ਪ੍ਰੋ. ਰਣਜੀਤ ਧੀਰ
ਸਾਲ 2021 ਦੀ ਬਰਤਾਨਵੀ ਮਰਦਮਸ਼ੁਮਾਰੀ ਸਬੰਧੀ ਧਰਮ ਅਤੇ ਭਾਸ਼ਾ ਦੇ ਅੰਕੜਿਆਂ ਦੀ ਚਰਚਾ ਪੰਜਾਬ ਦੇ ਮੀਡੀਆ ਵਿੱਚ ਹੋ ਚੁੱਕੀ ਹੈ। ਦੋ ਅੰਕੜਿਆਂ ਵੱਲ ਧਿਆਨ ਦੇਣ ਦੀ ਲੋੜ ਹੈ। ਪਹਿਲਾ: 2001 ਵਿੱਚ ਅੰਗਰੇਜ਼ੀ ਮਗਰੋਂ ਦੂਜੇ ਨੰਬਰ ’ਤੇ ਪੰਜਾਬੀ ਇੱਥੇ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਸੀ; ਸਾਲ 2011 ਵਿੱਚ ਇਹ ਤੀਜੇ ਨੰਬਰ ਉੱਤੇ ਅਤੇ 2021 ਵਿੱਚ ਅੰਗਰੇਜ਼ੀ, ਪੋਲਿਸ਼, ਰੁਮਾਨੀਅਨ ਤੋਂ ਬਾਅਦ ਇਸ ਦਾ ਚੌਥਾ ਨੰਬਰ ਹੈ। ਦੂਜਾ: ਭਾਰਤ ਅਤੇ ਪਾਕਿਸਤਾਨ ਦੇ ਦੋਵੇਂ ਪੰਜਾਬਾਂ ਤੋਂ ਆਏ ਹਿੰਦੂ, ਸਿੱਖ, ਮੁਸਲਿਮ, ਈਸਾਈ, ਬੋਧੀ ਪੰਜਾਬੀਆਂ ਦੀ ਕੁੱਲ ਗਿਣਤੀ ਤਕਰੀਬਨ ਸੋਲਾਂ ਲੱਖ ਹੈ। ਇਕੱਲੇ ਸਿੱਖਾਂ ਦੀ ਆਬਾਦੀ ਪੰਜ ਲੱਖ ਚੌਵੀ ਹਜ਼ਾਰ (5,24,000) ਦੱਸੀ ਗਈ ਹੈ, ਪਰ ਕੇਵਲ 2,90,645 ਲੋਕਾਂ ਨੇ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ/ਪਹਿਲੀ ਭਾਸ਼ਾ ਲਿਖਵਾਇਆ ਹੈ। ਇਤਿਹਾਸਕ ਤੌਰ ’ਤੇ ਪੰਜਾਬੀ ਪੜ੍ਹਨ ਤੇ ਬੋਲਣ ਵਾਲਿਆਂ ਦੇ ਕਈ ਧਰਮਾਂ ਵਿੱਚ ਵੱਡੇ ਹੋਣ ਦੇ ਸੰਤਾਪ ਨੂੰ ਅਸੀਂ ਜਾਣਦੇ ਹਾਂ, ਪਰ ਇਨ੍ਹਾਂ ਤਾਜ਼ੇ ਅੰਕੜਿਆਂ ਦੇ ਆਧਾਰ ’ਤੇ ਅਸੀਂ ਕੀ ਨਿਰਣਾ ਕਰੀਏ?
ਪਰਵਾਸੀਆਂ ਦੀ ਪਹਿਲੀ ਪੀੜ੍ਹੀ ਦੇ ‘ਮਾਂ ਬੋਲੀ’ ਦੇ ਸੰਕਲਪ ਅਤੇ ਹੁਣ ‘ਮਾਤ ਭੂਮੀ ਦੀ ਬੋਲੀ’ ਵਿੱਚ ਬਹੁਤ ਫ਼ਰਕ ਹੈ। ਬਰਤਾਨੀਆ ਰਹਿੰਦੇ ਸਾਡੇ ਬੱਚਿਆਂ ਦੀ ਚੌਥੀ ਪੀੜ੍ਹੀ ਦੀ ਮਾਤ ਭੂਮੀ ਬਰਤਾਨੀਆ ਹੈ ਅਤੇ ਇਨ੍ਹਾਂ ਦੀ ਮਾਤ ਭਾਸ਼ਾ/ਪਹਿਲੀ ਭਾਸ਼ਾ ਅੰਗਰੇਜ਼ੀ ਹੈ। ਇਨ੍ਹਾਂ ਬੱਚਿਆਂ ਦੀਆਂ 95 ਫ਼ੀਸਦੀ ਮਾਵਾਂ ਦੀ ਪਹਿਲੀ ਭਾਸ਼ਾ ਵੀ ਅੰਗਰੇਜ਼ੀ ਹੈ। ਬੱਚੇ ਸਕੂਲ ਵਿੱਚ ਤਾਂ ਅੰਗਰੇਜ਼ੀ ਬੋਲਦੇ ਹੀ ਹਨ। ਟੈਲੀ ਤੇ ਸੋਸ਼ਲ ਮੀਡੀਆ ਵੀ ਅੰਗਰੇਜ਼ੀ ਵਿੱਚ। ਘਰਾਂ ਵਿੱਚ ਮਾਪਿਆਂ ਨਾਲ ਬੋਲਚਾਲ ਵੀ ਅੰਗਰੇਜ਼ੀ ਵਿੱਚ ਹੈ। ਮਾਪੇ ਜੇ ਕਦੇ ਪੰਜਾਬੀ ਵਿੱਚ ਗੱਲ ਕਰਦੇ ਹਨ ਤਾਂ ਬੱਚੇ ਅੱਗੇ ਤੋਂ ਅੰਗਰੇਜ਼ੀ ਵਿੱਚ ਹੀ ਜਵਾਬ ਦਿੰਦੇ ਹਨ। ਭਾਰਤੀ ਫਿਲਮਾਂ ਵੇਖਦੇ ਸਮਝਦੇ ਹਨ, ‘ਕੱਚੀ-ਪੱਕੀ ਪੰਜਾਬੀ’ ਦੇ ਸ਼ਬਦ ਵੀ ਅਪਣੇ ਢੰਗ ਨਾਲ ਬੋਲ ਲੈਂਦੇ ਹਨ, ਪਰ ਇਸ ਪੰਜਾਬੀ ਅਤੇ ਪਹਿਲੀ ਪੀੜ੍ਹੀ ਦੀ ਟਕਸਾਲੀ ਪੰਜਾਬੀ ਵਿੱਚ ਬਹੁਤ ਫ਼ਰਕ ਹੈ। ਇਨ੍ਹਾਂ ਬੱਚਿਆਂ ਦੀ ‘ਕੱਚੀ ਪੱਕੀ’ ਪੰਜਾਬੀ ਦਾ ਨਵਾਂ ਭਾਸ਼ਾਈ ਸੰਸਕਰਣ ‘ਕਰੀਉਲ ਪੰਜਾਬੀ’ ਹੈ। ਪਹਿਲੀ ਪੀੜ੍ਹੀ ਦੇ ਪਰਵਾਸੀਆਂ ਦੀ ਮਾਂ-ਬੋਲੀ ਟਕਸਾਲੀ ਪੰਜਾਬੀ ਨਹੀਂ।
ਬਰਤਾਨੀਆ ਵਿਚ ਕਰੀਉਲ ਪੰਜਾਬੀ ਦੇ ਪੈਦਾ ਹੋਣ ਦੇ ਕਾਰਨ ਸਮਝਣੇ ਔਖੇ ਨਹੀਂ। ਸੱਠ ਪੈਂਹਠ ਸਾਲ ਪਹਿਲਾਂ ਪਹੁੰਚੇ ਪਰਵਾਸੀਆਂ ਦਾ ਉਦੋਂ ਬਸ ਇੱਕੋ ਟੀਚਾ ਸੀ, ਫੈਕਟਰੀਆਂ ਵਿੱਚ ਬਾਰਾਂ ਬਾਰਾਂ ਘੰਟਿਆਂ ਦੀਆਂ ਸ਼ਿਫਟਾਂ ਦੀ ਹੱਡ ਭੰਨਵੀਂ ਮਜ਼ਦੂਰੀ ਕਰਕੇ ਪੌਂਡ ਕਮਾ ਕੇ ਪਿਛਲਿਆਂ ਨੂੰ ਗਰੀਬੀ ਵਿੱਚੋਂ ਕੱਢਣਾ। ਭਾਸ਼ਾ, ਸੱਭਿਆਚਾਰ ਬਾਰੇ ਸੋਚ ਫ਼ਿਕਰ ਪਰਵਾਸੀਆਂ ਦੇ ਮਾਨਸਿਕ ਹਵਾਲਿਆਂ ਵਿੱਚ ਹਾਲੇ ਸ਼ਾਮਲ ਨਹੀਂ ਸੀ। ਮੀਆਂ-ਬੀਵੀ ਦੋਹਾਂ ਨੂੰ ਕੰਮ ਕਰਨਾ ਪੈਂਦਾ, ਬੱਚੇ ਰੁਲ ਖੁਲ ਕੇ ਅੰਗਰੇਜ਼ ‘ਬੇਬੀ ਮਾਈਂਡਰਾਂ’ ਕੋਲ ਪਲ ਕੇ ਵੱਡੇ ਹੋਏ। ਬੱਚੇ ਸਕੂਲਾਂ ਤੋਂ ਪੜ੍ਹ ਕੇ ਯੂਨੀਵਰਸਿਟੀਆਂ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਤਾਂ ਪ੍ਰਤੱਖ ਹੋ ਗਿਆ ਕਿ ਦੂਜੀ ਪੀੜ੍ਹੀ ਦਾ ਮਾਤ ਭਾਸ਼ਾ ਅਤੇ ਮੂਲ ਸੱਭਿਆਚਾਰ ਨਾਲ ਰਿਸ਼ਤਾ ਕਮਜ਼ੋਰ ਪੈ ਚੁੱਕਿਆ ਸੀ। ਹੌਲੀ ਹੌਲੀ ਸਾਹਿਤਕ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਪੰਜਾਬੀ ਦੀ ਪੜ੍ਹਾਈ ਬਾਰੇ ਚੇਤਨਾ ਪੈਦਾ ਕੀਤੀ, ਵੱਖ ਵੱਖ ਸ਼ਹਿਰਾਂ ਵਿੱਚ ਗੁਰਦੁਆਰਿਆਂ ਨੇ ਬਹੁਤ ਹਿੰਮਤ ਕਰਕੇ ਪੰਜਾਬੀ ਪੜ੍ਹਾਉਣ ਦੇ ਉਪਰਾਲੇ ਕੀਤੇ। ਪਰ ਸਕੂਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਿੱਚ ਨਿਯਮਬੱਧ ਢੰਗ ਨਾਲ ਪੰਜਾਬੀ ਦੀ ਪੜ੍ਹਾਈ ਦੇ ਮੌਕਿਆਂ ਦੀ ਅਣਹੋਂਦ ਕਰਕੇ ਪਰਵਾਸੀਆਂ ਦੀ ਚੌਥੀ ਪੀੜ੍ਹੀ ਤੀਕ ਪਹੁੰਚਦਿਆਂ ਭਾਸ਼ਾਈ ਅਤੇ ਸੱਭਿਆਚਾਰਕ ਪਾੜਾ ਇਸ ਹੱਦ ਤੀਕ ਪਹੁੰਚ ਚੁੱਕਿਆ ਹੈ ਕਿ ਇਸ ਪਾੜੇ ਨੂੰ ਪੂਰਨਾ ਹੁਣ ਸੰਭਵ ਨਹੀਂ ਲੱਗਦਾ। ਬਾਕੀ ਪਿਛਲੇ ਪੰਦਰਾਂ ਵੀਹ ਸਾਲਾਂ ਵਿੱਚ ਗਲੋਬਲੀ ਸਰੋਕਾਰਾਂ, ਗਲੋਬਲੀ ‘ਆਇਲਟਸ ਕਲਚਰ’ ਅਤੇ ਕੰਪਿਊਟਰੀ ਅੰਗਰੇਜ਼ੀ ਦੇ ਬੋਲਬਾਲੇ ਕਰਕੇ ਵੀ ਇਹ ਮੁਸ਼ਕਿਲ ਹੋਰ ਪੇਚੀਦਾ ਹੋ ਚੁੱਕੀ ਹੈ।
ਅਸਲ ਵਿੱਚ ਵਿਦੇਸ਼ਾਂ ਵਿੱਚ ਅੱਜ ਦੀ ‘ਪਰਵਾਸੀ ਪੰਜਾਬੀ’ ਉਸ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ ਜਿਸ ਵਿੱਚੋਂ ਅੰਗਰੇਜ਼ੀ, ਫਰਾਂਸੀਸੀ, ਪੁਰਤਗਾਲੀ ਅਤੇ ਹੋਰ ਯੂਰਪੀ ਭਾਸ਼ਾਵਾਂ ਨੂੰ ਆਪਣੇ ਬਸਤੀਵਾਦੀ ਦੌਰ ਦੇ ਸ਼ੁਰੂਆਤੀ ਸਮਿਆਂ ਦੌਰਾਨ ਲੰਘਣਾ ਪਿਆ। ਯੂਰਪ ਦੇ ਇਸ ਧਾੜਵੀ ਦੌਰ ਵਿੱਚ ਜਦ ਅਫ਼ਰੀਕੀ ਲੋਕਾਂ ਨੂੰ ਗੁਲਾਮ ਬਣਾ ਕੇ ਆਪਣੀਆਂ ਦੂਰ ਦੁਰਾਡੀਆਂ ਬਸਤੀਆਂ ਵਿੱਚ ਲੈ ਗਏ ਤਾਂ ਗੁਲਾਮਾਂ ਦੀਆਂ ਅਫ਼ਰੀਕੀ ਭਾਸ਼ਾਵਾਂ ਅਤੇ ਬਸਤੀਵਾਦੀ ਮਾਲਕਾਂ ਦੀਆਂ ਯੂਰਪੀਨ ਭਾਸ਼ਾਵਾਂ ਦੇ ਜੋੜ-ਸੰਜੋਗ ਵਿੱਚੋਂ ਵਿਵਹਾਰੀ ਪੱਧਰ ਉੱਤੇ ਬੋਲ ਚਾਲ ਵਾਸਤੇ ਹੌਲੀ ਹੌਲੀ ਇੱਕ ਨਵੀਂ ਵੰਨਗੀ ਦੀ ਭਾਸ਼ਾ ਹੋਂਦ ਵਿੱਚ ਆਉਣੀ ਸ਼ੁਰੂ ਹੋ ਗਈ। ਇਸ ਨਵੀਂ ਵੰਨਗੀ ਵਿੱਚ ਸ਼ਬਦਾਂ ਦਾ ਸੰਗਠਨ ਉੱਘੜ-ਦੁੱਗੜ ਅਤੇ ਵਿਆਕਰਨ ਰਹਿਤ ਹੁੰਦਾ। ਇਸੇ ਕਰਕੇ ਕੈਰੀਬੀਅਨ ਦੇਸ਼ਾਂ ਵਿੱਚ ਬੋਲੀ ਜਾਂਦੀ ਅੰਗਰੇਜ਼ੀ ਅਤੇ ਫਰਾਂਸੀਸੀ ਬਰਤਾਨੀਆ ਅਤੇ ਫਰਾਂਸ ਵਿੱਚ ਬੋਲੀਆਂ ਜਾਂਦੀਆਂ ਟਕਸਾਲੀ ਅੰਗਰੇਜ਼ੀ ਅਤੇ ਫਰਾਂਸੀਸੀ ਨਾਲੋਂ ਵੱਖਰੀਆਂ ਭਾਸ਼ਾਵਾਂ ਹਨ। ਇਸੇ ਤਰ੍ਹਾਂ ਬ੍ਰਾਜ਼ੀਲ ਵਿੱਚ ਬੋਲੀ ਜਾਂਦੀ ਪੁਰਤਗਾਲੀ ਅਤੇ ਪੁਰਤਗਾਲ ਵਿੱਚ ਬੋਲੀ ਜਾਂਦੀ ਪੁਰਤਗਾਲੀ ਵੱਖਰੀ ਹੈ। ਬਸਤੀਵਾਦੀ ਸੰਦਰਭਾਂ ਵਿੱਚ ਉਤਪਨ ਹੋਈਆਂ ਭਾਸ਼ਾਵਾਂ ਨੂੰ ‘ਕਰੀਉਲ ਅੰਗਰੇਜ਼ੀ’ ਅਤੇ ‘ਕਰੀਉਲ ਪੁਰਤਗਾਲੀ’ ਕਹਿੰਦੇ ਹਨ। ਬਰਤਾਨੀਆ ਵਿੱਚ ਕਰੀਉਲ ਅੰਗਰੇਜ਼ੀ ਦੇ ਸਾਹਿਤ ਨੂੰ ਅੱਜ ਪੂਰੀ ਮਾਨਤਾ ਹੈ। ਲਿੰਟਨ ਕਵੇਸੀ ਜੌਨਸਨ ਦੀ ਕਵਿਤਾ ‘Englan is a bitch’ ਅੰਤਰਰਾਸ਼ਟਰੀ ਪੱਧਰ ਦੀ ਪ੍ਰਸਿੱਧ ਕਵਿਤਾ ਹੈ। ਇਸੇ ਤਰ੍ਹਾਂ ਬੈਂਜਾਮਿਨ ਜ਼ੈਫ਼ਿਨਿਆ ਦੀਆਂ ਕਰੀਉਲ ਅੰਗਰੇਜ਼ੀ ਵਿੱਚ ਲਿਖੀਆਂ ਕਵਿਤਾਵਾਂ ਮਸ਼ਹੂਰ ਹਨ ਜਿਨ੍ਹਾਂ ਬਦਲੇ ਮਲਿਕਾ ਨੇ ਉਹਨੂੰ ਸ਼ਾਹੀ ਸਨਮਾਨ ਵੀ ਦਿੱਤਾ ਜਿਹੜਾ ਉਹਨੇ ਕਬੂਲ ਨਾ ਕੀਤਾ।
ਮੌਖਿਕ ਪੱਧਰ ਉੱਤੇ ਤਾਂ ਕਰੀਉਲ ਪੰਜਾਬੀ ਦੀ ਪੈਦਾਇਸ਼ ਦੂਜੀ ਪੀੜ੍ਹੀ ਦੇ ਸਮੇਂ ਤੋਂ ਹੀ ਪ੍ਰਚੱਲਿਤ ਹੋ ਚੁੱਕੀ ਸੀ। ਬਰਤਾਨੀਆ ਰਹਿੰਦੇ ਦੂਜੀ ਪੀੜ੍ਹੀ ਦੇ ਲੇਖਕ ਰੂਪ ਢਿੱਲੋਂ ਦੇ ਨਾਵਲ ‘ਸਮੁਰਾਈ’ ਦੀ ਪ੍ਰਕਾਸ਼ਨਾ ਨਾਲ ਹੁਣ ‘ਕਰੀਉਲ ਪੰਜਾਬੀ ਸਾਹਿਤ’ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਪਿਛਲੇ ਸਾਲ ਛਪਿਆ ਇਹ ਨਾਵਲ ਇੱਕ ਜਪਾਨੀ ਸਮੁਰਾਈ ਯੋਧੇ ‘ਮੁਸਾਸ਼ੀ’ ਦੀ ਕਥਾ ਰਸ ਭਰਪੂਰ ਰੌਚਿਕ ਕਹਾਣੀ ਹੈ, ਪਰ ਇਹ ਨਾਵਲ ‘ਡਾਇਸਪੋਰੀ ਪੰਜਾਬੀ’ ਦੀ ਨਵੀਂ ਵੰਨਗੀ ਕਰੀਉਲ ਪੰਜਾਬੀ ਕਰਕੇ ਚਰਚਾ ਵਿੱਚ ਹੈ। ਇਹਦੀ ਵਾਰਤਿਕ ਵਿੱਚ ਸ਼ਬਦ, ਸ਼ਬਦ ਜੋੜ, ਵਾਕ ਰਚਨਾ, ਵਿਆਕਰਨ ਸਭ ਕੁਝ ਉਲਟਾ-ਪੁਲਟਾ ਹੈ। ਪਹਿਲੀ ਪੀੜ੍ਹੀ ਦੇ ਪਰਵਾਸੀ ਪਾਠਕਾਂ ਨੂੰ ਇਸ ਵੰਨਗੀ ਦੀ ਪੰਜਾਬੀ ਰੜਕਦੀ ਹੈ।
ਨਵੇਂ ਚੌਗਿਰਦੇ, ਨਵੇਂ ਅਰਥਚਾਰੇ, ਨਵੀਆਂ ਸਮਾਜੀ ਹਾਲਤਾਂ ਕਰਕੇ ਭਾਸ਼ਾ, ਸੱਭਿਆਚਾਰ, ਖ਼ੁਰਾਕ, ਲਿਬਾਸ ਸਭ ਕੁਝ ਵਿੱਚ ਤਬਦੀਲੀਆਂ ਆਉਂਦੀਆਂ ਹਨ ਕਿਉਂਕਿ ਭਾਸ਼ਾ ਅਤੇ ਸੱਭਿਆਚਾਰ ਖੜੋਤ ਦੇ ਸੰਕਲਪ ਨਹੀਂ, ਹਮੇਸ਼ਾਂ ਗਤੀਸ਼ੀਲ ਵਰਤਾਰੇ ਹਨ। ਵੈਦਿਕ ਸਮਿਆਂ ਮਗਰੋਂ ਮੁਗਲਾਂ, ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਤੋਂ ਲੈ ਕੇ ਆਜ਼ਾਦ ਭਾਰਤ, ਪਾਕਿਸਤਾਨ ਤੀਕ ਦੇ ਸਫ਼ਰ ਦੌਰਾਨ ਪੰਜਾਬੀ ਦਾ ਚਿਹਰਾ ਮੋਹਰਾ ਲਗਾਤਾਰ ਬਦਲਦਾ ਆ ਰਿਹਾ ਹੈ। ਇਹ ਹਰ ਭਾਸ਼ਾ ਦੀ ਕਹਾਣੀ ਹੈ। ਸੋਸ਼ਲ ਮੀਡੀਆ ਦੀ ਅੰਗਰੇਜ਼ੀ ਵਿੱਚੋਂ ਵੀ ਵਿਆਕਰਨ ਗਾਇਬ ਹੋ ਰਹੀ ਹੈ। ਬਰਤਾਨੀਆ ਵਿੱਚ ਕਰੀਉਲ ਪੰਜਾਬੀ ਵਾਲਾ ਨਵਾਂ ਪੜਾਅ ਵੀ ਇਸ ਵਰਤਾਰੇ ਦਾ ਹਿੱਸਾ ਹੈ।
ਸੰਪਰਕ: 07894 228 042
(ਲੇਖਕ ਲੰਡਨ ਵਿੱਚ ਕੌਂਸਲਰ ਹੈ।)
News Source link
#ਟਕਸਲ #ਪਜਬ #ਤ #ਕਰਉਲ #ਪਜਬ #ਦ #ਸਫਰ