ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਅਤੇ ਗਾਇਕਾ ਸੁਲਕਸ਼ਨਾ ਪੰਡਿਤ ਦਾ ਵੀਰਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 71 ਸਾਲ ਦੀ ਸਨ। ਮਿਲੀ ਜਾਣਕਾਰੀ ਅਨੁਸਾਰ, ਅਦਾਕਾਰਾ ਕਾਫੀ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਨੇ 6 ਨਵੰਬਰ ਦੀ ਰਾਤ ਅੱਠ ਵਜੇ ਇੱਥੇ ਨਾਨਾਵਟੀ ਹਸਪਤਾਲ ‘ਚ ਆਪਣੀ ਆਖਰੀ ਸਾਂਹ ਲਈ ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ।
ਅਦਾਕਾਰਾ ਦੇ ਭਰਾ ਅਤੇ ਸੰਗੀਤਕਾਰ ਲਲਿਤ ਪੰਡਿਤ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੁਲਕਸ਼ਨਾ ਨੂੰ ਦਿਲ ਦਾ ਦੌਰਾ ਪਿਆ ਸੀ। ਸੁਲਕਸ਼ਨਾ ਦੇ ਦੇਹਾਂਤ ਦੀ ਖ਼ਬਰ ਨਾਲ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਫਿਲਮ ਉਦਯੋਗ ਨਾਲ ਜੁੜੇ ਕਈ ਲੋਕਾਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਈ ਫਿਲਮਾਂ ‘ਚ ਪਲੇਬੈਕ ਸਿੰਗਿੰਗ ਦੇ ਨਾਲ-ਨਾਲ ਅਦਾਕਾਰੀ ਵੀ ਕੀਤੀ ਸੀ। ਸੁਲਕਸ਼ਨਾ ਦਾ ਅੰਤਿਮ ਸੰਸਕਾਰ ਅੱਜ ਯਾਨੀਕਿ 7 ਨਵੰਬਰ ਨੂੰ ਕੀਤਾ ਜਾਵੇਗਾ।
ਬਾਲੀਵੁੱਡ ਦੀ ਬਹੁਪੱਖੀ ਪ੍ਰਤਿਭਾ ਦੀ ਮਾਲਕ ਸੁਲਕਸ਼ਨਾ ਪੰਡਿਤ ਨੂੰ ਇੱਕ ਅਜਿਹੀ ਸ਼ਖ਼ਸੀਅਤ ਵਜੋਂ ਯਾਦ ਕੀਤਾ ਜਾਵੇਗਾ, ਜਿਸ ਨੇ ਨਾ ਸਿਰਫ਼ ਆਪਣੇ ਸੁਰਾਂ ਦੇ ਜਾਦੂ ਨਾਲ, ਸਗੋਂ ਆਪਣੀ ਦਿਲਕਸ਼ ਅਦਾਕਾਰੀ ਨਾਲ ਵੀ ਸਿਨੇਮਾ ਪ੍ਰੇਮੀਆਂ ਨੂੰ ਮੋਹ ਲਿਆ। ਸੁਲਕਸ਼ਨਾ ਪੰਡਿਤ ਦਾ ਜਨਮ 1954 ਵਿੱਚ ਹੋਇਆ ਸੀ। ਉਹ ਸੰਗੀਤਕ ਪਰਿਵਾਰ ਨਾਲ ਸਬੰਧਤ ਸਨ। ਸੁਲਕਸ਼ਨਾ ਦੇ ਚਾਚਾ ਮਹਾਨ ਸ਼ਾਸਤਰੀ ਗਾਇਕ ਪੰਡਿਤ ਜਸਰਾਜ ਸਨ। ਉਨ੍ਹਾਂ ਦੀਆਂ ਤਿੰਨ ਭੈਣਾਂ ਤੇ ਤਿੰਨ ਭਰਾ ਹਨ, ਜਿਨ੍ਹਾਂ ‘ਚ ਭਰਾ ਜਤਿਨ-ਲਲਿਤ ਦੀ ਜੋੜੀ ਮਸ਼ਹੂਰ ਸੰਗੀਤਕਾਰ ਵਜੋਂ ਜਾਣੀ ਜਾਂਦੀ ਹੈ। ਸੁਲਕਸ਼ਨਾ ਨੇ ਸਿਰਫ਼ ਨੌਂ ਸਾਲ ਦੀ ਉਮਰ ‘ਚ ਗਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਸ਼ੁਰੂਆਤ ‘ਚ ਉਹ ਸਟੇਜ ਸ਼ੋਅ ਕਰਦੇ ਸਨ।
ਸੁਲਕਸ਼ਨਾ ਪੰਡਿਤ ਦਾ ਗਾਇਕੀ ਕਰੀਅਰ 1967 ਵਿੱਚ ਆਈ ਫਿਲਮ ‘ਤਕਦੀਰ’ ਨਾਲ ਸ਼ੁਰੂ ਹੋਇਆ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਲਤਾ ਮੰਗੇਸ਼ਕਰ ਦੇ ਨਾਲ ਮਿਲ ਕੇ ‘ਸਾਤ ਸਮੁੰਦਰ ਪਾਰ ਸੇ…’ ਗੀਤ ਗਾਇਆ ਸੀ। ਇਸੇ ਦੌਰਾਨ ਉਨ੍ਹਾਂ ਨੂੰ ਫਿਲਮਾਂ ਵਿੱਚ ਅਦਾਕਾਰੀ ਦੇ ਆਫਰ ਵੀ ਆਉਣ ਲੱਗੇ। 1975 ਵਿੱਚ ਉਨ੍ਹਾਂ ਨੇ ਫਿਲਮ ‘ਉਲਝਨ’ ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 1976 ਵਿੱਚ ਫਿਲਮ ‘ਸੰਕਲਪ’ ਦੇ ਗੀਤ ‘ਤੂ ਸਾਗਰ ਹੈ…’ ਲਈ ਉਨ੍ਹਾਂ ਨੂੰ ਫਿਲਮਫੇਅਰ ਐਵਾਰਡ ਮਿਲਿਆ ਸੀ।
ਸੁਲਕਸ਼ਨਾ ਨੇ 1970 ਤੋਂ 1980 ਦੇ ਦਹਾਕੇ ਦੌਰਾਨ ‘ਉਲਝਨ’, ‘ਸੰਕੋਚ’, ‘ਅਪਣਾਪਨ’ ਅਤੇ ‘ਹੇਰਾ ਫੇਰੀ’ ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ। ਉਨ੍ਹਾਂ ਨੇ ਉਸ ਸਮੇਂ ਦੇ ਲਗਭਗ ਸਾਰੇ ਟਾਪ ਅਦਾਕਾਰਾਂ ਨਾਲ ਕੰਮ ਕੀਤਾ ਅਤੇ ਕਿਸ਼ੋਰ ਕੁਮਾਰ, ਮੁਹੰਮਦ ਰਫੀ, ਯੇਸ਼ੁਦਾਸ ਅਤੇ ਉਦਿਤ ਨਾਰਾਇਣ ਵਰਗੇ ਮਸ਼ਹੂਰ ਗਾਇਕਾਂ ਦੇ ਨਾਲ ਡੁਐਟ ਗੀਤ ਗਾਏ।
ਉਨ੍ਹਾਂ ਨੇ ‘ਹੇਰਾ ਫੇਰੀ’, ‘ਸ਼ੰਕਰ ਸ਼ੰਭੂ’, ‘ਅਪਣਾਪਨ’, ‘ਕਸਮ ਖੂਨ ਕੀ’, ‘ਅਮਰ ਸ਼ਕਤੀ’, ‘ਖਾਨਦਾਨ’, ‘ਗੰਗਾ ਔਰ ਸੂਰਜ’, ‘ਚਿਹਰੇ ਪੇ ਚਿਹਰਾ’, ‘ਰਾਜ’, ‘ਧਰਮਕਾਂਟਾ’, ‘ਵਕਤ ਕੀ ਦੀਵਾਰ’ ਅਤੇ ‘ਕਾਲਾ ਸੂਰਜ’ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਕੀਤੀ ਸੀ। ਉਹ ਆਖ਼ਰੀ ਵਾਰ 1988 ਵਿੱਚ ਆਈ ਫਿਲਮ ‘ਦੋ ਵਕਤ ਕੀ ਰੋਟੀ’ ਵਿੱਚ ਨਜ਼ਰ ਆਏ ਸਨ।
ਕਿਹਾ ਜਾਂਦਾ ਹੈ ਕਿ ਸੁਲਕਸ਼ਨਾ ਪੰਡਿਤ ਅਦਾਕਾਰ ਸੰਜੀਵ ਕੁਮਾਰ ਨਾਲ ਵਿਆਹ ਕਰਨਾ ਚਾਹੁੰਦੀ ਸਨ, ਪਰ ਸੰਜੀਵ ਕੁਮਾਰ ਨੇ ਉਨ੍ਹਾਂ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। ਸੰਜੀਵ ਕੁਮਾਰ ਦੇ ਇਨਕਾਰ ਤੋਂ ਬਾਅਦ ਸੁਲਕਸ਼ਨਾ ਪੰਡਿਤ ਬਹੁਤ ਟੁੱਟ ਗਈ ਸੀ। ਉਨ੍ਹਾਂ ਨੇ ਸਾਰੀ ਉਮਰ ਅਣਵਿਆਹ ਰਹਿਣ ਦਾ ਫ਼ੈਸਲਾ ਕੀਤਾ ਅਤੇ ਆਪਣੀ ਜ਼ਿੰਦਗੀ ਇਕੱਲੇਪਨ ‘ਚ ਬਤੀਤ ਕੀਤੀ।
ਉਨ੍ਹਾਂ ਦੀ ਆਵਾਜ਼ ਆਖ਼ਰੀ ਵਾਰ 1996 ਦੀ ਫਿਲਮ ‘ਖਾਮੋਸ਼ੀ: ਦ ਮਿਊਜ਼ਿਕਲ’ ਦੇ ਗੀਤ ‘ਸਾਗਰ ਕਿਨਾਰੇ ਭੀ ਦੋ ਦਿਲ’ ਵਿੱਚ ਸੁਣੀ ਗਈ ਸੀ, ਜਿਸਨੂੰ ਉਨ੍ਹਾਂ ਦੇ ਭਰਾਵਾਂ ਜਤਿਨ-ਲਲਿਤ ਨੇ ਸੰਗੀਤਬੱਧ ਕੀਤਾ ਸੀ।
ਹੋਰ ਪੜ੍ਹੋ