ਪਰਵਾਸੀ ਕਾਵਿ

Must read


ਜਸਵੰਤ ਗਿੱਲ

ਜਸ਼ਨ ਆਜ਼ਾਦੀ ਦੇ

‘ਕੱਠੇ ਹੋ ਲੁਟੇਰਿਆਂ ਜਸ਼ਨ ਆਜ਼ਾਦੀ ਦੇ ਮਨਾਏ ਨੇ

ਜਿਨ੍ਹਾਂ ਤੋਂ ਹੈ ਖ਼ਤਰਾ, ਉਨ੍ਹਾਂ ਹੀ ਤਿਰੰਗੇ ਲਹਿਰਾਏ ਨੇ।

ਸੜਕਾਂ ‘ਤੇ ਰੁਲਣ ਪਤਨੀਆਂ, ਧੀਆਂ ਸ਼ਹੀਦਾਂ ਦੀਆਂ

ਨੇਤਾ ਨੇ ਸੋਹਲੇ ਸੁਤੰਤਰਤਾ ਸੰਗਰਾਮੀਆਂ ਦੇ ਗਾਏ ਨੇ।

ਬੁੱਤ ਬਣ ਖੜ੍ਹਾ ਸੁਣ ਰਿਹਾ ਭਗਤ ਸਿੰਘ ਹੋਣਾ ਸੋਚਦਾ

ਗੋਰੇ ਗਏ ਪਰ ਇਹ ਦੋਗਲੇ ਜਿਹੇ ਕਿੱਥੋਂ ਆਏ ਨੇ।

ਲੁੱਟ ਖਾ ਗਏ ਦੇਸ਼ ਨੂੰ ਲੁਟੇਰੇ ਲੀਡਰ ਏ ਆਪਣੇ ਹੀ

ਸ਼ਹੀਦਾਂ ਦੀ ਯਾਦ ਵਿੱਚ ਤਾਂ ਬਸ ਭਾਸ਼ਣ ਹੀ ਸੁਣਾਏ ਨੇ।

ਗੁਲਾਮ ਕਰ ਲਈਆਂ ਕਲਮਾਂ ਜੋ ਸੱਚ ਵੱਲ ਤੁਰੀਆਂ

ਆਜ਼ਾਦੀ ਵਾਲੇ ਤੀਰ ‘ਗਿੱਲ’ ਇਵੇਂ ਕਾਗਜ਼ੀ ਬਣਾਏ ਨੇ।

***

ਰੱਖੜੀ ਦਾ ਵਾਅਦਾ

ਚਾਅਵਾਂ ਨਾਲ ਵੇਖ ਭੈਣ ਤੇਰੇ ਘਰ ਆਈ

ਸੋਹਣੇ ਵੀਰ ਲਈ, ਸੋਹਣੀ ਰੱਖੜੀ ਲਿਆਈ।

ਰੱਖੜੀ ਦਾ ਦੇਦੇ ਇੱਕ ਵਾਅਦਾ ਵੀਰਿਆ

ਮੰਗ ਦੀ ਨਾ ਤੈਥੋਂ ਕੁਝ ਜ਼ਿਆਦਾ ਵੀਰਿਆ।

ਚਾਹੀਦਾ ਨਹੀਂ ਤੋਹਫ਼ਾ, ਰੀਤ ਜੋ ਬਣਾਈ

ਚਾਅਵਾਂ ਨਾਲ ਵੇਖ ਭੈਣ ਤੇਰੇ ਘਰ ਆਈ।

ਰਹੀ ਨਸ਼ਿਆਂ ਤੋਂ ਸਦਾ ਹੀ ਤੂੰ ਦੂਰ ਵੀਰਿਆ

ਕਰੀਂ ਔਰਤ ਦੀ ਇੱਜ਼ਤ ਜ਼ਰੂਰ ਵੀਰਿਆ।

ਤੇਰੇ ਲੇਖੇ ਜਿੰਦ ਸੋਹਣੀ ਭਾਬੋਂ ਨੇ ਲਵਾਈ

ਚਾਅਵਾਂ ਨਾਲ ਵੇਖ ਭੈਣ ਤੇਰੇ ਘਰ ਆਈ।

ਬੇਬੇ ਬਾਪੂ ਦਾ ਤੂੰ ਕਰੀਂ ਸਤਿਕਾਰ ਵੀਰਿਆ

ਖੁਸ਼ੀਆਂ ਲਿਆਈਂ, ਵੰਡੀ ਤੂੰ ਪਿਆਰ ਵੀਰਿਆ।

ਕਾਇਮ ਰੱਖੀ ਸਰਦਾਰੀ ਜੋ ਬਾਪੂ ਨੇ ਕਮਾਈ

ਚਾਅਵਾਂ ਨਾਲ ਵੇਖ ਭੈਣ ਤੇਰੇ ਘਰ ਆਈ।

ਕਦੇ ਲੱਗਣ ਨਾ ਤੱਤੀਆਂ ਹਵਾਵਾਂ ਗਿੱਲ ਨੂੰ

‘ਸੋਨੂੰ, ਦੀਪ’ ਦੀਆਂ ਇਹੋ ਨੇ ਦੁਆਵਾਂ ਗਿੱਲ ਨੂੰ।

ਹੱਸ ਖੇਡ ਜ਼ਿੰਦਗੀ ਦੇ ਦਿਨ ਤੂੰ ਟਪਾਈਂ

ਚਾਅਵਾਂ ਨਾਲ ਵੇਖ ਭੈਣ ਤੇਰੇ ਘਰ ਆਈ।
ਸੰਪਰਕ: 97804-51878


ਲਖਵਿੰਦਰ ਸਿੰਘ ਲੱਖਾ

ਧਨਵਾਨਾਂ ਨੂੰ

ਆ ਸੁਭਾਗੀ ਨੀਂਦੜੀਏ, ਮੈਂ ਸੌਂ ਕੇ ਸੁਪਨੇ ਲੈਣੇ ਆ।

ਦੇਸ਼ ਦਿਆਂ ਧਨਵਾਨਾਂ ਨੂੰ, ਦੋ ਬੋਲ ਅਕਲ ਦੇ ਕਹਿਣੇ ਆ।

ਰੱਬ ਦਾ ਹਾੜ੍ਹਾ ਨਾ ਓਏ ਇੰਜ, ਨਚੋੜੋ ਖੂਨ ਗ਼ਰੀਬਾਂ ਦਾ

ਐ ਧਨਵਾਨੋਂ ਰੱਬ ਦੀ ਦਰਗਾਹ, ਲੇਖੇ ਦੇਣੇ ਹੀ ਪੈਣੇ ਆ।

ਧੀਆਂ-ਪੁੱਤਾਂ ਲਈ ਪਾਪ ਕਮਾ ਕੇ, ਮੱਤ ਉਨ੍ਹਾਂ ਦੀ ਮਾਰੋ ਨਾ

ਤੁਹਾਡੀਆਂ ਕਰਤੂਤਾਂ ਦੇ ਦੁੱਖ, ਔਲਾਦ ਤੁਹਾਡੀ ਸਹਿਣੇ ਆ।

ਲੁੱਟ ਕੇ ਦੇਸ਼ ਜਾਂ ਮਜ਼ਲੂਮਾਂ ਨੂੰ, ਕੋਝੇ ਕਰਮ ਕਮਾਓ ਨਾ

ਪਾਪਾਂ ਵਾਲੇ ਮਹਿਲ ਉਸਾਰੇ, ਇੱਕ ਦਿਨ ਤਾਂ ਢਹਿਣੇ ਆ।

ਕੀ ਕਰਨਾ ਸੀ ਕੀ ਕਰਦੇ ਹੋ, ਰੱਬ ਦਾ ਖੌਫ਼ ਭੁਲਾ ਛੱਡਿਆ

ਭਲਿਆਈ ਵਿੱਚ ਪਲ ਜੋ ਗੁਜ਼ਰੇ, ਓਹੀ ਪੱਲੇ ਰਹਿਣੇ ਆ।

ਦਸਾਂ ਨਹੁੰਆਂ ਦੀ ਕਿਰਤ ਕਮਾ ਕੇ, ‘ਲੱਖਿਆ’ ਖਾਣਾ ਚਾਹੀਦੈ

ਰੱਬ ਉਸ ‘ਤੇ ਖੁਸ਼ ਹੁੰਦਾ ਜਿਸ ਦੇ ਨਾਲ ਗਰੀਬਾਂ ਬਹਿਣੇ ਆ।
ਸੰਪਰਕ: +447438398345


ਸੁਖਚੈਨ ਸਿੰਘ

ਡਰ

ਕਿਸੇ ਪਿੱਛੇ ਨਾ ਲੜਿਆ ਕਰ

ਅਕਸ ਖਰਾਬ ਨਾ ਕਰਿਆ ਕਰ

ਦਿਲਾਂ ‘ਤੇ ਸੱਟਾਂ ਜ਼ਰਿਆ ਕਰ

ਆਪਣਿਆਂ ਤੋਂ ਡਰਿਆ ਕਰ।

ਕੋਈ ਅਤਿਵਾਦੀ ਕੋਈ ਵੱਖਵਾਦੀ ਏ

ਹਕੂਮਤ ਬੈਠੀ ਨਿਸ਼ਾਨੇ ਸਾਧੀ ਏ

ਚੈਨਲ ਕਰਦੇ ਏਥੇ ਮਿਆਦੀ ਏ

ਦਿਲ ਨਾ ਛੋਟਾ ਕਰਿਆ ਕਰ

ਆਪਣਿਆਂ ਤੋਂ ਡਰਿਆ ਕਰ।

ਪਿੱਠ ‘ਤੇ ਵਾਰ ਆਪਣੇ ਕਰਦੇ ਨੇ

ਇਹ ਕੁਰਸੀ ਖਾਤਰ ਲੜਦੇ ਨੇ

ਮਨਾਂ ‘ਚ ਜ਼ਹਿਰ ਨਾ ਭਰਿਆ ਕਰ

ਆਪਣਿਆਂ ਤੋਂ ਡਰਿਆ ਕਰ।

ਕਾਬੂ ਰੱਖਿਆ ਕਰ ਗੁੱਸੇ ‘ਤੇ

ਸੁਖਚੈਨ ਆਪਣੇ ਪਾਲੇ ਹੋਏ ਜੁੱਸੇ ‘ਤੇ

ਭੜਕਾਊ ਬਿਆਨਾਂ ਅੱਗੇ ਨਾ ਹਰਿਆ ਕਰ

ਆਪਣਿਆਂ ਤੋਂ ਡਰਿਆ ਕਰ।

ਕੋਈ ਨਹੀਂ ਏਥੇ ਕਿਸੇ ਦਾ

ਮਤਲਬ ਹੈ ਸਿਰਫ਼ ਵਿਸ਼ੇ ਦਾ

ਠੱਠੀ ਭਾਈ, ਲਿਖ ਕੋਕੇ ਜੜਿਆ ਕਰ

ਆਪਣਿਆਂ ਤੋਂ ਡਰਿਆ ਕਰ।
ਸੰਪਰਕ: 00971527632924


ਮਲਕੀਤ ਕਲੇਰ

ਮੁਹੱਬਤ

ਮੇਰੀ ਮੁਹੱਬਤ ਕਰੀਂ ਕਬੂਲ ਯਾਰਾ

ਇਹ ਨਾਲ ਭਰੀ ਜਜ਼ਬਾਤਾਂ ਦੇ

ਮੇਰੇ ਦਿਲ ‘ਤੇ ਛਪ ਗਏ ਨੈਣ ਤੇਰੇ

ਜਿਉਂ ਤਾਰੇ ਚਮਕਣ ਰਾਤਾਂ ਦੇ

ਤੈਨੂੰ ਬੜੇ ਪਿਆਰੇ ਲੱਗਦੇ ਨੇ

ਮੈਂ ਸੁਣਿਆਂ ਦਿਨ ਬਰਸਾਤਾਂ ਦੇ

ਤੂੰ ਸਾਵਣ ਦੇ ਵਿੱਚ ਆ ਸੱਜਣਾ

ਮੇਰੇ ਪਿੰਡ ਦੀਆਂ ਠੰਢੀਆਂ ਰਾਤਾਂ ਨੇ

ਇੱਥੇ ਹਰ ਦਿਨ ਵਰਖਾ ਹੋ ਜਾਂਦੀ

ਕਿਆ ਕੁਦਰਤ ਦੀਆਂ ਕਰਾਮਾਤਾਂ ਨੇ

ਅਸੀਂ ਇੰਗਲਿਸ਼ ਤੋਂ ਹਾਂ ਦੂਰ ਬੜੇ

ਤੂੰ ਪੜ੍ਹੀਆਂ ਚਾਰ ਜਮਾਤਾਂ ਨੇ

ਪਰ ਤੇਰੇ ਸੱਚੇ ਆਸ਼ਿਕ ਹਾਂ

ਕੀ ਹੋਇਆ ਦੇਸੀ ਜਾਤਾਂ ਨੇ

ਸਾਡੇ ਦਿਲ ਦੇ ਬੂਹੇ ਖੋਲ੍ਹ ਲਵੀਂ

ਵਿੱਚ ਦਿਲ ਦੇ ਤੇਰੀਆਂ ਚਾਹਤਾਂ ਨੇ

ਅਸੀਂ ਨਾਲ ਜੁੜੇ ਹਾਂ ਸ਼ਾਇਰੀ ਦੇ

ਇਹ ਰੱਬ ਤੋਂ ਮਿਲੀਆਂ ਦਾਤਾਂ ਨੇ

ਪਿੰਡ ਦੋ ਦਿਨ ਆ ਕੇ ਦੇਖ ਲਵੀਂ

ਤੈਨੂੰ ਘੇਰ ਲੈਣਾ ਜਜ਼ਬਾਤਾਂ ਨੇ

ਦਿਲ ਪਹਿਲੇ ਦਿਨ ਹੀ ਮੋਹ ਲੈਣਾ

ਮਲਕੀਤ ਦੀਆਂ ਚੰਦ ਬਾਤਾਂ ਨੇ

ਬੜੀ ਕਲਮ ਕਲੇਰ ਦੀ ਚੱਲਦੀ ਏ

ਪਰ ਰਹਿੰਦੀ ਵਿੱਚ ਔਕਾਤਾਂ ਦੇ

ਡਰ ਦਿਲ ਦਾ ਕੱਢ ਕੇ ਤੁਰ ਸੱਜਣਾ

ਚੱਲ ਫ਼ਰਕ ਮਿਟਾਈਏ ਜਾਤਾਂ ਦੇ
ਸੰਪਰਕ: +1 4375339433


ਤਰਲੋਚਨ ਸਿੰਘ ‘ਦੁਪਾਲ ਪੁਰ’

ਠੇਸ ਕਿ ਕਲੇਸ਼?

ਵਧੀ ਜਾ ਰਿਹਾ ਕੁਫਰ ਦਾ ਬੋਲ ਬਾਲਾ

ਹੁੰਦੀ ਸੱਚ ਦੀ ਪੱਟੀ ਹੁਣ ਮੇਸ ਮੀਆਂ।

ਬਹੁਗਿਣਤੀ ਨੂੰ ਰਾਸ ਨਾ ਆਏ ਜਿਹੜੀ

ਕਰੋ ਗੱਲ ਲੁਕਾਉਣਾ ਪਊ ‘ਫੇਸ’ ਮੀਆਂ।

ਸਹਿਣਸ਼ੀਲਤਾ ਅਤੇ ਸਦਭਾਵਨਾ ਦੀ

ਸੜੇ ਦਿਲਾਂ ਵਿੱਚ ਰਹੀ ਨਾ ਲੇਸ ਮੀਆਂ।

‘ਧਾਰਾ’ ਰੰਗ-ਬਿਰੰਗੀਆਂ ਪੁਲੀਸ ਲਾਵੇ

ਕਰ ਦਿੰਦੇ ਨੇ ਦਰਜ ਕਈ ‘ਕੇਸ’ ਮੀਆਂ।

ਜਿਵੇਂ-ਕਿਵੇਂ ਵੀ ਰਾਜੀ ਸੀ ਲੋਕ ਰਹਿੰਦੇ

ਦੇਖੋ ਤੁਰ ਪਿਆ ਕਿੱਧਰ ਨੂੰ ਦੇਸ ਮੀਆਂ।

ਕਿਸੇ ਵੇਲੇ ਸੀ ਪੈਂਦਾ ਨਾ ਫਰਕ ਕੋਈ

ਭਾਵਨਾਵਾਂ ਨੂੰ ਲੱਗੇ ਹੁਣ ‘ਠੇਸ’ ਮੀਆਂ!
ਸੰਪਰਕ: 001-408-915-1268



News Source link
#ਪਰਵਸ #ਕਵ

- Advertisement -

More articles

- Advertisement -

Latest article