40.2 C
Patiāla
Thursday, April 24, 2025

ਆਸ਼ੂ ਵੱਲੋਂ ਰਾਹੁਲ ਗਾਂਧੀ ਨਾਲ ਉਪ ਚੋਣਾਂ ਬਾਰੇ ਵਿਚਾਰ-ਵਟਾਂਦਰਾ

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 22 ਮਾਰਚ

ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਲੀ ਵਿੱਚ ਕਾਂਗਰਸੀ ਆਗੂ ਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰ ਆਗਾਮੀ ਲੁਧਿਆਣਾ ਪੱਛਮੀ ਉੱਪ ਚੋਣ ਲਈ ਚਰਚਾ ਕੀਤੀ। ਨਾਲ ਹੀ ਉਨ੍ਹਾਂ ਨੇ ਉੱਥੇ 2027 ਦੀ ਵਿਧਾਨ ਸਭਾ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਇਸ ਤੋਂ ਪਹਿਲਾਂ ਆਸ਼ੂ ਨੂੰ ਲੈ ਕੇ ਕਈ ਚਰਚਾਵਾਂ ਸਿਆਸੀ ਗਲਿਆਰਾਂ ਵਿੱਚ ਚੱਲ ਰਹੀਆਂ ਸਨ ਕਿ ਉਨ੍ਹਾਂ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨਾਲ ਮਤ-ਭੇਦ ਹਨ, ਕਈ ਪਾਸੇ ਚਰਚਾਵਾਂ ਸਨ ਕਿ ਉਹ ਦੂਜੀ ਪਾਰਟੀ ਵਿੱਚ ਜਾ ਸਕਦੇ ਹਨ, ਪਰ ਅੱਜ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਫੋਟੋ ਪਾ ਕੇ ਸਾਰੀਆਂ ਅਟਕਲਾਂ ’ਤੇ ਰੋਕ ਲਗਾ ਦਿੱਤੀ ਹੈ।

ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਪੱਛਮੀ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਮੌਤ ਤੋਂ ਬਾਅਦ ਇਹ ਸੀਟ ਖਾਲੀ ਐਲਾਨ ਦਿੱਤੀ ਗਈ ਸੀ। ‘ਆਪ’ ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਹੁਣ ਚਰਚਾ ਹੈ ਕਿ ਪਿਛਲੇ ਤਿੰਨ ਵਾਰ ਤੋਂ ਇਸੇ ਹਲਕੇ ਤੋਂ ਚੋਣ ਲੜ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਕਾਂਗਰਸ ਤੋਂ ਉਮੀਦਵਾਰ ਹੋ ਸਕਦੇ ਹਨ ਅਤੇ ਭਾਜਪਾ ਵੀ ਇਸ ਸੀਟ ਤੋਂ ਹਿੰਦੂ ਚਿਹਰੇ ਦੀ ਭਾਲ ਕਰ ਰਹੀ ਹੈ। ਇਸ ਸੀਟ ’ਤੇ ਮੁਕਾਬਲਾ ਦਿਲਚਸਪ ਹੋ ਸਕਦਾ ਹੈ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਇੱਕ ਫੋਟੋ ਪੋਸਟ ਕਰਕੇ ਲਿਖਿਆ ਕਿ ਮੈਂ ਜੋ ਹਾਂ ਉਹੀ ਹਾਂ…ਕਾਂਗਰਸ ਵਰਕਰ। ਨਾਲ ਹੀ ਲਿੱਖਿਆ ਹੈ ਕਿ ਪੰਜਾਬ ਵਿੱਚ ਤਬਦੀਲੀ ਦੀਆਂ ਹਵਾਵਾਂ ਪੱਛਮ ਤੋਂ ਵਗਣਗੀਆਂ, ਲੁਧਿਆਣਾ ਪੱਛਮ ਤੋ ਅਤੇ 2027 ਤੱਕ ਪੂਰੇ ਪੰਜਾਬ ਵਿੱਚ ਫੈਲ ਜਾਣਗੀਆਂ ! ਕਾਂਗਰਸ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤੀ ਨਾਲ ਵਾਪਸ ਆ ਰਹੀ ਹੈ ।

ਇਸ ਮੌਕੇ ਗੱਲਬਾਤ ਕਰਦੇ ਹੋਏ ਆਸ਼ੂ ਨੇ ਕਿਹਾ ਕਿ ਉਨ੍ਹਾਂ ਅੱਜ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ, ਜੋ ਉਨ੍ਹਾਂ ਦੇ ਹਰ ਮੁਸ਼ਕਲ ਦੇ ਸਮੇਂ ’ਚ ਹਮੇਸ਼ਾ ਉਨ੍ਹਾਂ ਨਾਲ ਚੱਟਾਨ ਵਾਂਗ ਖੜੇ ਰਹੇ ਹਨ। ਰਾਹੁਲ ਗਾਂਧੀ ਦੀ ਪੰਜਾਬ ਅਤੇ ਕਾਂਗਰਸ ਪਾਰਟੀ ਪ੍ਰਤੀ ਵਚਾਬੱਧਤਾ ਨਵੀਂ ਊਰਜਾ ਅਤੇ ਤਾਕਤ ਪ੍ਰਦਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਯਕੀਨ ਦਵਾਈਆਂ ਕਿ ਪੰਜਾਬ ਕਾਂਗਰਸ ਮੁੜ ਲੜਨ ਲਈ ਤਿਆਰ ਹੈ ਤਾਂ ਕਿ ਲੋਕਾਂ ਨੂੰ ਮਜਬੂਤ ਲੀਡਰਸ਼ਿਪ ਦੀ ਅਗਵਾਈ ਦਿੱਤੀ ਜਾਵੇ ਜਿਸ ਦੀ ਅੱਜ ਪੰਜਾਬ ਨੂੰ ਬੇਹੱਦ ਜ਼ਰੂਰੀ ਹੈ ਤੇ ਉਹ ਸਿਰਫ਼ ਤੇ ਸਿਰਫ਼ ਕਾਂਗਰਸ ਪਾਰਟੀ ਹੀ ਕਰ ਸਕਦੀ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਆਮ ਆਦਮੀ ਪਾਰਟੀ ਸਰਕਾਰ ਦੇ ਹੇਠਾਂ ਪੂਰੀ ਤਰ੍ਹਾਂ ਪ੍ਰਸ਼ਾਸਨਿਕ ਬਰਬਾਦੀ ਦਾ ਸਾਹਮਣਾ ਕਰ ਰਿਹਾ ਹੈ, ਕਾਨੂੰਨੀ ਵਿਵਸਥਾ ਢਹਿ-ਢੇਰੀ ਹੋ ਗਈ ਹੈ, ਗੈਂਗਸਟਰਵਾਦ ’ਚ ਵਾਧਾ ਹੋ ਰਿਹਾ ਹੈ ਅਤੇ ਵਪਾਰੀ ਭਾਈਚਾਰਾ ਸਰਕਾਰ ਦੀਆਂ ਮਾੜੀਆ ਨੀਤੀਆਂ ਕਾਰਨ ਪੰਜਾਬ ਤੋਂ ਬਾਹਰ ਜਾ ਰਿਹਾ ਹੈ। ਪੰਜਾਬ ਦੇ ਲੋਕ ਇਸ ਗੱਲ ਲਈ ਵੀ ਹੈਰਾਨ ਹਨ ਕਿ ਆਖਿਰਕਾਰ ਸੂਬੇ ਨੂੰ ਕੌਣ ਚਲਾ ਰਿਹਾ ਹੈ? ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ?

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਨੂੰ ਸੰਕਟ ’ਚੋਂ ਕੱਢਣ ਦੀ ਥਾਂ ਲੋਕਾਂ ਦੁਆਰਾ ਦਿੱਤੇ ਫਤਵੇ ਨਾਲ ਖੇਡਾਂ ਖੇਡ ਰਹੀ ਹੈ। ਉਨ੍ਹਾਂ ਕਿਹਾ ਇੱਕ ਵਿਧਾਨ ਸਭਾ ਦੀ ਉੱਪ ਚੋਣ ’ਤੇ ਲੜਨ ਲਈ ਰਾਜ ਸਭਾ ਦੇ ਸੰਸਦ ਮੈਂਬਰ ਨੂੰ ਭੇਜਣ ਦਾ ਫੈਸਲਾ ਸਾਫ਼ ਦਿਖਾਉਂਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਚਲਾਉਣ ਦੀ ਬਜਾਏ ਇੱਕ ਵਿਅਕਤੀ ਦੀ ਮਹੱਤਵਕਾਂਕਸ਼ਾ ਨੂੰ ਤਰਜੀਹ ਦੇ ਰਹੀ ਹੈ। ਸਾਬਕਾ ਮੰਤਰੀ ਨੇ ਕਿਹਾ ਇਥੇ ਗੁਰਪ੍ਰੀਤ ਗੋਗੀ ਜੀ ਦੇ ਪਰਿਵਾਰ ਨਾਲ ਵੀ ਧੋਖਾ ਹੋਇਆ, ਜਿਹਨਾਂ ਨੂੰ ਆਪ ਨੇ ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਅਜਿਹਾ ਕਰਨਾ ਆਪ ਦਾ ਸਾਥ ਦੇਣ ਵਾਲਿਆਂ ਪ੍ਰਤੀ ਆਮ ਆਦਮੀ ਪਾਰਟੀ ਦੀ ਬੇਭਰੋਸਗੀ ਨੂੰ ਦਰਸਾਉਂਦਾ ਹੈ। ਹੁਣ, ਆਮ ਆਦਮੀ ਪਾਰਟੀ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਲਈ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਪਰ ਪੰਜਾਬ ਕੇਜਰੀਵਾਲ ਦੀਆਂ ਇੱਛਾਵਾਂ ਦੀ ਪੂਰਤੀ ਲਈ ਕੱਠਪੁਤਲੀ ਨਹੀਂ ਬਣੇਗਾ। ਉਨ੍ਹਾਂ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਇਹ ਸਮਾਂ ਹੈ ਇਸ ਸਰਕਾਰ ਨੂੰ ਜਵਾਬ ਦੇਣ ਦਾ। ਜਿਸ ਲਈ ਹਲਕਾ ਪੱਛਮੀ ਤਿਆਰ ਹੈ।

 



News Source link

- Advertisement -

More articles

- Advertisement -

Latest article