34.2 C
Patiāla
Friday, May 17, 2024

ਗੁਰਬਖਸ਼ ਸਿੰਘ ਨੇ ਇਕੱਠਾ ਕੀਤਾ ਆਪਣੇ ਸਸਕਾਰ ਲਈ ਬਾਲਣ

Must read


ਪਾਲ ਸਿੰਘ ਨੌਲੀ

ਜਲੰਧਰ, 4 ਜਨਵਰੀ

ਲਤੀਫਪੁਰਾ ਵਿੱਚ ਉਜਾੜੇ ਗਏ ਹਰ ਘਰ ਦੇ ਮਲਬੇ ਵਿੱਚੋਂ ਪੀੜਤਾਂ ਦੀਆਂ ਅਜਿਹੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਅੱਖਾਂ ਭਰ ਆਉਂਦਾ ਹੈ। ਮਿੱਟੀ ਵਿੱਚ ਮਿਲਾ ਦਿੱਤੇ ਗਏ ਆਪਣੇ ਘਰ ਦਾ ਮਲਬਾ ਫਰੋਲਦਿਆਂ ਗੁਰਬਖਸ਼ ਸਿੰਘ ਵੀ ਧਾਹਾਂ ਮਾਰ ਕੇ ਰੋ ਪਿਆ। ਉਹ ਸ਼ਟਰਿੰਗ ਦਾ ਕਾਰੋਬਾਰ ਕਰਦਾ ਰਿਹਾ ਹੈ। 53 ਸਾਲਾ ਗੁਰਬਖਸ਼ ਸਿੰਘ ਦਾ ਕਹਿਣਾ ਸੀ ਕਿ ਉਸ ਦੇ ਮਾਤਾ ਪਿਤਾ ਦੇ ਹੱਥਾਂ ਦੀਆਂ ਸ਼ਤੀਰੀਆਂ ਤੇ ਚੁਗਾਠਾਂ ਬਣੀਆਂ ਹੋਈਆਂ ਸਨ, ਜਿਹੜੀਆਂ ਮਲਬੇ ਵਿੱਚ ਦੱਬੀਆਂ ਗਈਆਂ ਹਨ। ਗੁਰਬਖਸ਼ ਸਿੰਘ ਨੇ ਦੱਸਿਆ ਕਿ 1947 ਵਿੱਚ ਉਸ ਦੇ ਪਿਤਾ ਜੀ ਪਾਕਿਸਤਾਨ ਦੇ ਸਿਆਲਕੋਟ ਇਲਾਕੇ ਵਿੱਚੋਂ ਉਜੜ ਕੇ ਆਏ ਸਨ।

ਲਤੀਫਪੁਰਾ ਵਿੱਚ ਉਸ ਦਾ 1970 ਵਿੱਚ ਜਨਮ ਹੋਇਆ ਸੀ ਤੇ ਇਸੇ ਘਰ ਵਿੱਚ ਹੀ ਉਸ ਦੇ ਤਿੰਨ ਬੱਚੇ ਪੈਦਾ ਹੋਏ ਸਨ। ਮਾਪੇ ਪਹਿਲਾਂ ਡੇਅਰੀ ਦਾ ਕੰਮ ਕਰਦੇ ਸਨ। ਉਨ੍ਹਾਂ ਕੋਲ 12 ਮੱਝਾਂ ਸਨ ਜਦੋਂ ਡੇਅਰੀਆਂ ਸ਼ਹਿਰ ਵਿੱਚੋਂ ਬਾਹਰ ਕੱਢ ਦਿੱਤੀਆਂ ਤਾਂ ਉਨ੍ਹਾਂ ਨੇ ਫੱਟੇ-ਬੱਲੀਆਂ ਦਾ ਕੰਮ ਸ਼ੁਰੂ ਕਰ ਲਿਆ। ਬੱਚੇ ਜਵਾਨ ਹੋਏ ਤਾਂ ਉਨ੍ਹਾਂ ਨੂੰ ਕਰਜ਼ਾ ਲੈ ਕੇ ਛੋਟੇ ਹਾਥੀ ਲੈ ਦਿੱਤਾ। ਘਰ ਬਣਾਉਣ ਲਈ ਡੇਢ ਲੱਖ ਕਰਜ਼ਾ ਲਿਆ ਤੇ ਘਰਵਾਲੀ ਦੇ ਗਹਿਣੇ ਵੇਚਣ ਪਏ ਸਨ। ਗੁਰਬਖਸ਼ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਘਰ ਦੇ ਮਲਬੇ ਵਿੱਚੋਂ ਤਿੰਨ-ਚਾਰ ਲੱਕੜ ਦੇ ਬਾਲੇ ਇੱਕ ਰਿਸ਼ਤੇਦਾਰ ਦੇ ਘਰ ਰੱਖ ਦਿੱਤੇ ਹਨ ਤੇ ਨਾਲ ਹੀ ਉਸ ਨੂੰ ਕਹਿ ਦਿੱਤਾ ਹੈ ਕਿ ਜਦੋਂ ਉਹ ਇਸ ਫਾਨੀ ਸੰਸਾਰ ਤੋਂ ਤੁਰੇ ਤਾਂ ਇਹ ਬਾਲੇ ਉਸ ਦੀ ਚਿਖਾ ਵਿੱਚ ਚਿਣ ਦਿੱਤੇ ਜਾਣ। ਗੁਰਬਖਸ਼ ਸਿੰਘ ਨੇ ਦੱਸਿਆ ਕਿ 9 ਦਸੰਬਰ ਨੂੰ ਜਦੋਂ ਉਸ ਦਾ ਘਰ ਢਾਹਿਆ ਗਿਆ ਤਾਂ ਵਿਰੋਧ ਕਰਨ ’ਤੇ ਉਸ ਨੂੰ ਤੇ ਉਸ ਦੀ ਪਤਨੀ ਨੂੰ ਪੁਲੀਸ ਫੜਕੇ ਲੈ ਗਈ। ਉਸ ਦਾ ਕਹਿਣਾ ਸੀ ਕਿ ਚਾਰ ਮਹੀਨੇ ਪਹਿਲਾਂ ਉਨ੍ਹਾਂ ਦੇ ਇਸੇ ਘਰ ਵਿੱਚ ਪੋਤੇ ਦਾ ਜਨਮ ਹੋਇਆ ਸੀ। ਤਿੰਨ ਪੀੜ੍ਹੀਆਂ ਦਾ ਜਨਮ ਇਸ ਘਰ ਵਿੱਚ ਹੋਇਆ ਹੈ ਤਾਂ ਉਹ ਕਿੱਦਾਂ ਇਹ ਥਾਂ ਛੱਡ ਕੇ ਹੋਰ ਥਾਂ ਜਾ ਸਕਦੇ ਹਨ। ਉਸ ਨੇ ਕਿਹਾ ਕਿ ਸਰਕਾਰ ਆਮ ਆਦਮੀ ਦੀ ਹੈ ਪਰ ਸਾਥ ਭੂਮੀ ਮਾਫੀਆ ਦਾ ਦੇ ਰਹੀ ਹੈ। ਪੰਜਾਬ ਦਾ ਮੁੱਖ ਮੰਤਰੀ ਜ਼ਮੀਨ ਨਾਲ ਤਾਂ ਜੁੜਿਆ ਹੋਇਆ ਹੈ ਪਰ ਉਨ੍ਹਾਂ ਨੂੰ ਜਿਹੜੀ ਜ਼ਮੀਨ ਤੋਂ ਉਜਾੜਿਆ ਜਾ ਰਿਹਾ ਹੈ ਉਸ ਬਾਰੇ ਇੱਕ ਵੀ ਟਵੀਟ ਕਿਉਂ ਨਹੀਂ ਕੀਤਾ ਗਿਆ।





News Source link

- Advertisement -

More articles

- Advertisement -

Latest article