ਨਵੀਂ ਦਿੱਲੀ, 19 ਫਰਵਰੀ
ਅਮਰੀਕਾ ਵੱਲੋਂ ਡਿਪੋਰਟ ਕੀਤੇ ਗੈਰਕਾਨੂੰਨੀ ਭਾਰਤੀ ਪਰਵਾਸੀਆਂ ਵਾਲੇ (ਅਮਰੀਕੀ ਫੌਜੀ) ਜਹਾਜ਼ਾਂ ਨੂੰ ਪੰਜਾਬ (ਅੰਮ੍ਰਿਤਸਰ) ਵਿਚ ਹੀ ਉਤਾਰੇ ਜਾਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਇਤਰਾਜ਼ ਦਰਮਿਆਨ ਕੇਂਦਰ ਸਰਕਾਰ ਵਿਚਲੇ ਸੂਤਰਾਂ ਨੇ ਅੱਜ ਇਸ ਪੇਸ਼ਕਦਮੀ ਦਾ ਇਹ ਕਹਿੰਦਿਆਂ ਬਚਾਅ ਕੀਤਾ ਕਿ ਡਿਪੋਰਟ ਕੀਤੇ ਗੈਰਕਾਨੂੰਨੀ ਪਰਵਾਸੀਆਂ ਵਿਚੋਂ ਬਹੁਗਿਣਤੀ ਪੰਜਾਬ ਨਾਲ ਸਬੰਧਤ ਹਨ।
ਇਨ੍ਹਾਂ ਸੂਤਰਾਂ ਨੇ 5 ਫਰਵਰੀ ਤੋਂ ਭਾਰਤ ਆਈਆਂ ਤਿੰਨ ਉਡਾਣਾਂ ਦੇ ਅੰਕੜੇ ਸਾਂਝੇ ਕਰਦਿਆਂ ਕਿਹਾ ਕਿ ਅਮਰੀਕੀ ਫੌਜੀ ਜਹਾਜ਼ਾਂ ਰਾਹੀਂ ਵਤਨ ਵਾਪਸੀ ਕਰਨ ਵਾਲੇ 333 ਲੋਕਾਂ ਵਿੱਚੋਂ ਕੁੱਲ 126 ਪੰਜਾਬ ਦੇ ਬਾਸ਼ਿੰਦੇ ਹਨ ਜਦੋਂਕਿ ਗੁਆਂਢੀ ਹਰਿਆਣਾ ਤੋਂ 110 ਅਤੇ ਗੁਜਰਾਤ ਤੋਂ 74 ਵਿਅਕਤੀ ਹਨ। ਇਨ੍ਹਾਂ ਵਿੱਚੋਂ 8 ਉੱਤਰ ਪ੍ਰਦੇਸ਼ ਤੋਂ, 5 ਮਹਾਰਾਸ਼ਟਰ ਤੋਂ, ਦੋ-ਦੋ ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਰਾਜਸਥਾਨ ਅਤੇ ਗੋਆ ਤੋਂ ਅਤੇ ਇੱਕ-ਇੱਕ ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਤੋਂ ਸਨ। ਉਨ੍ਹਾਂ ਕਿਹਾ ਕਿ 5, 15 ਅਤੇ 16 ਫਰਵਰੀ ਨੂੰ ਆਈਆਂ ਤਿੰਨ ਉਡਾਣਾਂ ਵਿੱਚੋਂ ਹਰੇਕ ਵਿੱਚ 100 ਤੋਂ ਵੱਧ ਭਾਰਤੀਆਂ ਨੂੰ ਲਿਆਂਦਾ ਗਿਆ ਸੀ ਅਤੇ ਹੁਣ ਤੱਕ 333 ਜਣਿਆਂ ਦੀ ਵਤਨ ਵਾਪਸੀ ਹੋਈ ਹੈ। ਸੂਤਰਾਂ ਨੇ ਇਨ੍ਹਾਂ ਵਿਚ 262 ਪੁਰਸ਼, 42 ਮਹਿਲਾਵਾਂ ਅਤੇ 29 ਨਾਬਾਲਗ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਮਈ 2020 ਤੋਂ ਹੁਣ ਤੱਕ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ 21 ਉਡਾਣਾਂ ਦੇਸ਼ ਵਿੱਚ ਆਈਆਂ ਹਨ ਅਤੇ ਇਹ ਸਾਰੀਆਂ ਅੰਮ੍ਰਿਤਸਰ ਵਿੱਚ ਹੀ ਉਤਰੀਆਂ ਹਨ। ਡੋਨਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੁਣ ਤੱਕ ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਲੈ ਕੇ ਤਿੰਨ ਅਮਰੀਕੀ ਫੌਜੀ ਜਹਾਜ਼ ਭਾਰਤ ਪਹੁੰਚੇ ਹਨ। ਵਿਰੋਧੀ ਪਾਰਟੀਆਂ ਨੇ ਡਿਪੋਰਟ ਕੀਤੇ ਗਏ ਲੋਕਾਂ ਨਾਲ ਕੀਤੇ ਗਏ ਵਿਵਹਾਰ, ਜਿਸ ਵਿੱਚ ਉਨ੍ਹਾਂ ਨੂੰ ਹੱਥਕੜੀਆਂ ਤੇ ਬੇੜੀਆਂ ਨਾਲ ਬੰਨ੍ਹਣਾ ਵੀ ਸ਼ਾਮਲ ਹੈ, ਦਾ ਵਿਰੋਧ ਕੀਤਾ ਅਤੇ ਭਾਰਤ ਸਰਕਾਰ ਨੂੰ ਇਹ ਮੁੱਦਾ ਅਮਰੀਕਾ ਕੋਲ ਉਠਾਉਣ ਲਈ ਕਿਹਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 5 ਫਰਵਰੀ ਨੂੰ ਪਹਿਲੀ ਉਡਾਣ ਦੇ ਅੰਮ੍ਰਿਤਸਰ ਉਤਰਨ ਤੋਂ ਬਾਅਦ ਕਿਹਾ ਸੀ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਨੂੰ ‘ਡਿਪੋਰਟ ਦਾ ਅੱਡਾ’ ਨਹੀਂ ਬਣਾਇਆ ਜਾਣਾ ਚਾਹੀਦਾ। ਪਹਿਲੀ ਉਡਾਣ ਵਿੱਚ ਪੰਜਾਬ ਤੋਂ 30 ਅਤੇ ਹਰਿਆਣਾ ਅਤੇ ਗੁਜਰਾਤ ਤੋਂ 33-33 ਡਿਪੋਰਟੀ ਸਨ। ਦੂਜੀ ਉਡਾਣ ਵਿੱਚ ਪੰਜਾਬ ਤੋਂ 65, ਹਰਿਆਣਾ ਤੋਂ 33 ਅਤੇ ਗੁਜਰਾਤ ਤੋਂ ਅੱਠ ਡਿਪੋਰਟੀ ਸਨ। ਤੀਜੀ ਉਡਾਣ ਵਿਚ ਇਹ ਗਿਣਤੀ ਕ੍ਰਮਵਾਰ 31, 44 ਅਤੇ 33 ਸੀ।
ਵਿਰੋਧੀ ਧਿਰਾਂ ਵੱਲੋਂ ਜਤਾਏ ਇਤਰਾਜ਼ਾਂ ਮਗਰੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 6 ਫਰਵਰੀ ਨੂੰ ਸੰਸਦ ਵਿਚ ਕਿਹਾ ਸੀ ਸਰਕਾਰ ਅਮਰੀਕਾ ਨਾਲ ਗੱਲਬਾਤ ਕਰ ਰਹੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਤਨ ਵਾਪਸੀ ਕਰਨ ਵਾਲੇ ਭਾਰਤੀਆਂ ਨਾਲ ਬਦਸਲੂਕੀ ਨਾ ਕੀਤੀ ਜਾਵੇ। ਹਾਲਾਂਕਿ ਜੈਸ਼ੰਕਰ ਨੇ ਨਾਲ ਹੀ ਇਹ ਗੱਲ ਵੀ ਕਹੀ ਸੀ ਕਿ ਡਿਪੋਰਟ ਕਰਨ ਦਾ ਅਮਲ ਕੋਈ ਨਵਾਂ ਨਹੀਂ ਹੈ। -ਪੀਟੀਆਈ