ਮਹੋਬਾ (ਉੱਤਰ ਪ੍ਰਦੇਸ਼), 26 ਫਰਵਰੀ
ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਇੱਕ ਟਰੱਕ ਵੱਲੋਂ ਸਕੂਟੀ ਨੂੰ ਦੋ ਕਿਲੋਮੀਟਰ ਤੋਂ ਵੱਧ ਦੂਰੀ ਤੱਕ ਘੜੀਸ ਕੇ ਲਿਜਾਣ ਕਾਰਨ 68 ਵਰ੍ਹਿਆਂ ਦੇ ਵਿਅਕਤੀ ਅਤੇ ਉਸ ਦੇ ਪੋਤੇ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਸਰਕਲ ਅਧਿਕਾਰੀ ਰਾਮ ਪ੍ਰਵੇਸ਼ ਰਾਏ ਨੇ ਦੱਸਿਆ ਕਿ ਸੇਵਾਮੁਕਤ ਅਧਿਆਪਕ ਉੱਦਿਤ ਨਾਰਾਇਣ ਚੌਰਸੀਆ ਸ਼ਨਿਚਰਵਾਰ ਨੂੰ ਆਪਣੇ ਛੇ ਸਾਲਾਂ ਦੇ ਪੋਤੇ ਨਾਲ ਬਾਜ਼ਾਰ ਜਾ ਰਹੇ ਸਨ ਕਿ ਬੀਜਾਨਗਰ ਮੋੜ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਏ। ਉਨ੍ਹਾਂ ਦੱਸਿਆ, ‘‘ਸਕੂਟੀ ਅਤੇ ਉਹ ਦੋਵੇਂ ਜਣੇ ਟਰੱਕ ਦੇ ਹੇਠਾਂ ਫਸ ਗਏ ਅਤੇ ਟਰੱਕ ਲੱਗਪਗ ਦੋ ਕਿਲੋਮੀਟਰ ਤੱਕ ਉਨ੍ਹਾਂ ਨੂੰ ਘੜੀਸ ਕੇ ਲੈ ਗਿਆ।’’ ਉਨ੍ਹਾਂ ਮੁਤਾਬਕ ਕੁਝ ਸਥਾਨਕ ਲੋਕਾਂ ਵੱਲੋਂ ਟਰੱਕ ਨੂੰ ਰੋਕੇ ਜਾਣ ਮਗਰੋਂ ਪੁਲੀਸ ਨੇ ਲਾਸ਼ਾਂ ਬਰਾਮਦ ਕੀਤੀਆਂ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ