ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 18 ਮਾਰਚ
ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਕੋਲੋਂ 10 ਪਿਸਤੌਲ ਅਤੇ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਫਿਲਹਾਲ ਇਨ੍ਹਾਂ ਦੇ ਤਿੰਨ ਸਾਥੀ ਫਰਾਰ ਹਨ। ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸ਼ਨਾਖਤ ਧਰਮਪ੍ਰੀਤ ਸਿੰਘ ਉਰਫ ਧੰਮੂ ਵਜੋਂ ਹੋਈ ਹੈ ਅਤੇ ਇਸ ਦੇ ਨਾਲ ਦੋ ਔਰਤਾਂ ਸ਼ਾਮਿਲ ਹਨ। ਥਾਣਾ ਘਰਿੰਡਾ ਦੀ ਪੁਲੀਸ ਨੂੰ ਭਰੋਸੇਯੋਗ ਸੂਚਨਾ ਮਿਲੀ ਸੀ ਕਿ ਪਿੰਡ ਭਰੋਪਾਲ ਦੇ ਕੁਝ ਵਿਅਕਤੀਆਂ ਵੱਲੋਂ ਗੈਰ ਕਾਨੂੰਨੀ ਹਥਿਆਰ ਅਤੇ ਹੈਰੋਇਨ ਦੀ ਤਸਕਰੀ ਕੀਤੀ ਜਾ ਰਹੀ ਹੈ ਜਿਸ ਤਹਿਤ ਪੁਲੀਸ ਵੱਲੋਂ ਪਿੰਡ ਭਰੋਪਾਲ ਦੇ ਦੋ ਘਰਾਂ ਵਿੱਚ ਛਾਪੇਮਾਰੀ ਕੀਤੀ ਗਈ ਜਿੱਥੋਂ ਇੱਕ ਔਰਤ ਦੇ ਘਰੋਂ 10 ਪਿਸਤੌਲ ਅਤੇ 1 ਕਿਲੋ ਹੈਰੋਇਨ ਅਤੇ ਦੂਜੀ ਔਰਤ ਦੇ ਘਰੋਂ ਇੱਕ ਕਿਲੋ ਹੈਰੋਇਨ ਬਰਾਮਦ ਹੋਈ ਹੈ। ਉਹਨਾਂ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਦੇ ਤਿੰਨ ਸਾਥੀ ਮੌਕੇ ਤੋਂ ਭੱਜਣ ਵਿੱਚ ਸਫਲ ਹੋ ਗਏ ਹਨ ਜਿਨਾਂ ਦੀ ਸ਼ਨਾਖਤ ਬੱਬੀ ਮਿਸਤਰੀ, ਅਰਸ਼ਦੀਪ ਸਿੰਘ ਉਰਫ ਬਾਬਾ ਅਤੇ ਮਨਪ੍ਰੀਤ ਸਿੰਘ ਉਰਫ ਕਾਲੂ ਵਜੋਂ ਹੋਈ ਹੈ।