42.7 C
Patiāla
Monday, May 20, 2024

ਕੌਮਾਂਤਰੀ ਬਾਜ਼ਾਰ ’ਚ ਤੇਲ ਸਸਤਾ ਪਰ ਦੇਸ਼ ਵਿੱਚ ਮਹਿੰਗਾ

Must read


ਨਵੀਂ ਦਿੱਲੀ, 11 ਸਤੰਬਰ

ਕੌਮਾਂਤਰੀ ਬਾਜ਼ਾਰ ਵਿੱਚ ਤੇਲ ਕੀਮਤਾਂ ਸੱਤ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ, ਪਰ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਸਰਕਾਰੀ ਮਾਲਕੀ ਵਾਲੇ ਪ੍ਰਚੂਨ ਵਿਕਰੇਤਾ ਤੇਲ ਕੀਮਤਾਂ ਵਿੱਚ ਉਛਾਲ ਦੇ ਬਾਵਜੂਦ ਰਿਕਾਰਡ ਪੰਜ ਮਹੀਨਿਆਂ ਤੋਂ ਕੀਮਤਾਂ ਸਥਿਰ ਰੱਖਣ ਕਰ ਕੇ ਪਏ ਘਾਟੇ ਨੂੰ ਪੂਰਾ ਕਰਨ ਦਾ ਦਾਅਵਾ ਕਰ ਰਹੇ ਹਨ। 

ਕੌਮਾਂਤਰੀ ਬਾਜ਼ਾਰ ਵਿੱਚ ਪਿਛਲੇ ਹਫ਼ਤੇ ਫਰਵਰੀ ਮਗਰੋਂ ਪਹਿਲੀ ਵਾਰ ਕੱਚੇ ਤੇਲ ਦੀ ਕੀਮਤ 90 ਡਾਲਰ ਪ੍ਰਤੀ ਬੈਰਲ ਤੋਂ ਘੱਟ ਸੀ। ਮੌਜੂਦਾ ਸਮੇਂ ਕੱਚੇ ਤੇਲ ਦਾ ਭਾਅ 92.84 ਡਾਲਰ ਪ੍ਰਤੀ ਬੈਰਲ ਹੈ, ਜੋ ਪਿਛਲੇ ਛੇ ਮਹੀਨਿਆਂ ’ਚ ਸਭ ਤੋਂ ਹੇਠਲਾ ਪੱਧਰ ਹੈ। ਰੂਸ ਵੱਲੋਂ ਨੌਰਥ ਸਟਰੀਮ ਪਾਈਪਲਾਈਨ ਨੂੰ ਆਫ਼ਲਾਈਨ ਕਰਨ ਅਤੇ ਤੇਲ ਉਤਪਾਦਕ ਕਾਰਟੈਲ ਓਪੇਕ ਤੇ ਇਸ ਦੇ ਭਾਈਵਾਲਾਂ (ਓਪੇਕ ਪਲੱਸ) ਵੱਲੋਂ ਉਤਪਾਦਨ ਘਟਾਉਣ ਦੇ ਬਾਵਜੂਦ ਤੇਲ ਕੀਮਤਾਂ ਦਾ ਡਿੱਗਣਾ ਜਾਰੀ ਹੈ। ਪਰ ਇੰਨਾ ਕੁੁਝ ਹੋਣ ਦੇ ਬਾਵਜੂਦ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਵਿੱਚ ਕੋਈ ਫੇਰ-ਬਦਲ ਨਹੀਂ ਹੋਇਆ ਤੇ ਪਿਛਲੇ ਰਿਕਾਰਡ 158 ਦਿਨਾਂ ਤੋਂ ਕੀਮਤਾਂ ਸਥਿਰ ਹਨ। 

ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ, ‘‘ਜਦੋਂ ਕੌਮਾਂਤਰੀ ਤੇਲ ਕੀਮਤਾਂ ਸਿਖਰ ’ਤੇ ਸਨ, ਸਾਡੀਆਂ ਪੈਟਰੋਲ ਤੇ ਡੀਜ਼ਲ ਕੀਮਤਾਂ ਪਹਿਲਾਂ ਹੀ ਘੱਟ ਸਨ।’’ ਮੰਤਰੀ ਨੇ ਹਾਲਾਂਕਿ 6 ਅਪਰੈਲ ਤੋਂ ਤੇਲ ਕੀਮਤਾਂ ਸਥਿਰ ਰੱਖਣ ਕਰਕੇ ਪੈ ਰਹੇ ਘਾਟੇ ਬਾਰੇ ਤਫ਼ਸੀਲ ਨਹੀਂ ਦਿੱਤੀ। ਉਨ੍ਹਾਂ ਇੰਨਾ ਜ਼ਰੂਰ ਕਿਹਾ ਸੀ ਕਿ ਤੇਲ ਕੀਮਤਾਂ ਵਿੱਚ ਥੋੜ੍ਹੀ ਰਾਹਤ ਲਈ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 88 ਡਾਲਰ ਪ੍ਰਤੀ ਬੈਰਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਭਾਰਤ ਆਪਣੀਆਂ ਤੇਲ ਲੋੜਾਂ ਨੂੰ ਪੂਰਾ ਕਰਨ ਲਈ 85 ਫੀਸਦ ਦਰਾਮਦਾਂ ’ਤੇ ਨਿਰਭਰ ਹੈ। ਕੌਮੀ ਰਾਜਧਾਨੀ ਵਿੱਚ ਪੈਟਰੋਲ ਦੀ ਕੀਮਤ 96.72 ਰੁਪੲੇ ਪ੍ਰਤੀ ਲਿਟਰ ਤੇ ਡੀਜ਼ਲ ਦੀ 89.62 ਰੁਪੲੇ ਹੈ। -ਪੀਟੀਆਈ 



News Source link

- Advertisement -

More articles

- Advertisement -

Latest article