ਬਾਲਾਘਾਟ(ਮੱਧ ਪ੍ਰਦੇਸ਼), 19 ਫਰਵਰੀ
ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਵਿੱਚ ਅੱਜ ਪੁਲੀਸ ਨਾਲ ਹੋਏ ਮੁਕਾਬਲੇ ਵਿੱਚ ਤਿੰਨ ਮਹਿਲਾ ਕਾਡਰਾਂ ਸਮੇਤ ਚਾਰ ਨਕਸਲੀ ਮਾਰੇ ਗਏ। ਵਧੀਕ ਪੁਲੀਸ ਸੁਪਰਡੈਂਟ ਵਿਜੈ ਡਾਬਰ ਨੇ ਕਿਹਾ ਕਿ ਜੰਗਲ ਖੇਤਰ ਵਿਚ ਹੋਏ ਆਪਰੇਸ਼ਨ ਵਿਚ ਸੂਬਾਈ ਪੁਲੀਸ ਦੀ ਨਕਸਲ ਵਿਰੋਧੀ ਹਾਕ ਫੋਰਸ ਅਤੇ ਸਥਾਨਕ ਪੁਲੀਸ ਟੀਮਾਂ ਨੇ ਹਿੱਸਾ ਲਿਆ। ਪੁਲੀਸ ਨੇ ਮੁਕਾਬਲੇ ਵਾਲੀ ਥਾਂ ਤੋਂ ਹਥਿਆਰ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।
ਬਾਲਾਘਾਟ ਮਹਾਰਾਸ਼ਟਰ ਦੇ ਗੋਂਦੀਆ ਜ਼ਿਲ੍ਹੇ ਅਤੇ ਛੱਤੀਸਗੜ੍ਹ ਦੇ ਰਾਜਨੰਦਗਾਓਂ, ਖੈਰਾਗੜ੍ਹ ਅਤੇ ਕਵਰਧਾ ਜ਼ਿਲ੍ਹਿਆਂ ਨਾਲ ਸਰਹੱਦਾਂ ਸਾਂਝੀਆਂ ਕਰਦਾ ਹੈ। ਡਾਬਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 90 ਕਿਲੋਮੀਟਰ ਦੂਰ ਇੱਕ ਸਥਾਨ ’ਤੇ ਸਵੇਰੇ ਗੋਲੀਬਾਰੀ ਸ਼ੁਰੂ ਹੋਈ।
ਅਧਿਕਾਰਤ ਬਿਆਨ ਮੁਤਾਬਕ ਇਹ ਸਥਾਨ ਗੜ੍ਹੀ ਪੁਲੀਸ ਸਟੇਸ਼ਨ ਖੇਤਰ ਦੇ ਅਧੀਨ Supkhar ਜੰਗਲਾਤ ਰੇਂਜ ਵਿੱਚ Ronda ਫੋਰੈਸਟ ਕੈਂਪ ਦੇ ਨੇੜੇ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਨਕਸਲੀਆਂ ਦੀ ਅਜੇ ਤੱਕ ਸ਼ਨਾਖ਼ਤ ਨਹੀਂ ਹੋ ਸਕੀ ਹੈ।
ਪੁਲੀਸ ਨੇ ਮੌਕੇ ਤੋਂ Insas ਰਾਈਫਲ, ਇੱਕ ਸੈਲਫ-ਲੋਡਿੰਗ ਰਾਈਫਲ (SLR) ਅਤੇ ਇੱਕ .303 ਰਾਈਫਲ ਤੋਂ ਇਲਾਵਾ ਨਿੱਤ ਵਰਤੋਂ ਦੀਆਂ ਚੀਜ਼ਾਂ ਬਰਾਮਦ ਕੀਤੀਆਂ ਹਨ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਐਕਸ ’ਤੇ ਟਵੀਟ ਕਰਕੇ ਪੁਲੀਸ ਨੂੰ ਇਸ ਆਪਰੇਸ਼ਨ ਲਈ ਵਧਾਈ ਦਿੱਤੀ। -ਪੀਟੀਆਈ