33.6 C
Patiāla
Monday, May 20, 2024

ਰਿਸ਼ਵਤ ਕਾਂਡ: ਵਿਧਾਇਕ ਅਮਿਤ ਰਤਨ ਖਿਲਾਫ਼ ਕਾਰਵਾਈ ਲਈ ਹਰੀ ਝੰਡੀ

Must read


ਚਰਨਜੀਤ ਭੁੱਲਰ
ਚੰਡੀਗੜ੍ਹ, 22 ਫਰਵਰੀ

ਮੁੱਖ ਅੰਸ਼

  • ਫੋਰੈਂਸਿਕ ਜਾਂਚ ’ਚ ਆਵਾਜ਼ ‘ਆਪ’ ਵਿਧਾਇਕ ਦੀ ਹੋਣ ਬਾਰੇ ਪੁਸ਼ਟੀ
  • ਮੁੱਖ ਮੰਤਰੀ ਵੱਲੋਂ ਲੋੜੀਂਦੇ ਹੁਕਮ ਜਾਰੀ
  • ਗ੍ਰਿਫ਼ਤਾਰੀ ਕਿਸੇ ਵੇਲੇ ਵੀ ਸੰਭਵ

ਮੁੱਖ ਮੰਤਰੀ ਭਗਵੰਤ ਮਾਨ ਨੇ ਰਿਸ਼ਵਤ ਕਾਂਡ ਦੇ ਮਾਮਲੇ ਨੂੰ ਲੈ ਕੇ ਬਠਿੰਡਾ (ਦਿਹਾਤੀ) ਤੋਂ ‘ਆਪ’ ਵਿਧਾਇਕ ਅਮਿਤ ਰਤਨ ਖਿਲਾਫ਼ ਕਾਰਵਾਈ ਲਈ ਹਰੀ ਝੰਡੀ ਦੇ ਦਿੱਤੀ ਹੈ। ਹੁਣ ਵਿਧਾਇਕ ਦੀ ਗ੍ਰਿਫ਼ਤਾਰੀ ਕਿਸੇ ਵੇਲੇ ਵੀ ਸੰਭਵ ਹੋ ਸਕਦੀ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਅਮਿਤ ਰਤਨ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਵੱਲੋਂ ਰਿਸ਼ਵਤ ਕਾਂਡ ਨਾਲ ਸਬੰਧਤ ‘ਕਾਲ ਰਿਕਾਰਡ’ ਫੋਰੈਂਸਿਕ ਜਾਂਚ ਲਈ ਮੁਹਾਲੀ ਭੇਜਿਆ ਗਿਆ ਸੀ, ਜਿੱਥੋਂ ਕਾਲ ਵਿਚਲੀ ਆਵਾਜ਼ ਵਿਧਾਇਕ ਅਮਿਤ ਰਤਨ ਦੀ ਹੋਣ ਬਾਰੇ ਪੁਸ਼ਟੀ ਹੋ ਗਈ ਹੈ। ਮੁੱਖ ਮੰਤਰੀ ਨੇ ਲੈਬ ਰਿਪੋਰਟ ਮਗਰੋਂ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਫੌਰੀ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸਿਆਸੀ ਹਲਕਿਆਂ ’ਚ ਇਸ ਰਿਸ਼ਵਤ ਕਾਂਡ ਖ਼ਿਲਾਫ਼ ਕਾਰਵਾਈ ਮੁੱਖ ਮੰਤਰੀ ਲਈ ਵੱਕਾਰੀ ਬਣੇ ਹੋਣ ਦੇ ਚਰਚੇ ਸਨ। ‘ਆਪ’ ਵਿਧਾਇਕ ਦੇ ਕਰੀਬੀ ਰਿਸ਼ਮ ਗਰਗ ਦਾ ਪੁਲੀਸ ਰਿਮਾਂਡ ਭਲਕੇ ਖਤਮ ਹੋ ਰਿਹਾ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਲੰਘੇ ਕੱਲ੍ਹ ਹੀ ਵਿਜੀਲੈਂਸ ਨੂੰ ਵਿਧਾਇਕ ਖ਼ਿਲਾਫ਼ ਸਭ ਸਬੂਤ ਇਕੱਠੇ ਕਰਨ ਲਈ ਆਖ ਦਿੱਤਾ ਸੀ। ਹਲਕਾ ਬਠਿੰਡਾ ਦਿਹਾਤੀ ਵਿੱਚੋਂ ਵਿਧਾਇਕ ਅਮਿਤ ਰਤਨ ਦੀ ਸਿਆਸੀ ਸਰਗਰਮੀ ਗ਼ਾਇਬ ਹੈ ਅਤੇ ਵਿਰੋਧੀ ਧਿਰਾਂ ਨੇ ਵਿਧਾਇਕ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਵਿਜੀਲੈਂਸ ਵੱਲੋਂ ਵਿਧਾਇਕ ਦੇ ਜਮਾਤੀ ਦੋਸਤਾਂ ਦੀ ਤਿੱਕੜੀ ’ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਵਿਜੀਲੈਂਸ ਅਧਿਕਾਰੀ ਅੰਦਰੋਂ ਅੰਦਰੀਂ ਵਿਧਾਇਕ ਦਾ ਰਿਕਾਰਡ ਵੀ ਛਾਣ ਰਹੇ ਹਨ ਤਾਂ ਜੋ ਵਿਧਾਇਕ ਦੇ ਦੋਸਤਾਂ ਦੀ ਤਿੱਕੜੀ ਦੀ ਆਪਸੀ ਤੰਦ ਨੂੰ ਜੋੜਿਆ ਜਾ ਸਕੇ। ਸੂਤਰਾਂ ਅਨੁਸਾਰ ਵਿਧਾਇਕ ਅਮਿਤ ਰਤਨ ਦੀ ਕੰਪਨੀ ਸ੍ਰੀ ਸ਼ਸ਼ੀ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰਾਈਵੇਟ ਲਿਮਟਿਡ ਜ਼ਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਿਚ ਹੈ, ਜਿਸ ਦੇ ਡਾਇਰੈਕਟਰ ਅਮਿਤ ਰਤਨ 28 ਦਸੰਬਰ 2010 ਨੂੰ ਬਣੇ ਹਨ, ਉਸੇ ਦਿਨ ਹੀ ਉਸ ਦਾ ਇੱਕ ਜਮਾਤੀ ਡਾਇਰੈਕਟਰ ਬਣਿਆ ਹੈ। ਅਮਿਤ ਰਤਨ ਨੇ 2022 ਦੀਆਂ ਚੋਣਾਂ ਵਿਚ ਆਪਣੇ ਪਰਿਵਾਰ ਦੀ 2.64 ਕਰੋੜ ਦੀ ਚੱਲ ਅਚੱਲ ਸੰਪਤੀ ਨਸ਼ਰ ਕੀਤੀ ਹੈ। ਪਤਾ ਲੱਗਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਹਰਵਿੰਦਰ ਸਿੰਘ ਲਾਡੀ ਦੀ ਅਗਵਾਈ ਵਿਚ 23 ਫਰਵਰੀ ਨੂੰ ਵਿਜੀਲੈਂਸ ਦਫ਼ਤਰ ਬਠਿੰਡਾ ਦੇ ਅੱਗੇ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਹਲਕਾ ਇੰਚਾਰਜ ਲਾਡੀ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਬਿਨਾਂ ਦੇਰੀ ਤੋਂ ਹਲਕਾ ਵਿਧਾਇਕ ਖਿਲਾਫ਼ ਕੇਸ ਦਰਜ ਕਰੇ।

‘ਚੰਗੇ ਅਕਸ ਵਾਲੇ ਪੀਏ ਰੱਖੋ’

ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨ ਕੈਬਨਿਟ ਮੀਟਿੰਗ ਵਿਚ ਸਾਰੇ ਵਜ਼ੀਰਾਂ ਦੇ ਜ਼ਰੀਏ ਵਿਧਾਇਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਨਾਲ ਚੰਗੇ ਅਕਸ ਵਾਲੇ ਪੀਏ ਰੱਖਣ ਅਤੇ ਉਨ੍ਹਾਂ ਪੀਏ’ਜ਼ ਦੀ ਛੁੱਟੀ ਕੀਤੀ ਜਾਵੇ ਜਿਨ੍ਹਾਂ ਦਾ ਕਿਰਦਾਰ ਸ਼ੱਕੀ ਹੈ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਨੇੜਲੇ ਦੋਸਤ ਜਾਂ ਰਿਸ਼ਤੇਦਾਰਾਂ ਨੂੰ ਪੀਏ ਨਾ ਰੱਖਣ ਦੀ ਤਾੜਨਾ ਕੀਤੀ ਹੈ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਨੇ ਵਜ਼ੀਰਾਂ ਨੂੰ ਕਿਹਾ ਕਿ ਪੀਏ’ਜ਼ ਨੂੰ ਕੰਟਰੋਲ ਕਰੋ।





News Source link

- Advertisement -

More articles

- Advertisement -

Latest article