐੱਸਪੀ ਮਿਲੇਗਾ। ਵਿਧਾਇਕ ਮੇਵਾ ਸਿੰਘ ਨੇ ਕਿਹਾ ਕਿ ਅੱਜ ਪੂਰੇ ਹਰਿਆਣਾ ਵਿਚ ਗੱਠਜੋੜ ਦੀ ਲਹਿਰ ਚੱਲ ਰਹੀ ਹੈ। ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਕਰਨਾਲ ਵਿਧਾਨ ਸਭਾ ਦੀ ਜ਼ਿਮਨੀ ਚੋਣ ਵਿਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਹੋਣ ਵਾਲੇ ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਭਾਰੀ ਬਹੁਮੱਤ ਹਾਸਲ ਕਰ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਲੋਕ ਸਭਾ ਸੀਟ ਤੇ ਚੋਣ ਪ੍ਰਚਾਰ ਜ਼ੋਰਾਂ ’ਤੇ ਹੈ ਅਤੇ ਹਰ ਸ਼ਹਿਰ ਪਿੰਡ ਤੇ ਵਾਰਡ ਦੇ ਲੋਕ ਗੱਠਜੋੜ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ। ਸਾਬਕਾ ਸੰਸਦ ਕੈਲਾਸ਼ੋ ਸੈਣੀ ਨੇ ਕਿਹਾ ਕਿ ਨਵੀਨ ਜਿੰਦਲ ਵੀ ਇਥੋਂ ਦੋ ਵਾਰ ਸੰਸਦ ਰਹੇ ਤੇ ਨਾਇਬ ਸੈਣੀ ਵੀ ਪਰ ਇਨਾਂ ਨੇ ਕਦੇ ਗ਼ਰੀਬਾਂ ਦੀ ਆਵਾਜ਼ ਸੰਸਦ ਵਿੱਚ ਨਹੀਂ ਉਠਾਈ। ਚੋਣਾਂ ਸਮੇਂ ਹੱਥ ਜੋੜ ਕੇ ਵੋਟ ਮੰਗਦੇ ਹਨ ਤੇ ਜਿੱਤਣ ਤੋਂ ਬਾਅਦ ਸ਼ਕਲ ਤਕ ਨਹੀਂ ਦਿਖਾਉਂਦੇ। ਇਸ ਮੌਕੇ ਜੈ ਪਾਲ ਪੰਚਾਲ, ਨੈਬ ਸਿੰਘ ਪਟਾਕਮਾਜਰਾ, ਗੁਰਦੇਵ ਸੂਰਾ, ਸੰਜੀਵ ਭੁਖੜੀ, ਅਮਰੀਕ ਬਕਾਲੀ, ਅਸ਼ੋਕ ਸੈਣੀ ਰਾਮ ਪਾਲ ਸੈਣੀ ਆਦਿ ਤੋਂ ਇਲਾਵਾ ਕਈ ਪਤਵੰਤੇ ਮੌਜੂਦ ਸਨ।