ਡਾ. ਗੁਰਬਖ਼ਸ਼ ਸਿੰਘ ਭੰਡਾਲ
ਸਾਲ 1977 ਵਿੱਚ ਫਿਜ਼ਿਕਸ ਦੀ ਐੱਮ.ਐੱਸਸੀ. ਕੀਤੀ ਤਾਂ ਕੈਨੇਡਾ ਵਿੱਚ ਵੱਸਦੇ ਕਰੀਬੀ ਰਿਸ਼ਤੇਦਾਰ ਦਾ ਸੁਝਾਅ ਆਇਆ ਕਿ ਕੈਨੇਡਾ ਵਿੱਚ ਉਚੇਰੀ ਪੜ੍ਹਾਈ ਲਈ ਆ ਜਾਵਾਂ, ਜ਼ਿੰਦਗੀ ਹੀ ਬਦਲ ਜਾਵੇਗੀ। ਚੰਗਾ ਲੱਗਾ ਕਿ ਕੋਈ ਤਾਂ ਹੈ ਜਿਸ ਨੂੰ ਮੇਰੇ ਚੰਗੇਰੇ ਭਵਿੱਖ ਦੀ ਚਿੰਤਾ ਹੈ। ਫਿਰ ਉਚੇਰੀ ਪੜ੍ਹਾਈ ਲਈ ਕੈਨੇਡਾ ਦੀ ਯੂਨੀਵਰਸਿਟੀ ਵਿੱਚ ਅਪਲਾਈ ਕੀਤਾ।
ਦਾਖਲਾ ਵੀ ਮਿਲ ਗਿਆ, ਪਰ ਯੂਨੀਵਰਸਿਟੀ ਵੱਲੋਂ ਸਪਾਂਸਰਸ਼ਿਪ ਲਈ ਆਖਿਆ ਗਿਆ ਤਾਂ ਉਹੀ ਰਿਸ਼ਤੇਦਾਰ ਸਪਾਂਸਰਸ਼ਿਪ ਦੇਣ ਤੋਂ ਹੀ ਮੁਨਕਰ ਹੋ ਗਿਆ। ਇਸ ਮੁਨਕਰੀ ਨਾਲ ਉਹ ਸੁਪਨਾ ਤਿੜਕ ਗਿਆ ਜਿਹੜਾ ਮੈਂ ਲਿਆ ਸੀ ਕਿ ਕੈਨੇਡਾ ਵਿੱਚ ਪੀ.ਐੱਚਡੀ ਕਰਨ ਤੋਂ ਬਾਅਦ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਮੌਕਾ ਮਿਲੇਗਾ। ਇਸ ਤਿੜਕੇ ਹੋਏ ਸੁਪਨੇ ਦੀ ਚੀਸ ਮਨ ਵਿੱਚ ਦਬਾਅ ਕੇ ਇਸ ਦੀਆਂ ਕਿੱਚਰਾਂ ਨੂੰ ਜ਼ਿੰਦਗੀ ਦੀਆਂ ਪੈੜਾਂ ਵਿੱਚ ਲੁਕਾ ਲਿਆ। ਮੈਂ ਮਨ-ਮਸੋਸ ਕੇ ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ ਸਰਕਾਰੀ ਸੇਵਾ ਵਿੱਚ ਆ ਕੇ ਸਰਕਾਰੀ ਕਾਲਜ ਵਿੱਚ ਪੜ੍ਹਾਉਣ ਲੱਗ ਗਿਆ। ਜ਼ਿੰਦਗੀ ਰਵਾਂ-ਰਵੀਂ ਚੱਲ ਪਈ। ਬਹੁਤੀ ਵਾਰ ਸੰਵੇਦਨਸ਼ੀਲ ਵਿਅਕਤੀ ਨੂੰ ਤਿੜਕੇ ਸੁਪਨੇ ਦੀ ਚੀਸ ਬਹੁਤ ਤੰਗ ਕਰਦੀ ਹੈ ਅਤੇ ਇਸ ਚੀਸ ਨੂੰ ਸਹਿਲਾਉਣ ਦੇ ਬਾਵਜੂਦ ਇਹ ਤੁਹਾਡੀ ਸੋਚ ਤੋਂ ਓਝਲ ਨਹੀਂ ਹੁੰਦੀ। ਮੈਂ ਸਰਕਾਰੀ ਕਾਲਜ ਕਪੂਰਥਲਾ ਵਿੱਚ ਪੜ੍ਹਾਉਂਦਿਆਂ, ਗੁਰੂ ਨਾਨਕ ਯੂਨੀਵਰਸਿਟੀ ਵਿੱਚ ਡਾ. ਕੁਲਵੰਤ ਸਿੰਘ ਥਿੰਦ ਦੀ ਅਗਵਾਈ ਹੇਠ 1990 ਵਿੱਚ ਨਿਊਕਲੀਅਰ ਫਿਜ਼ਿਕਸ ਵਿੱਚ ਪਾਰਟ-ਟਾਈਮ ਪੀ. ਐੱਚਡੀ ਕਰਨੀ ਸ਼ੁਰੂ ਕਰ ਦਿੱਤੀ। ਪੀ.ਐੱਚਡੀ ਕਰਨ ਸਮੇਂ ਹੀ ਮੈਂ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਗਿਆ ਜਿਸ ਨਾਲ ਮਨ ਨੂੰ ਇਹ ਸਕੂਨ ਜ਼ਰੂਰ ਮਿਲਿਆ ਕਿ ਕਿਸੇ ਤੋਂ ਮੁਥਾਜੀ ਤੋਂ ਬਗੈਰ ਵੀ ਤੁਸੀਂ ਆਪਣੇ ਕਦਮਾਂ ਵਿੱਚ ਸੁਪਨਈ ਸਫ਼ਰ ਉਗਾ ਸਕਦੇ ਹੋ। ਇਸ ਨੂੰ ਪ੍ਰਾਪਤੀ ਦਾ ਸਿਰਨਾਵਾਂ ਵੀ ਦੇ ਸਕਦੇ ਹੋ।
ਸਾਲ 2003 ਵਿੱਚ ਇਮੀਗ੍ਰੇਸ਼ਨ ਲੈ ਕੇ ਪਰਿਵਾਰ ਸਮੇਤ ਕੈਨੇਡਾ ਆ ਗਿਆ। ਬਰੈਂਪਟਨ ਵਿੱਚ ਪੰਜਾਬੀ ਮੀਡੀਆ ਵਿੱਚ ਕੰਮ ਕਰਦਿਆਂ ਵੀ ਅਚੇਤ ਮਨ ਵਿੱਚ ਕੈਨੇਡਾ ਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਸੁਪਨਾ ਅੰਗੜਾਈ ਲੈਂਦਾ ਰਿਹਾ। ਕਈ ਵਾਰ ਅਪਲਾਈ ਕੀਤਾ, ਪਰ ਕੈਨੇਡਾ ਦੀਆਂ ਵਿਦਿਅਕ ਸੰਸਥਾਵਾਂ ਦਾ ਇੱਕ ਹੀ ਜਵਾਬ ਹੁੰਦਾ ਕਿ ਤੁਹਾਡੇ ਕੋਲ ਕੈਨੇਡਾ ਵਿੱਚ ਪੜ੍ਹਾਉਣ ਦਾ ਕੋਈ ਤਜਰਬਾ ਨਹੀਂ। ਭਲਾ ਮੌਕਾ ਦੇਣ ਤੋਂ ਬਗੈਰ ਤਜਰਬਾ ਕਿੰਜ ਆਵੇਗਾ? ਮਨ ਦੁਖੀ ਤਾਂ ਹੁੰਦਾ ਸੀ, ਪਰ ਸਿਰੜ ਹਾਰ ਨਾ ਮੰਨਣ ਲਈ ਬਜ਼ਿੱਦ ਸੀ। ’ਕੇਰਾਂ ਮੈਂ ਅਮਰੀਕਾ ਆਪਣੀ ਬੇਟੀ ਨੂੰ ਮਿਲਣ ਗਿਆ ਤਾਂ ਬਾਰਡਰ ’ਤੇ ਅਮਰੀਕਨ ਇਮੀਗ੍ਰੇਸ਼ਨ ਅਧਿਕਾਰੀ ਨੂੰ ਜਦੋਂ ਪਤਾ ਲੱਗਾ ਕਿ ਮੈਂ ਫਿਜ਼ਿਕਸ ਵਿੱਚ ਪੀ.ਐੱਚਡੀ ਹਾਂ ਤਾਂ ਉਸ ਦਾ ਕਹਿਣਾ ਸੀ ਕਿਉਂ ਤੁਸੀਂ ਕੈਨੇਡਾ ਵਿੱਚ ਆਪਣੀ ਲਿਆਕਤ ਨੂੰ ਵਿਅਰਥ ਗਵਾ ਰਹੇ ਹੋ? ਅਮਰੀਕਾ ਆਓ। ਸਾਨੂੰ ਤੁਹਾਡੇ ਵਰਗਿਆਂ ਦੀ ਬਹੁਤ ਲੋੜ ਹੈ। ਸਮੇਂ ਨਾਲ ਇਹ ਗੱਲ ਵੀ ਕਦੇ ਕਦਾਈਂ ਯਾਦ ਆ ਜਾਂਦੀ।
ਸਾਲ 2014 ਵਿੱਚ ਵੱਡੀ ਬੇਟੀ ਨੇ ਜ਼ਿੱਦ ਕੀਤੀ ਕਿ ਅਸੀਂ ਦੋਵੇਂ ਭੈਣਾਂ ਤਾਂ ਹੁਣ ਅਮਰੀਕਾ ਵਿੱਚ ਹਾਂ। ਤੁਸੀਂ ਵੀ ਅਮਰੀਕਾ ਆ ਜਾਓ ਅਤੇ ਅਸੀਂ ਪੱਕੇ ਤੌਰ ’ਤੇ ਅਮਰੀਕਾ ਜਾਣ ਦਾ ਫੈਸਲਾ ਕਰ ਲਿਆ। ਕੈਨੇਡਾ ਵਿੱਚ ਸਭ ਕੁਝ ਸਮੇਟ ਕੇ ਅਮਰੀਕਾ ਜਾਣ ਤੋਂ ਕੁਝ ਦਿਨ ਪਹਿਲਾਂ ਜਦੋਂ ਮੈਂ ਸੂਫ਼ੀ ਫਕੀਰ ਸਾਈਂ ਕਾਕਾ ਜੀ (ਜਿਨ੍ਹਾਂ ਨੇ ਅੰਮ੍ਰਿਤਾ ਪ੍ਰੀਤਮ ਨਾਲ ਮਿਲ ਕੇ ‘ਕੱਚੇ ਧਾਗੇ ਦਾ ਰਿਸ਼ਤਾ’ ਕਿਤਾਬ ਵੀ ਲਿਖੀ ਹੈ) ਨੂੰ ਮਿਲਿਆ ਅਤੇ ਦੱਸਿਆ ਕਿ ਮੈਂ ਹੁਣ ਅਮਰੀਕਾ ਪੱਕੇ ਤੌਰ ’ਤੇ ਜਾ ਰਿਹਾ ਹਾਂ ਤਾਂ ਉਨ੍ਹਾਂ ਦਾ ਭੋਲੇ ਭਾਅ ਜਵਾਬ ਸੀ ਕਿ ਚੱਲੋ ਚੰਗਾ ਹੋਇਆ। ਤੁਸੀਂ ਕਿਸੇ ਵਿਦਿਅਕ ਅਦਾਰੇ ਵਿੱਚ ਪੜ੍ਹਾ ਕੇ ਆਪਣਾ ਗਿਆਨ ਦੂਸਰਿਆਂ ਨੂੰ ਜ਼ਰੂਰ ਵੰਡੋਗੇ। ਕਈ ਵਾਰ ਕਿਸੇ ਵੱਲੋਂ ਅਚੇਤ ਹੀ ਕਹੀ ਹੋਈ ਗੱਲ ਦਾ ਕਿੰਨਾ ਡੂੰਘਾ ਅਰਥ ਹੁੰਦਾ ਹੈ ਅਤੇ ਇਹ ਤੁਹਾਡੀ ਜ਼ਿੰਦਗੀ ਦੀ ਦਿਸ਼ਾ ਨੂੰ ਕਿਵੇਂ ਨਿਰਧਾਰਤ ਕਰਦਾ ਹੈ, ਇਸ ਦਾ ਅੰਦਾਜ਼ਾ ਜਦੋਂ ਮੈਂ ਹੁਣ ਲਾਉਂਦਾ ਹਾਂ ਤਾਂ ਬਹੁਤ ਹੈਰਾਨੀ ਹੁੰਦੀ ਹੈ। 2014 ਵਿੱਚ ਅਮਰੀਕਾ ਆ ਕੇ, ਫਿਰ ਮਨ ਵਿੱਚ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਖਿਆਲ ਆਇਆ। ਦਰਅਸਲ, ਤੁਹਾਡੇ ਮਨ ਵਿੱਚ ਤਿੜਕੇ ਸੁਪਨੇ ਦੀ ਤਾਮੀਰਦਾਰੀ ਕਰਨ ਅਤੇ ਇਸ ਨੂੰ ਸੱਚ ਕਰਨ ਲਈ ਮਨ ਦੀ ਕਿਸੇ ਨੁੱਕਰੇ ਕੋਈ ਨਾ ਕੋਈ ਭਾਵਨਾ ਉਸਲਵੱਟੇ ਲੈਂਦੀ ਹੀ ਰਹਿੰਦੀ ਏ। ਮੈਂ 12ਵੀਂ ਤੀਕ ਫਿਜ਼ਿਕਸ ਪੜ੍ਹਾਉਣ ਲਈ ਆਨਲਾਈਨ ਸਰਟੀਫਿਕੇਟ ਵੀ ਪ੍ਰਾਪਤ ਕਰ ਲਿਆ, ਪਰ ਮੇਰੇ ਮਨ ਵਿੱਚ ਸਿਰਫ਼ ਕਾਲਜ ਜਾਂ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਾਉਣ ਦੀ ਤਮੰਨਾ ਹੀ ਮੈਨੂੰ ਨਵੀਆਂ ਸੰਭਾਵਨਾਵਾਂ ਅਤੇ ਨਵੀਆਂ ਤਰਕੀਬਾਂ ਵੰਨੀਂ ਤੋਰੀ ਰੱਖਦੀ।
ਅਕਤੂਬਰ 2015 ਵਿੱਚ ਕਲੀਵਲੈਂਡ ਸਟੇਟ ਯੂਨੀਵਰਸਿਟੀ ਦੇ ਡੀਨ, ਸਾਇੰਸ ਨੂੰ ਮਿਲਿਆ ਜੋ ਉਸ ਸਮੇਂ ਫਿਜ਼ਿਕਸ ਵਿਭਾਗ ਦਾ ਚੇਅਰ ਵੀ ਸੀ। ਉਸ ਨੇ ਦੱਸਿਆ ਕਿ ‘‘ਸਾਨੂੰ ਇੱਕ ਪ੍ਰੋਫੈਸਰ ਦੀ ਲੋੜ ਹੈ। ਇਸ ਲਈ ਤੁਹਾਨੂੰ ਇੱਕ ਲੈਕਚਰ ਦੇਣਾ ਪਵੇਗਾ। ਦਰਅਸਲ, ਇੱਥੇ ਕਿਸੇ ਵੀ ਵਿਅਕਤੀ ਨੂੰ ਉਸ ਦੀ ਕਾਰਗੁਜ਼ਾਰੀ ਵਿੱਚੋਂ ਦੇਖਿਆ ਜਾਂਦਾ ਹੈ ਨਾ ਕਿ ਉਸ ਦੀ ਡਿਗਰੀ ਜਾ ਸਿਫ਼ਾਰਸ਼ ਨੂੰ ਆਧਾਰ ਮੰਨ ਕੇ ਨੌਕਰੀ ਮਿਲਦੀ ਹੈ। ਇਸ ਸਬੰਧ ਵਿੱਚ ਤੁਸੀਂ ਪ੍ਰੋ. ਫੋਡਰ ਨੂੰ ਮਿਲੋ। ਉਨ੍ਹਾਂ ਕੋਲੋਂ ਲੈਕਚਰ ਦਾ ਸਮਾਂ, ਵਿਸ਼ੇ ਆਦਿ ਬਾਰੇ ਗੱਲ ਕਰੋ।’’ ਜਦੋਂ ਮੈਂ ਪ੍ਰੋ. ਫੋਡਰ ਨੂੰ ਮਿਲਿਆ ਤਾਂ ਉਹ ਪੁੱਛਣ ਲੱਗਾ ਕਿ ‘‘ਤੁਸੀਂ ਫਿਜ਼ਿਕਸ ਦੇ ਕਿਸ ਚੈਪਟਰ ’ਤੇ ਲੈਕਚਰ ਦੇਵੋਗੇ, ਕਿੰਜ ਦੇਵੋਗੇ (ਬਲੈਕਬੋਰਡ ’ਤੇ ਚਾਕ, ਓਵਰਹੈਡ ਪ੍ਰਾਜੈਕਟਰ, ਪਾਵਰ ਪੁਆਇੰਟ ਜਾਂ ਆਨਲਾਈਨ ਦੇਵੋਗੇ) ਅਤੇ ਕਦੋਂ ਦੇ ਸਕਦੇ ਹੋ?‘‘ ਤਾਂ ਮੇਰਾ ਜਵਾਬ ਸੀ ਕਿ ਮੈਂ ਹਰ ਚੈਪਟਰ ’ਤੇ, ਕਿਸੇ ਵੀ ਸਮੇਂ ਅਤੇ ਕਿਸੇ ਵੀ ਤਰੀਕੇ ਨਾਲ ਲੈਕਚਰ ਦੇਣ ਲਈ ਤਿਆਰ ਹਾਂ। ਤੁਸੀਂ ਦੱਸੋ ਕਿ ਮੈਂ ਕਿਹੜੇ ਖਾਸ ਚਾਪਟਰ ’ਤੇ, ਕਦੋਂ ਅਤੇ ਕਿਸ ਤਰੀਕੇ ਨਾਲ ਲੈਕਚਰ ਦੇਵਾਂ। ਦਰਅਸਲ, ਜਦੋਂ ਤੁਸੀਂ ਆਪਣੀ ਚੋਣ ਦੱਸਦੇ ਹੋ ਤਾਂ ਇਹ ਤੁਹਾਡੀ ਕਮਜ਼ੋਰੀ ਜ਼ਾਹਰ ਕਰਦਾ ਹੈ। ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਹਰ ਵੇਲੇ ਹਰ ਕਿਸਮ ਦੇ ਚੈਪਟਰ ਅਤੇ ਹਰ ਤਰੀਕੇ ਨਾਲ ਚੁਣੌਤੀ ਮਨਜ਼ੂਰ ਕਰਦਾਂ ਹਾਂ ਤਾਂ ਇਹ ਤੁਹਾਡੇ ਆਤਮ-ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਹੁੰਦਾ ਹੈ। ਮੈਂ ਉਨ੍ਹਾਂ ਦੇ ਦੱਸੇ ਹੋਏ ਚੈਪਟਰ, ਸਮੇਂ ਅਤੇ ਤਕਨੀਕ ਅਨੁਸਾਰ ਲੈਕਚਰ ਦੇਣ ਲਈ ਗਿਆ ਤਾਂ ਇੱਕ ਕਲਾਸ ਸਮੇਤ ਉਸ ਵਿੱਚ ਫਿਜ਼ਿਕਸ ਵਿਭਾਗ ਦਾ ਸਾਰਾ ਸਟਾਫ਼ ਚੇਅਰ ਸਮੇਤ ਹਾਜ਼ਰ ਸੀ। ਲੈਕਚਰ ਤੋਂ ਬਾਅਦ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਕੋਲੋਂ ਮੇਰੇ ਪੜ੍ਹਾਉਣ ਬਾਰੇ ਰਾਏ ਵਾਸਤੇ ਇੱਕ ਪ੍ਰੋਫਾਰਮਾ ਭਰਵਾਇਆ ਗਿਆ। ਜਦੋਂ ਮੈਂ ਕਲਾਸ ਤੋਂ ਬਾਹਰ ਆਇਆ ਤਾਂ ਡਾ. ਫੋਡਰ ਮੇਰੇ ਨਾਲ ਹੀ ਆ ਗਏ। ਮੈਨੂੰ ਵਿਭਾਗ ਦੀਆਂ ਲੈਬਾਂ ਦਿਖਾਉਣ ਲੱਗੇ ਅਤੇ ਕਹਿਣ ਲੱਗੇ ਕਿ ਤੁਹਾਨੂੰ ਆਪਣੇ ਪੜ੍ਹਾਉਣ ਵਿੱਚ ਮੈਥ ਨੂੰ ਘਟਾਉਣਾ ਪਵੇਗਾ ਕਿਉਂਕਿ ਇਹ ਵਿਦਿਆਰਥੀ ਮੈਥ ਵਿੱਚ ਜ਼ਿਆਦਾ ਹੁਸ਼ਿਆਰ ਨਹੀਂ। ਤੁਹਾਨੂੰ ਕੁਝ ਦਿਨਾਂ ਤੀਕ ਈ-ਮੇਲ ਮਿਲੇਗੀ ਕਿ ਸਾਰਿਆਂ ਦਾ ਤੁਹਾਡੇ ਪੜ੍ਹਾਉਣ ਪ੍ਰਤੀ ਕੀ ਨਜ਼ਰੀਆ ਹੈ? ਪ੍ਰੋ. ਫੋਡਰ ਵੱਲੋਂ ਦਿਖਾਏ ਉਚੇਚ ਤੋਂ ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਨੂੰ ਮੇਰਾ ਪੜ੍ਹਾਉਣਾ ਚੰਗਾ ਲੱਗਿਆ ਹੋਵੇ। ਹਫ਼ਤੇ ਬਾਅਦ ਡੀਨ ਦੀ ਈ-ਮੇਲ ਆਈ ਕਿ ਤੁਸੀਂ ਪੜ੍ਹਾਉਣ ਲਈ ਚੁਣੇ ਗਏ ਹੋ। ਜਨਵਰੀ 2016 ਤੋਂ ਤੁਹਾਡੀਆਂ ਕਲਾਸਾਂ ਸ਼ੁਰੂ ਹੋਣਗੀਆਂ ਅਤੇ ਪਹਿਲੇ ਸਮੈਸਟਰ ਵਿੱਚ ਤੁਸੀਂ ਸਿਰਫ਼ ਇੱਕ ਹੀ ਕੋਰਸ ਪੜ੍ਹਾਓਗੇ।
ਸਾਲ 1977 ਵਿੱਚ ਲਏ ਹੋਏ ਸੁਪਨੇ ਦਾ 2016 ਵਿੱਚ ਪੂਰਾ ਹੋਣਾ ਲਗਭਗ ਚਾਲੀ ਸਾਲ ਲੰਮੀਂ ਉਡੀਕ ਦੀ ਪੂਰਨਤਾ ਸੀ। ਬਹੁਤ ਕਠਿਨ ਹੁੰਦਾ ਹੈ ਇੰਨੀ ਲੰਮੀ ਉਡੀਕ ਕਰਨਾ ਅਤੇ ਇੰਨੇ ਲੰਮੇ ਸਮੇਂ ਲਈ ਤਿੜਕੇ ਹੋਏ ਸੁਪਨੇ ਦੀ ਚੀਸ ਨੂੰ ਜਿਊਂਦਾ ਰੱਖਣਾ। ਇਸ ਦੀ ਪੂਰਨਤਾ ਲਈ ਨਿਰੰਤਰ ਕੁਝ ਨਾ ਕੁਝ ਉਜਰ ਕਰਦੇ ਰਹਿਣਾ। ਅਕਸਰ ਲੋਕ ਬਹੁਤ ਜਲਦੀ ਟੁੱਟੇ ਸੁਪਨੇ ਨੂੰ ਭੁੱਲ ਜਾਂਦੇ ਹਨ ਅਤੇ ਦੁਨਿਆਵੀ ਦੌੜ ਵਿੱਚ ਉਲਝੇ ਆਪਣੇ ਉਦੇਸ਼ ਤੋਂ ਹੀ ਮੁਨਕਰ ਹੋ ਜਾਂਦੇ ਹਨ। ਦਰਅਸਲ, ਇਹ ਹਾਸਲ, ਸੁਪਨੇ ਦੀ ਪੂਰਨਤਾ ਦੇ ਨਾਲ-ਨਾਲ ਖ਼ੁਦ ਨੂੰ ਵੀ ਤਸੱਲੀ ਦੇ ਗਿਆ ਕਿ ਬੰਦਾ ਚਾਹੇ ਤਾਂ ਕੁਝ ਵੀ ਪ੍ਰਾਪਤ ਕਰ ਸਕਦਾ ਬਸ਼ਰਤੇ ਉਸ ਦੇ ਮਨ ਵਿੱਚ ਹਨੇਰਿਆਂ ’ਚੋਂ ਚਾਨਣ-ਝੀਤ ਨੂੰ ਦੇਖਣ ਦੀ ਜਾਚ ਹੋਵੇ, ਮੁਸ਼ਕਲਾਂ ਅਤੇ ਔਕੜਾਂ ਨਾਲ ਆਢਾ ਲਾਉਣ ਦਾ ਵੱਲ ਹੋਵੇ ਅਤੇ ਦੁਸ਼ਵਾਰੀਆਂ ਨੂੰ ਉਲੰਘ ਕੇ ਨਵੀਆਂ ਪੈੜਾਂ ਨੂੰ ਸਿਰਜਣ ਦਾ ਹੁਨਰ ਹੋਵੇ। ਯਾਦ ਆਉਂਦਾ ਹੈ ਜਨਵਰੀ 2016 ਵਿੱਚ ਯੂਨੀਵਰਸਿਟੀ ਦਾ ਪਹਿਲਾ ਦਿਨ। ਕਮਰੇ ਵਿੱਚ ਦਾਖਲ ਹੁੰਦਿਆਂ ਹੀ ਅੱਖ ਭਰ ਆਈ। ਕਲਾਸ ਵਿੱਚ 60 ਗੋਰੇ ਵਿਦਿਆਰਥੀ। ਸੋਚਾਂ! ਕੁਦਰਤ ਅਤੇ ਮੇਰੇ ਮਾਪਿਆਂ ਦੀ ਇਹ ਕਰਤਾਰੀ ਇਨਾਇਤ ਹੈ। ਮੰਡ ਵਿੱਚ ਪਸ਼ੂ ਚਾਰਦੇ ਜੁਆਕ ਨੇ ਕਦੇ ਖ਼ੁਆਬ ਵਿੱਚ ਵੀ ਸੋਚਿਆ ਨਹੀਂ ਹੋਣਾ ਕਿ ਉਹ ਕਿਸੇ ਦਿਨ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜ੍ਹਾਵੇਗਾ। ਇਹ ਮੇਰੇ ਪਿੰਡ, ਮੇਰੇ ਬੁੱਢੇ ਘਰ, ਮੇਰੇ ਅਧਿਆਪਕਾਂ ਦੀਆਂ ਦੁਆਵਾਂ ਨੇ ਜਿਸ ਸਦਕਾ ਮੈਨੂੰ ਇਹ ਮੌਕਾ ਮਿਲਿਆ। ਪਹਿਲੇ ਦਿਨ ਕਲਾਸ ਵਿੱਚ ਮੈਂ ਕੁਝ ਮਿੰਟ ਲਈ ਆਪਣੇ ਪਿਛੋਕੜ, ਵਿਦਿਆ, ਧਾਰਮਿਕ ਅਕੀਦੇ, ਆਪਣੇ ਪਹਿਰਾਵੇ ਅਤੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕਰਦਾ ਹਾਂ। ਫਿਰ ਹਰ ਵਿਦਿਅਰਥੀ ਨੂੰ ਪੁੱਛਦਾ ਹਾਂ ਕਿ ਉਸ ਦਾ ਨਾਮ ਕੀ ਹੈ, ਉਹ ਕਿਹੜੇ ਸੁਪਨੇ ਲੈ ਕੇ ਇਸ ਯੂਨੀਵਰਸਿਟੀ ਵਿੱਚ ਦਾਖਲ ਹੋਇਆ ਅਤੇ ਇਸ ਦੀ ਪੂਰਨਤਾ ਲਈ ਉਹ ਕਿੰਨਾ ਕੁ ਅਰਪਿਤ ਅਤੇ ਪ੍ਰਤੀਬੱਧ ਹੈ? ਇਸ ਨਾਲ ਵਿਦਿਅਰਥੀਆਂ ਨੂੰ ਆਪਣੇ ਅੰਦਰ ਝਾਕਣ, ਸੁਪਨੇ ਨੂੰ ਪਛਾਨਣ ਅਤੇ ਇਸ ਨੂੰ ਪੂਰਾ ਕਰਨ ਲਈ ਹੋਰ ਉੱਦਮ ਕਰਨ ਦੀ ਉਤੇਜਨਾ ਮਿਲਦੀ ਹੈ। ਦਰਅਸਲ, ਮੈਂ ਆਪਣੇ ਅਧਿਆਪਨ ਦੌਰਾਨ, ਆਪਣੇ ਵਿਦਿਆਰਥੀਆਂ ਨੂੰ ਵਿਸ਼ੇ ਦਾ ਗਿਆਨ ਦੇਣ ਦੇ ਨਾਲ ਜ਼ਿੰਦਗੀ ਦੇ ਸਰੋਕਾਰਾਂ, ਕਦਰਾਂ-ਕੀਮਤਾਂ ਅਪਨਾਉਣ ਅਤੇ ਖ਼ੁਦ ਪ੍ਰਤੀ ਸੁਹਿਰਦ ਅਤੇ ਸਮਰਪਿਤ ਹੋਣ ਲਈ ਪ੍ਰੇਰਿਤ ਕਰਦਾ ਹਾਂ।
ਅਮਰੀਕਾ ਵਿੱਚ ਯੂਨੀਵਰਸਿਟੀ ਦੇ ਪ੍ਰੋਫੈਸਰ ਦਾ ਬਹੁਤ ਹੀ ਸਤਿਕਾਰ ਅਤੇ ਉੱਚਾ ਰੁਤਬਾ ਹੈ। ਹਰ ਪ੍ਰੋਫੈਸਰ ਆਪਣੀ ਕਲਾਸ ਤੋਂ ਬਾਅਦ ਇੱਕ ਘੰਟਾ ਆਪਣੇ ਵਿਦਿਆਰਥੀਆਂ ਲਈ ਰਾਖਵਾਂ ਰੱਖਦਾ ਹੈ ਤਾਂ ਕਿ ਕੋਈ ਵੀ ਵਿਦਿਆਰਥੀ ਪੜ੍ਹਾਈ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕੇ। ਪ੍ਰੋਫੈਸਰ ਆਪਣਾ ਕੋਰਸ ਖੁ਼ਦ ਤਿਆਰ ਕਰਦਾ ਹੈ, ਕਿੰਨੇ ਟੈਸਟ ਲੈਣੇ, ਕਿਸ ਤਰੀਕ ਨੂੰ ਲੈਣੇ, ਕਿਵੇਂ ਲੈਣਾ, ਕਿਸ ਤਰੀਕ ਨੂੰ ਕਿਹੜਾ ਚੈਪਟਰ ਪੜ੍ਹਾਉਣਾ ਆਦਿ ਪਹਿਲੇ ਦਿਨ ਤੋਂ ਹੀ ਤੈਅ ਹੁੰਦਾ ਹੈ। ਇਸ ਦਾ ਪੂਰਾ ਵੇਰਵਾ ਹਰ ਵਿਦਿਆਰਥੀ ਨੂੰ ਈ-ਮੇਲ ਕਰ ਦਿੱਤਾ ਜਾਂਦਾ ਹੈ। ਹਰ ਟੈਸਟ, ਕੁਇਜ਼, ਆਨ ਲਾਈਨ ਵਰਕ ਆਦਿ ਪ੍ਰੋਫੈਸਰ ਖ਼ੁਦ ਕਰਦਾ ਹੈ। ਖ਼ੁਦ ਹੀ ਮੁਲਾਂਕਣ ਕਰਦਾ ਅਤੇ ਗਰੇਡ ਦਿੰਦਾ ਹੈ। ਵਿਭਾਗ ਦਾ ਚੇਅਰ ਜਾਂ ਯੂਨੀਵਰਸਿਟੀ ਦਾ ਕੋਈ ਵੀ ਅਧਿਕਾਰੀ ਇਸ ਵਿੱਚ ਦਖਲ ਨਹੀਂ ਦਿੰਦਾ। ਇਨ੍ਹਾਂ ਗਰੇਡਾਂ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਹਾਂ ਪ੍ਰੋਫੈਸਰ ਪੂਰਨ-ਪਾਰਦਰਸ਼ੀ ਅਤੇ ਨਿਰਪੱਖ ਹੁੰਦਾ ਹੈ ਅਤੇ ਕੋਈ ਵੀ ਵਿਦਿਆਰਥੀ ਕਿਸੇ ਵੀ ਸਮੇਂ ਤੁਹਾਡੇ ਕੋਲੋਂ ਆਪਣੇ ਗਰੇਡਾਂ ਬਾਰੇ ਕੋਈ ਵੀ ਪ੍ਰਸ਼ਨ ਪੁੱਛ ਸਕਦਾ ਹੈ ਅਤੇ ਇਸ ਦਾ ਜਵਾਬ ਦੇਣਾ ਤੁਹਾਡੀ ਜ਼ਿੰਮੇਵਾਰੀ ਹੁੰਦੀ ਹੈ। ਹਰ ਸਮੈਟਰ ਦੇ ਖਤਮ ਹੋਣ ’ਤੇ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਕੋਲੋਂ ਪ੍ਰੋਫੈਸਰ ਦਾ ਗੁਪਤ ਰੂਪ ਵਿੱਚ ਆਨਲਾਈਨ ਮੁਲਾਂਕਣ ਕਰਵਾਇਆ ਜਾਂਦਾ ਹੈ। ਇਹ ਮੁਲਾਂਕਣ ਚੇਅਰ ਤੋਂ ਹੁੰਦਾ ਹੋਇਆ ਤੁਹਾਡੇ ਕੋਲ ਪਹੁੰਚਦਾ ਹੈ ਕਿ ਤੁਹਾਨੂੰ ਆਪਣੀਆਂ ਕਮੀਆਂ ਜਾਂ ਚੰਗੇ ਗੁਣਾਂ ਦਾ ਪਤਾ ਲੱਗ ਸਕੇ। ਪਤਾ ਲੱਗ ਸਕੇ ਕਿ ਵਿਦਿਆਰਥੀਆਂ ਦੇ ਤੁਹਾਡੇ ਬਾਰੇ ਕੀ ਵਿਚਾਰ ਹਨ? ਤੁਹਾਡਾ ਮੁਲਾਂਕਣ ਮਾੜਾ ਹੋਣ ’ਤੇ ਤੁਹਾਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ।
ਪਹਿਲੇ ਸਮੈਸਟਰ ਤੋਂ ਬਾਅਦ ਅਗਲੇ ਸਮੈਸਟਰ ਲਈ ਦੋ ਕੋਰਸ ਪੜ੍ਹਾਉਣ ਲਈ ਕਿਹਾ ਗਿਆ। ਚੰਗਾ ਲੱਗਾ ਕਿ ਮੈਂ ਨਵੇਂ ਅਦਾਰੇ ਵਿੱਚ, ਨਵੇਂ ਮਾਹੌਲ ਅਤੇ ਨਵੇਂ ਤਰੀਕੇ ਨਾਲ ਫਿਜ਼ਿਕਸ ਪੜ੍ਹਾਉਣ ਲਈ ਖ਼ੁਦ ਨੂੰ ਅਪਡੇਟ ਕਰ ਕੇ, ਵਕਤ ਦਾ ਹਾਣੀ ਹੋ ਸਕਿਆ। ਯੂਨੀਵਰਸਿਟੀ ਵਿੱਚ ਪੜ੍ਹਾਉਣ ਦੌਰਾਨ ਮੈਂ ਇਹ ਦੇਖਿਆ ਕਿ ਕਈ ਵਾਰ ਵਿਦਿਆਰਥੀ ਆਪਣੀਆਂ ਨਿੱਜੀ ਮੁਸ਼ਕਲਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਹਨ ਅਤੇ ਤੁਹਾਡੇ ਕੋਲੋਂ ਸਲਾਹ ਵੀ ਲੈਂਦੇ ਹਨ। ਮੇਰੇ ਜ਼ਿਆਦਾਤਰ ਵਿਦਿਆਰਥੀ ਮੈਡੀਕਲ ਫੀਲਡ ਵਿੱਚ ਜਾਣ ਵਾਲੇ ਹੁੰਦੇ ਹਨ, ਇਸ ਲਈ ਜਦੋਂ ਉਨ੍ਹਾਂ ਨੇ ਕਿਸੇ ਮੈਡੀਕਲ/ ਡੈਂਟਲ/ਫਾਰਮੇਸੀ/ਫਿਜ਼ਿਓਥੈਰੇਪੀ ਕਾਲਜ ਵਿੱਚ ਦਾਖਲਾ ਲੈਣਾ ਹੁੰਦਾ ਤਾਂ ਉਨ੍ਹਾਂ ਦੇ ਪ੍ਰੋਫੈਸਰ ਵੱਲੋਂ ਭੇਜੇ ਗਏ ਸਿਫਾਰਸ਼ੀ ਪੱਤਰ ਦੀ ਬਹੁਤ ਅਹਿਮੀਅਤ ਹੁੰਦੀ ਹੈ। ਹਰ ਪ੍ਰੋਫੈਸਰ ਆਪਣੇ ਵਿਦਿਆਰਥੀ ਦਾ ਸਹੀ ਮੁਲਾਂਕਣ ਕਰ ਕੇ ਸਬੰਧਤ ਅਦਾਰੇ ਨੂੰ ਭੇਜਦਾ ਹੈ ਅਤੇ ਅਦਾਰਾ ਕਦੇ ਵੀ ਕਿਸੇ ਪ੍ਰੋਫੈਸਰ ਦੀ ਦਿਆਨਤਦਾਰੀ ’ਤੇ ਕੋਈ ਕਿੰਤੂ ਨਹੀਂ ਕਰਦਾ। ਮੈਂ ਇਹ ਵੀ ਦੇਖਿਆ ਕਿ ਜਦੋਂ ਤੁਸੀਂ ਸਿਰ ’ਤੇ ਦਸਤਾਰ ਪਹਿਨ ਕੇ ਕਿਸੇ ਅਦਾਰੇ ਵਿੱਚ ਕੰਮ ਕਰਦੇ ਹੋ ਤਾਂ ਤੁਸੀਂ ਆਪਣੇ ਭਾਈਚਾਰੇ ਦੇ ਇੱਕ ਅਦਿੱਖ ਰੂਪ ਵਿੱਚ ਦੂਤ ਹੁੰਦੇ ਹੋ। ਬਹੁ-ਗਿਣਤੀ ਵਿੱਚ ਪੜ੍ਹਦੇ ਗੋਰੇ ਵਿਦਿਆਰਥੀਆਂ ਨੂੰ ਤੁਹਾਡੇ ਬਾਰੇ ਜਾਣਕਾਰੀ ਮਿਲਦੀ ਹੈ। ਮੇਰੇ ਦੋ ਕੋਰਸਾਂ ਵਿੱਚ ਹਰ ਸਮੈਸਟਰ ਵਿੱਚ ਸੌ ਕੁ ਵਿਦਿਆਰਥੀ ਹੁੰਦੇ ਹਨ ਭਾਵ 100 ਕੁ ਪਰਿਵਾਰਾਂ ਨੂੰ ਸਿੱਖ ਧਰਮ ਬਾਰੇ ਕੁਝ ਗਿਆਨ ਜ਼ਰੂਰ ਮਿਲਦਾ ਹੈ।
ਇਨ੍ਹਾਂ ਅਦਾਰਿਆਂ ਰਾਹੀਂ ਤੁਸੀਂ ਆਪਣੀ ਪਛਾਣ ਨੂੰ ਉਸ ਰੂਪ ਵਿੱਚ ਦਰਸਾ ਸਕਦੇ ਹੋ ਜਿਹੜੀ ਤੁਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹੋ। ਮੈਂ ਸਾਰੀ ਉਮਰ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਾਇਆ, ਪਰ ਮੈਂ ਦੇਖਿਆ ਕਿ ਇੱਥੇ ਯੂਨੀਵਰਸਿਟੀ ਵਿੱਚ ਪੜ੍ਹਦੇ ਵਿਦਿਆਰਥੀ ਜ਼ਿਆਦਾ ਮਿਹਨਤੀ ਅਤੇ ਟੀਚੇ ਪ੍ਰਤੀ ਫ਼ਿਕਰਮੰਦ ਨੇ। ਉਹ ਬਹੁਤ ਇਮਾਨਦਾਰ ਅਤੇ ਸੱਚ ਬੋਲਦੇ ਨੇ। ਯੂਨੀਵਰਸਿਟੀ ਵੱਲੋਂ ਕਰਵਾਏ ਜਾਂਦੇ ਮੁਲਾਂਕਣ ਵਿੱਚ ਵੀ ਤੁਹਾਨੂੰ ਉਨ੍ਹਾਂ ਦੀ ਸਪੱਸ਼ਟਤਾ ਸਾਫ਼ ਦਿਸਦੀ ਹੈ। ਜ਼ਿਆਦਾਤਰ ਵਿਦਿਆਰਥੀ ਆਪਣੀ ਪੜ੍ਹਾਈ ਦਾ ਖਰਚਾ ਖ਼ੁਦ ਉਠਾਉਂਦੇ ਹਨ। ਪੜ੍ਹਾਈ ਦੇ ਨਾਲ ਨਾਲ ਪਾਰਟ-ਟਾਈਮ ਕੰਮ ਵੀ ਕਰਦੇ ਹਨ। ਇੱਥੇ ਪੜ੍ਹਨ ਦੀ ਕੋਈ ਨਿਰਧਾਰਤ ਉਮਰ ਨਹੀਂ। ਮੇਰੇ ਕੁਝ ਵਿਦਿਆਰਥੀ ਉਹ ਹੁੰਦੇ ਹਨ ਜਿਹੜੇ ਇੱਕ ਕਿੱਤੇ ਵਿਚੋਂ ਰਿਟਾਇਰ ਹੋ ਕੇ ਮੁੜ ਪੜ੍ਹਾਈ ਕਰ ਕੇ ਦੂਸਰੇ ਕਿੱਤੇ ਵਿੱਚ ਜਾਣਾ ਚਾਹੁੰਦੇ ਹਨ। ਇਸ ਵੇਲੇ ਵੀ ਦੋ ਵਿਦਿਆਰਥੀ ਅਜਿਹੇ ਹਨ ਜੋ ਅਮਰੀਕਨ ਆਰਮੀ ਵਿੱਚ ਹਨ ਅਤੇ ਨਾਲ ਨਾਲ ਪੜ੍ਹਾਈ ਕਰ ਕੇ ਡਾਕਟਰ ਬਣਨਾ ਚਾਹੁੰਦੇ ਹਨ। ਮੈਂ ਅਕਸਰ ਭੌਤਿਕ ਵਿਗਿਆਨ ਪੜ੍ਹਾਉਂਦਿਆਂ, ਇਸ ਨੂੰ ਰੋਜ਼ਾਨਾ ਜ਼ਿੰਦਗੀ ਦੀਆਂ ਕੁਝ ਕਿਰਿਆਵਾਂ ਨਾਲ ਜੋੜ ਕੇ ਜ਼ਿੰਦਗੀ ਦੇ ਸੱਚੇ-ਸੁੱਚੇ ਅਰਥਾਂ ਦੀ ਨਿਸ਼ਾਨਦੇਹੀ ਕਰਨ ਲੱਗ ਪਵਾਂ ਜਾਂ ਖੂਬਸੂਰਤ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾਉਣ ਜਾਂ ਸਫ਼ਲ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਦੀ ਗੱਲ ਕਰਨ ਲੱਗ ਪਵਾਂ ਤਾਂ ਅਕਸਰ ਕਈ ਵਾਰ ਵਿਦਿਆਰਥੀ ਇਹ ਵੀ ਕਹਿ ਦਿੰਦੇ ਕਿ ਡਾ. ਭੰਡਾਲ ਇਹ ਫਿਜ਼ਿਕਸ ਦੀ ਕਲਾਸ ਦੀ ਬਜਾਏ ਫ਼ਿਲਾਸਫ਼ੀ ਦੀ ਕਲਾਸ ਜ਼ਿਆਦਾ ਲੱਗਦੀ ਹੈ। ਉਹ ਬਹੁਤ ਧਿਆਨ ਨਾਲ ਸੁਪਨਿਆਂ ਨੂੰ ਪੂਰਾ ਕਰਨ ਦੀਆਂ ਗੱਲਾਂ ਸੁਣਦੇ ਹਨ। ਕਈ ਵਾਰ ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਕਿਤਾਬੀ ਗਿਆਨ ਦੇ ਚੌਗਿਰਦੇ ਵਿੱਚੋਂ ਬਾਹਰ ਝਾਕਣ ਦੀ ਕਿਸੇ ਨੇ ਅਹਿਮੀਅਤ ਨਹੀਂ ਦੱਸੀ। ਉਨ੍ਹਾਂ ਨੂੰ ਚੰਗਾ ਲੱਗਦਾ ਹੈ ਕਿ ਜਦੋਂ ਕੋਈ ਉਨ੍ਹਾਂ ਨੂੰ ਜੀਵਨ ਦੀ ਸੁੰਦਰਤਾ ਅਤੇ ਕੁਦਰਤੀ ਕਿਰਿਆਵਾਂ ਨੂੰ ਨਿਹਾਰਨ ਦਾ ਗੁਰ ਦੱਸਦਾ ਹੈ। ਮੈਂ ਇਹ ਵੀ ਜਾਣਿਆ ਕਿ ਤੁਸੀਂ ਕੀ ਹੋ, ਇਹ ਸ਼ਾਇਦ ਤੁਹਾਡੇ ਨਾਲੋਂ ਤੁਹਾਡੇ ਵਿਦਿਆਰਥੀ ਬਿਹਤਰ ਜਾਣਦੇ ਅਤੇ ਸਮਝਦੇ ਹਨ। ਤੁਹਾਡੇ ਨਾਲੋਂ ਤੁਹਾਡਾ ਕੰਮ ਜ਼ਿਆਦਾ ਬੋਲਦਾ ਹੈ। ਯਾਦ ਆਉਂਦਾ ਹੈ ਕਿ ਪਿਛਲੇ ਸਾਲ ਕਿਸੇ ਹੋਰ ਕਾਲਜ ਤੋਂ ਈ-ਮੇਲ ਆਈ ਕਿ ਸਾਡੇ ਕਾਲਜ ਵਿੱਚ ਫਿਜ਼ਿਕਸ ਦਾ ਇੱਕ ਕੋਰਸ ਪੜ੍ਹਾਉਣ ਲਈ ਸਾਨੂੰ ਤੁਹਾਡੀ ਲੋੜ ਹੈ। ਸਾਨੂੰ ਆ ਕੇ ਮਿਲੋ। ਮੈਂ ਦੱਸਿਆ ਕਿ ਮੈਂ ਤਾਂ ਪਹਿਲਾਂ ਹੀ ਪੜ੍ਹਾ ਰਿਹਾ ਹਾਂ ਤਾਂ ਉਸ ਕਾਲਜ ਦੇ ਡੀਨ ਦਾ ਕਹਿਣਾ ਸੀ ਕਿ ’ਕੇਰਾਂ ਮਿਲ ਜਾਓ।
ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ਤਾਂ ਉਨ੍ਹਾਂ ਨੇ ਕਿਹਾ ਕਿ ਤੁਸੀਂ ਸ਼ੁੱਕਰਵਾਰ ਨੂੰ ਵਿਹਲੇ ਹੁੰਦੇ ਹੋ, ਉਸ ਦਿਨ ਹੀ ਸਾਡੇ ਕਾਲਜ ਵਿੱਚ ਪੜ੍ਹਾ ਦਿਆ ਕਰੋ। ਮੈਂ ਜਦੋਂ ਪੜ੍ਹਾਉਣ ਲਈ ਹਾਮੀ ਭਰੀ ਤਾਂ ਡੀਨ ਪੁੱਛਣ ਲੱਗਾ ਕਿ ‘‘ਤੁਸੀਂ ਇਹ ਨਹੀਂ ਪੁੱਛੋਗੇ ਕਿ ਕੋਰਸ ਪੜ੍ਹਾਉਣ ਲਈ ਅਸੀਂ ਤੁਹਾਨੂੰ ਹੀ ਕਿਉਂ ਸੰਪਰਕ ਕੀਤਾ? ਮੈਂ ਤੁਹਾਨੂੰ ਦੱਸਾਂ! ਤੁਸੀਂ ਕਦੇ ‘ਰੇਟ ਮਾਈ ਪ੍ਰੋਫੈਸਰ’ ਵੈੱਬਸਾਈਟ ’ਤੇ ਆਪਣੇ ਬਾਰੇ, ਆਪਣੇ ਵਿਦਿਆਰਥੀਆਂ ਦੇ ਵਿਚਾਰ ਪੜ੍ਹਨਾ। ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਵਿਦਿਆਰਥੀਆਂ ਵਿੱਚ ਕਿੰਨੇ ਮਕਬੂਲ ਹੋ। ਇਸ ਵੈੱਬਸਾਈਟ ਤੋਂ ਦੇਖ ਕੇ ਅਸੀਂ ਤੁਹਾਨੂੰ ਬੁਲਾਇਆ ਕਿਉਂਕਿ ਸਾਨੂੰ ਤੁਹਾਡੇ ਵਰਗਾ ਪ੍ਰੋਫੈਸਰ ਚਾਹੀਦਾ ਸੀ।’’ ਮਨ ਖੁਸ਼ ਹੋਇਆ ਕਿ ਮੈਂ ਆਪਣੀ ਪਛਾਣ, ਮਾਪਿਆਂ ਅਤੇ ਪਿੰਡ ਦੀ ਲਾਜ ਰੱਖ ਸਕਿਆ। ਯਾਦ ਆਇਆ ਕਿ ਪਿਛਲੇ ਸਾਲ ਫਰਵਰੀ ਵਿੱਚ ਜਦੋਂ ਮੈਂ ਆਪਣੇ ਦਫ਼ਤਰ ਵਿੱਚ ਬੈਠਾ ਆਪਣਾ ਲੈਕਚਰ ਤਿਆਰ ਕਰ ਰਿਹਾ ਸੀ ਤਾਂ ਮੇਰੇ ਚੇਅਰ ਡਾ. ਫੋਡਰ ਨੇ ਮੇਰੇ ਦਰਵਾਜ਼ੇ ’ਤੇ ਦਸਤਕ ਦਿੰਦਿਆਂ ਕਿਹਾ ਕਿ ਡਾ. ਭੰਡਾਲ ਜੇ ਤੁਸੀਂ ਵਿਹਲੇ ਹੋਵੋ ਤਾਂ ਇਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ। ਜਦੋਂ ਮੈਂ ਕਿਹਾ ਕਿ ਮੈਂ ਵਿਹਲਾ ਹੀ ਹਾਂ, ਦੱਸੋ। ਤਾਂ ਉਸ ਨੇ ਕਿਹਾ ਕਿ ਅੱਜ ਹੀ ਮੈਨੂੰ ਯੂਨੀਵਰਸਿਟੀ ਵੱਲੋਂ ਤੁਹਾਡੇ ਪਿਛਲੇ ਸਮੈਸਟਰ ਦੇ ਵਿਦਿਆਰਥੀਆਂ ਦਾ ਮੁਲਾਂਕਣ ਪ੍ਰਾਪਤ ਹੋਇਆ ਹੈ। ਮੈਂ ਚਾਹੁੰਦਾ ਹਾਂ ਕਿ ਮੇਰੇ ਸਾਰੇ ਪ੍ਰੋਫੈਸਰ ਤੁਹਾਡੇ ਵਰਗੇ ਹੀ ਹੋਣ। ਪਿੰਡ ਦੇ ਉਸ ਜੁਆਕ ਲਈ ਜਿਸ ਨੇ 40 ਸਾਲ ਪਹਿਲਾਂ ਕਦੇ ਵਿਦੇਸ਼ ਦੀ ਯੂਨੀਵਰਸਿਟੀ ਵਿੱਚ ਪੜ੍ਹਾਉਣ ਦਾ ਸੁਪਨਾ ਲਿਆ ਸੀ, ਇਸ ਤੋਂ ਵੱਡਾ ਹੋਰ ਕੀ ਸਨਮਾਨ ਹੋ ਸਕਦਾ ਹੈ। ਇਹ ਸੁਣਦਿਆਂ ਹੀ ਮੈਂ ਚੁੱਪ ਹੋ ਗਿਆ ਅਤੇ ਸ਼ੁਕਰਗੁਜ਼ਾਰੀ ਵਿੱਚ ਮੇਰਾ ਸਿਰ ਝੁਕ ਗਿਆ।
ਸੰਪਰਕ: 216-556-2080
News Source link
#ਸਪਨ #ਦ #ਪਰਤ