16.2 C
Patiāla
Thursday, February 20, 2025

ਗਣਤੰਤਰ ਦਿਵਸ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ – Punjabi Tribune

Must read


ਗਗਨਦੀਪ ਅਰੋੜਾ

ਲੁਧਿਆਣਾ, 25 ਜਨਵਰੀ

ਇੱਥੋਂ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਮੈਦਾਨ ਵਿੱਚ 76ਵਾਂ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਹੋਵੇਗਾ ਜਿਸ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੌਮੀ ਝੰਡਾ ਲਹਿਰਾਉਣਗੇ। ਸਮਾਗਮ ਲਈ ਸ਼ਨਿੱਚਰਵਾਰ ਨੂੰ ਹੀ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰ ਦਿੱਤੇ ਹਨ। ਸ਼ਹਿਰ ਵਿੱਚ ਗਣਤੰਤਰ ਦਿਵਸ ਲਈ ਕਈ ਥਾਂ ਨਾਕਾਬੰਦੀ ਕੀਤੀ ਗਈ ਹੈ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਅੱਜ ਲੁਧਿਆਣਾ ਦਾ ਜਾਇਜ਼ਾ ਲਿਆ।

ਪੁਲੀਸ ਵੱਲੋਂ ਹਰ ਆਉਣ ਜਾਣ ਵਾਲੇ ਤੋਂ ਪੁੱਛ ਗਿੱਛ ਕੀਤੀ ਗਈ ਤੇ ਬਿਨਾਂ ਮਨਜ਼ੂਰੀ ਕਿਸੇ ਨੂੰ ਵੀ ਸਮਾਗਮ ਵਾਲੇ ਸਥਾਨ ਤੱਕ ਨਹੀਂ ਜਾਣ ਦਿੱਤਾ ਗਿਆ। ਐਤਵਾਰ ਨੂੰ ਵੀ ਸਮਾਗਮ ਵਿੱਚ ਐਂਟਰੀ ਲਈ ਪਾਸ ਜਾਰੀ ਕੀਤੇ ਗਏ ਹਨ। ਸਮਾਗਮ ਐਤਵਾਰ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਹੋਵੇਗਾ। ਸ਼ਹਿਰ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਦੇ 15 ਸੌ ਤੋਂ ਵੱਧ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।

ਐਤਵਾਰ ਨੂੰ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੀਏਯੂ ਦੇ ਅੰਦਰ ਵੱਖ-ਵੱਖ ਥਾਵਾਂ ’ਤੇ ਪੁਲੀਸ ਤਾਇਨਾਤ ਕੀਤੀ ਗਈ ਹੈ। ਪੀਏਯੂ ਦੇ ਸਾਰੇ ਐਂਟਰੀ ਗੇਟਾਂ ’ਤੇ ਪੁਲੀਸ ਤਾਇਨਾਤ ਕੀਤੀ ਗਈ ਹੈ। ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਫਿਰੋਜ਼ਪੁਰ ਰੋਡ ’ਤੇ ਸਥਿਤ ਗੇਟ ਨੰਬਰ ਦੋ ਤੋਂ ਐਂਟਰੀ ਦਿੱਤੀ ਜਾਵੇਗੀ। ਸਾਰਿਆਂ ਨੂੰ ਚੈਕਿੰਗ ਤੋਂ ਬਾਅਦ ਹੀ ਅੰਦਰ ਜਾਣ ਦਿੱਤਾ ਜਾਵੇਗਾ। ਪੀਏਯੂ ਦੇ ਨਾਲ-ਨਾਲ ਪੁਲੀਸ ਨੇ ਵੀ ਸ਼ਹਿਰ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲੀਸ ਨੇ ਸ਼ਹਿਰ ਦੇ ਅੰਦਰਲੇ ਇਲਾਕਿਆਂ ਵਿੱਚ ਵੀ ਨਾਕਾਬੰਦੀ ਕੀਤੀ ਹੋਈ ਹੈ। ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਹਰ ਪਾਸੇ ਪੁਲੀਸ ਦੀ ਸਖ਼ਤ ਨਿਗਰਾਨੀ ਹੋਵੇਗੀ। ਪੁਲੀਸ ਦੀਆਂ ਵੱਖ-ਵੱਖ ਟੀਮਾਂ ਸੁਰੱਖਿਆ ਪ੍ਰਬੰਧਾਂ ਵਿੱਚ ਜੁਟੀਆਂ ਹੋਈਆਂ ਹਨ। ਇਸ ਦੇ ਨਾਲ ਹੀ ਡੌਗ ਸਕੁਐਡ ਦੇ ਨਾਲ-ਨਾਲ ਸਾਦੀ ਵਰਦੀ ਵਿੱਚ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਣਗੇ। ਉਸ ਤੋਂ ਇਲਾਵਾ ਸਮਾਗਮ ਨੇੜੇ ਸੀਸੀਟੀਵੀ ਕੈਮਰਿਆਂ ਵਾਲੀਆਂ ਪੀਸੀਆਰ ਵੈਨਾਂ ਵੀ ਲਗਾਈਆਂ ਗਈਆਂ ਹਨ।

ਹਥਿਆਰਾਂ ਤੇ ਟੈਂਕਾਂ ਦੀ ਪ੍ਰਦਰਸ਼ਨੀ ਲਾਏਗੀ ਫੌਜ

ਲੁਧਿਆਣਾ ’ਚ ਹਥਿਆਰਾਂ ਨੂੰ ਦੇਖਦੇ ਹੋਏ ਫੌਜੀ ਜਵਾਨ।

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਡ ਗਰਾਊਂਡ ਵਿੱਚ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਅਤੇ ‘ਆਪਣੀ ਫੌਜ ਨੂੰ ਜਾਣੋਂ’ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਪ੍ਰਸ਼ਾਸਨ ਅਤੇ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਨੇ ਦੋਵਾਂ ਸਮਾਗਮਾਂ ਦੇ ਸੁਚਾਰੂ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 26 ਜਨਵਰੀ ਨੂੰ ਇੱਥੇ ਰਾਸ਼ਟਰੀ ਝੰਡਾ ਲਹਿਰਾਉਣਗੇ। ਲੁਧਿਆਣਾ ਵਿੱਚ ਪਹਿਲੀ ਵਾਰ ਭਾਰਤੀ ਫੌਜ ‘ਆਪਣੀ ਫੌਜ ਨੂੰ ਜਾਣੋ’ ਸਮਾਗਮ ਵਿਚ ਹਥਿਆਰਾਂ ਅਤੇ ਟੈਂਕਾਂ ਨੂੰ ਪ੍ਰਦਰਸ਼ਿਤ ਕਰੇਗੀ। ਇਸ ਸਬੰਧੀ ਲੋਕ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ‘ਆਪਣੀ ਫੌਜ ਨੂੰ ਜਾਣੋ’ ਸਮਾਗਮ ਦੇਖਣ ਲਈ ਮੈਦਾਨ ਵਿੱਚ ਆ ਸਕਦੇ ਹਨ। ਸ੍ਰੀ ਜੋਰਵਾਲ ਨੇ ਕਿਹਾ ਕਿ ਗਣਤੰਤਰ ਦਿਵਸ ਸਮਾਰੋਹਾਂ ਦਾ ਸੂਬਾ ਪੱਧਰੀ ਸਮਾਗਮ ਹੋਣ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਇਸ ਨੂੰ ਪੂਰੇ ਦੇਸ਼ ਭਗਤੀ ਦੇ ਜੋਸ਼ ਅਤੇ ਉਤਸ਼ਾਹ ਨਾਲ ਮਨਾਏਗਾ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਰੋਹਿਤ ਗੁਪਤਾ, ਭਾਰਤੀ ਫੌਜ ਦੇ ਅਧਿਕਾਰੀ ਅਤੇ ਹੋਰ ਸ਼ਾਮਲ ਸਨ।



News Source link

- Advertisement -

More articles

- Advertisement -

Latest article