ਮਹਿੰਦਰ ਸਿੰਘ ਰੱਤੀਆਂ
ਮੋਗਾ, 30 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਮਰਜੀਤ ਸਿੰਘ ਗਿੱਲ ਲੰਢੇਕੇ ਨੂੰ ਪਾਰਟੀ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਥਾਪਿਆ ਹੈ। ਇਥੇ ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਤੀਰਥ ਸਿੰਘ ਮਾਹਲਾ ਨੂੰ ਪਾਰਟੀ ’ਚ ਜਨਰਲ ਸਕੱਤਰ ਬਣਾਏ ਜਾਣ ਮਗਰੋਂ ਖਾਲ੍ਹੀ ਸੀ। ਅਕਾਲੀ ਦਲ ਨਵੇਂ ਜ਼ਿਲ੍ਹਾ ਪ੍ਰਧਾਨ ਗਿੱਲ ਦੀ ਪਤਨੀ ਹਰਵਿੰਦਰ ਕੌਰ ਸਾਲ 2022 ਦੀਆਂ ਨਿਗਮ ਚੋਣਾਂ ਵਿਚ ਹੁਣ ਸਾਬਕਾ ਕਾਂਗਰਸ ਵਿਧਾਇਕ ਹਰਜੋਤ ਕਮਲ ਦੀ ਪਤਨੀ ਰਾਜਿੰਦਰ ਕੌਰ ਨੂੰ ਹਰਾ ਕੇ ਦੂਜੀ ਵਾਰ ਕੌਂਸਲਰ ਬਣੀ ਹੈ। ਨਵੇਂ ਪ੍ਰਧਾਨ ਪਾਰਟੀ ਵਿਚ ਵੱਖ ਵੱਖ ਆਹੁਦਿਆਂ ਉੱਤੇ ਰਹਿਣ ਤੋਂ ਇਲਾਵਾ ਸਥਾਨਕ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ,ਪਿੰਡ ਲੰਢੇਕੇ ਦੇ ਸਾਬਕਾ ਸਰਪੰਚ ਤੇ ਨੰਬਰਦਾਰ ਹਨ। ਅਕਾਲੀ ਦਲ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਚਾਇਤੀ ਚੋਣਾਂ ਤੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਿੰਡਾਂ ਵਿਚ ਪਾਰਟੀ ਦੀ ਮਜ਼ਬੂਤੀ ਤੇ ਵਰਕਰਾਂ ਵਿਚ ਜੋਸ਼ ਭਰਨ ਲਈ ਮੁਹਿੰਮ ਵਿੱਢੀ ਜਾਵੇਗੀ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਅਕਾਲੀ ਦਲ ਨਾਲ ਜੁੜਨ ਤਾਂ ਜੋ ਮੁੜ ਸੂਬੇ ਵਿਚ ਅਕਾਲੀ ਸਰਕਾਰ ਨੂੰ ਨੂੰ ਹੌਂਦ ਵਿਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ। ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਇਆ ਜਾਵੇਗਾ ਅਤੇ ਪਾਰਟੀ ਨੂੰ ਮਜ਼ਬੂਤ ਬਣਾਇਆ ਜਾਵੇਗਾ।