ਮਾਸਕੋ, 24 ਦਸੰਬਰ
ਸਾਇਬੇਰੀਅਨ ਸ਼ਹਿਰ ਕੇਮੇਰੋਵੋ ਦੇ ਇੱਕ ਨਿੱਜੀ ਸ਼ੈਲਟਰ ਵਿੱਚ ਅੱਜ ਅੱਗ ਲੱਗਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖ਼ਮੀ ਹੋ ਗਏ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਮਾਸਕੋਂ ਤੋਂ 3000 ਕਿਲੋਮੀਟਰ ਪੂਰਬ ’ਚ ਸਥਿਤ ਕੇਮੋਰੋਵੋ ਸ਼ਹਿਰ ਵਿੱਚ ਲੱਕੜ ਦੀ ਬਣੀ ਇਮਾਰਤ ਵਿੱਚ ਅੱਗ ਲੱਗ ਗਈ। ਸ਼ੁਰੂਆਤੀ ਰਿਪੋਰਟਾਂ ਵਿੱਚ ਇਸ ਲੱਕੜ ਦੀ ਇਮਾਰਤ ਨੂੰ ਨਰਸਿੰਗ ਹੋਮ ਦੱਸਿਆ ਗਿਆ ਪਰ ਜਾਂਚ ਕਮੇਟੀ ਨੇ ਬਾਅਦ ਵਿੱਚ ਦੱਸਿਆ ਕਿ ਇਹ ਕੁੱਝ ਜ਼ਰੂਰਤਮੰਦ ਲੋਕਾਂ ਦੀ ਅਸਥਾਈ ਰਿਹਾਇਸ਼ ਸੀ। ਕਮੇਟੀ ਨੇ ਕਿਹਾ ਕਿ ਇਮਾਰਤ ਕਿਰਾਏ ’ਤੇ ਦੇਣ ਵਾਲੇ ਵਿਅਕਤੀ ਨੂੰ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਕਮੇਟੀ ਨੇ ਮੁਲਜ਼ਮ ਦੀ ਪਛਾਣ ਜਨਤਕ ਨਹੀਂ ਕੀਤੀ ਪਰ ਰਿਪੋਰਟਾਂ ਅਨੁਸਾਰ ਉਹ ਸਥਾਨਕ ਪਾਦਰੀ ਹੈ। ਅੱਗ ਲੱਗਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ। -ਏਪੀ