30.9 C
Patiāla
Monday, June 22, 2026

ਔਸਟਨ ਵਿੱਚ ਲੱਗਿਆ ਪੁਰਾਤਨ ਖੇਤੀ ਸੰਦਾਂ ਦਾ ਮੇਲਾ

Must read


ਗੁਰਪ੍ਰੀਤ ਸਿੰਘ ਤਲਵੰਡੀ

ਕੈਨੇਡਾ ਦੇ ਰਾਜ ਮੈਨੀਟੋਬਾ ਦੇ ਛੋਟੇ ਜਿਹੇ ਪਿੰਡ ਔਸਟਨ ਵਿੱਚ ਲਗਾਇਆ ਗਿਆ ਕਿਸਾਨੀ ਸੰਦਾਂ ਦਾ ਮੇਲਾ ਲੋਕਾਂ ਵਿੱਚ ਆਕਰਸ਼ਣ ਦਾ ਕੇਂਦਰ ਬਣਿਆ। ਇੱਥੇ ਹਈਵੇ ਨੰਬਰ 34 ਉੱਪਰ ਮੈਨੀਟੋਬਾ ਐਗਰੀਕਲਚਰ ਮਿਊਜ਼ੀਅਮ ਬਣਾਇਆ ਹੋਇਆ ਹੈ। 1953 ਵਿੱਚ ਹੋਂਦ ਵਿੱਚ ਆਏ ਇਸ ਮਿਊਜ਼ੀਅਮ ਦੀ ਮੋਹੜੀ 1940 ਵਿੱਚ ਗੱਡੀ ਗਈ ਜਦੋਂ ਡਾਨ ਕੈਰੋਥਰਜ਼ ਨੇ ਔਸਟਨ ਦੇ ਇਲਾਕੇ ਵਿੱਚ ਕੁਝ ਪੁਰਾਣੀ ਮਸ਼ੀਨਰੀ ਜੋ ਕਬਾੜ ਵਜੋਂ ਵੇਚੀ ਜਾ ਰਹੀ ਸੀ, ਨੂੰ ਖਰੀਦਣ ਦਾ ਮਨ ਬਣਾਇਆ। ਉਸ ਦੁਆਰਾ ਕੇਸ 22-65 ਦਾ ਭਾਫ਼ ਇੰਜਣ ਖਰੀਦਿਆ ਗਿਆ ਅਤੇ ਉਸ ਨੂੰ ਚਾਲੂ ਹਾਲਤ ਵਿੱਚ ਤਿਆਰ ਕਰਕੇ ਵੱਖ ਵੱਖ ਮੇਲਿਆਂ ਜਾਂ ਹੋਰਨਾਂ ਪ੍ਰੋਗਰਾਮਾਂ ਉੱਪਰ ਜਾ ਕੇ ਪ੍ਰਦਰਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ।

1951 ਤੋਂ 1953 ਦਰਮਿਆਨ ਉਸ ਦੁਆਰਾ ਮਿਊਜ਼ੀਅਮ ਬਣਾਉਣ ਲਈ ਯਤਨ ਸ਼ੁਰੂ ਕੀਤੇ ਗਏ। ਉਸ ਨੂੰ ਵਲੰਟੀਅਰਾਂ ਵੱਲੋਂ ਆਪਣੇ ਤਜਰਬੇ ਅਤੇ ਲੇਬਰ ਮਿਊਜ਼ੀਅਮ ਨੂੰ ਭੇਂਟ ਕਰਨ ਦੀਆਂ ਪੇਸ਼ਕਸ਼ਾਂ ਦਿੱਤੀਆਂ ਗਈਆਂ। ਮਿਊਜ਼ੀਅਮ ਲਈ ਜ਼ਮੀਨ ਟੌਮ ਕੈਰੋਥਰ ਨੇ ਦਾਨ ਵਜੋਂ ਦਿੱਤੀ। 1961 ਵਿੱਚ ਐਗਰੀਕਲਚਰ ਮੈਮੋਰੀਅਲ ਮਿਊਜ਼ੀਅਮ ਨੂੰ ਮੈਨੀਟੋਬਾ ਐਗਰੀਕਲਚਰ ਮਿਊਜ਼ੀਅਮ ਵਜੋਂ ਵਿਕਸਤ ਕੀਤਾ ਗਿਆ। ਮਿਊਜ਼ੀਅਮ ਕੁੱਲ 320 ਏਕੜ ਵਿੱਚ ਫੈਲਿਆ ਹੋਇਆ ਹੈ।

ਇਸ ਮਿਊਜ਼ੀਅਮ ਨੂੰ ਕਈ ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਵੇਂ ਹੈਰੀਟੇਜ਼ ਹਾਰਵੈਸਟ, ਸਕੂਲ ਪ੍ਰੋਗਰਾਮ, ਟੂਰ ਐਂਡ ਕਸਟਮ ਪ੍ਰੋਗਰਾਮ, ਪਰਮਾਨੈਂਟ ਐਕਸਹੈਬਟ ਐਂਡ ਡਿਸਪਲੇ, ਫਾਰਮਰਜ਼ ਆਫ ਮੈਨੀਟੋਬਾ, ਰੇਡੀਓ ਮਿਊਜ਼ੀਅਮ ਅਤੇ ਮੈਮੋਰੀਅਲ ਗਾਰਡਨ ਬਣਾਏ ਗਏ ਹਨ। ਇਨ੍ਹਾਂ ਵੱਖ-ਵੱਖ ਭਾਗਾਂ ਵਿੱਚ ਪੁਰਾਣੇ ਟਰੈਕਟਰ, ਕੰਬਾਈਨਾਂ, ਹੋਰ ਖੇਤੀ ਸੰਦ, ਪੁਰਾਣੇ ਆਵਾਜਾਈ ਦੇ ਸਾਧਨ ਜਿਵੇਂ ਤਾਂਗੇ ਜਾਂ ਘੋੜਾ ਗੱਡੀਆਂ ਆਦਿ, ਪੁਰਾਣੇ ਰੇਡੀਓ ਜਾਂ ਹੋਰ ਮਨੋਰੰਜਨ ਦੇ ਸਾਧਨ, ਪੁਰਾਣੇ ਘਰਾਂ ਦੇ ਮਾਡਲ ਸਮੇਤ ਹੋਰ ਵੱਖ-ਵੱਖ ਵਸਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਮਿਊਜ਼ੀਅਮ ਵੱਲੋਂ ਹਰ ਸਾਲ ਹੀ ਪਿੰਡ ਔਸਟਨ ਵਿੱਚ ਖੇਤੀਬਾੜੀ ਕਰਨ ਲਈ ਪੁਰਾਣੇ ਸਮੇਂ ਵਿੱਚ ਵਰਤੇ ਜਾਂਦੇ ਟਰੈਕਟਰ, ਕੰਬਾਈਨਾਂ ਜਾਂ ਹੋਰ ਖੇਤੀ ਸੰਦਾਂ ਸਬੰਧੀ ਵਿਸ਼ਾਲ ਮੇਲਾ ਕਰਵਾਇਆ ਜਾਂਦਾ ਹੈ।

ਇਸ ਵਾਰ ਇਹ ਮੇਲਾ 28 ਤੋਂ 31 ਜੁਲਾਈ ਤੱਕ ਕਰਵਾਇਆ ਗਿਆ। ਮੇਲੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀਆਂ ਸਮੇਤ ਹੋਰਨਾਂ ਕੌਮਾਂ ਦੇ ਪੁਰਾਤਨਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਭਾਗ ਲਿਆ। ਔਸਟਨ ਦੇ ਨੇੜਲੇ ਸ਼ਹਿਰ ਵਿਨੀਪੈੱਗ ਤੋਂ ਐੱਮ.ਐੱਲ.ਏ. ਦਲਜੀਤਪਾਲ ਸਿੰਘ ਬਰਾੜ ਦੀ ਅਗਵਾਈ ਵਿੱਚ ਵਿਨੀਪੈੱਗ ਦੇ ਵੱਡੀ ਗਿਣਤੀ ਪੰਜਾਬੀਆਂ ਨੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਭਾਗ ਲਿਆ। ਵਿਨੀਪੈੱਗ ਦੇ ਫੂਡ ਇੰਸਪੈਕਟਰ ਗੁਰਮਿੰਦਰ ਸਿੰਘ ਚਹਿਲ ਨੇ ਕਿਹਾ ਕਿ ਮੇਲੇ ਵਿੱਚ ਪੰਜਾਬੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਪੁਰਾਣੀ ਤੋਂ ਪੁਰਾਣੀ ਹਰੇਕ ਮਸ਼ੀਨਰੀ ਬਾਰੇ ਬੜੀ ਡੂੰਘਾਈ ਤੱਕ ਜਾਣਕਾਰੀ ਹਾਸਲ ਕਰਦਿਆਂ ਗੋਰਿਆਂ ਦੁਆਰਾ ਸਾਂਭੀ ਗਈ ਖੇਤੀ ਮਸ਼ੀਨਰੀ ਦੀ ਪ੍ਰਸੰਸਾ ਕੀਤੀ।
ਸੰਪਰਕ: 77809-809196



News Source link
#ਔਸਟਨ #ਵਚ #ਲਗਆ #ਪਰਤਨ #ਖਤ #ਸਦ #ਦ #ਮਲ

- Advertisement -

More articles

- Advertisement -

Latest article