ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ’ਤੇ ਅੱਜ 139 ਹਸਤੀਆਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ’ਚੋਂ ਸੱਤ ਨੂੰ ਪਦਮ ਵਿਭੂਸ਼ਣ, 19 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਵਿਭੂਸ਼ਣ ਹਾਸਲ ਕਰਨ ਵਾਲਿਆਂ ’ਚ ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ, ਲਕਸ਼ਮੀਨਰਾਇਣ ਸੁਬਰਾਮਣਿਅਮ, ਕੁਮੂਦਿਨੀ ਰਜਨੀਕਾਂਤ ਲਕੀਆ, ਡੀ ਨਾਗੇਸ਼ਵਰ ਰੈੱਡੀ, ਸੁਜ਼ੂਕੀ ਦੇ ਸਾਬਕਾ ਮੁਖੀ ਓਸਾਮੂ ਸੁਜ਼ੂਕੀ (ਮਰਨ ਉਪਰੰਤ), ਲੋਕ ਗਾਇਕਾ ਸ਼ਾਰਦਾ ਸਿਨਹਾ (ਮਰਨ ਉਪਰੰਤ) ਅਤੇ ਐੱਮਟੀ ਵਾਸੂਦੇਵਨ (ਮਰਨ ਉਪਰੰਤ) ਸ਼ਾਮਲ ਹਨ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਮਨੋਹਰ ਜੋਸ਼ੀ (ਮਰਨ ਉਪਰੰਤ), ਗਜ਼ਲ ਗਾਇਕ ਪੰਕਜ ਉਧਾਸ (ਮਰਨ ਉਪਰੰਤ), ਭਾਜਪਾ ਆਗੂ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਮੋਦੀ (ਮਰਨ ਉਪਰੰਤ), ਫਿਲਮਸਾਜ਼ ਤੇ ਅਦਾਕਾਰ ਸ਼ੇਖਰ ਕਪੂਰ, ਤੇਲਗੂ ਸੁਪਰਸਟਾਰ ਐੱਨ ਬਾਲਾਕ੍ਰਿਸ਼ਨਾ ਅਤੇ ਆਰਥਿਕ ਮਾਹਿਰ ਬਿਬੇਕ ਦੇਬਰੌਏ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਉੱਘੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਕਾਰੋਬਾਰੀ ਓਂਕਾਰ ਸਿੰਘ ਪਾਹਵਾ, ਐੱਸਬੀਆਈ ਦੀ ਸਾਬਕਾ ਚੇਅਰਪਰਸਨ ਅਰੁੰਧਤੀ ਭੱਟਾਚਾਰਿਆ, ਕ੍ਰਿਕਟਰ ਆਰ ਅਸ਼ਿਵਨ, ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼, ਹਰਿਆਣਾ ਦੇ ਪੈਰਾਲੰਪੀਅਨ ਤੀਰਅੰਦਾਜ਼ ਹਰਵਿੰਦਰ ਸਿੰਘ, ਦੀਨਾਮਲਾਰ ਪ੍ਰਕਾਸ਼ਕ ਲਕਸ਼ਮੀਪਤੀ ਰਾਮਾਸੁੱਬਾਅਈਅਰ ਨੂੰ ਸਾਹਿਤ, ਸਿੱਖਿਆ ਤੇ ਪੱਤਰਕਾਰੀ ’ਚ, ਗਾਇਕ ਅਰੀਜੀਤ ਸਿੰਘ, ਗਾਇਕਾ ਜਸਪਿੰਦਰ ਨਰੂਲਾ, ਸਾਧਵੀ ਰਿਤੰਬਰਾ, ਅਰਵਿੰਦਰ ਸ਼ਰਮਾ (ਕੈਨੇਡਾ), ਚੇਤਨ ਈ ਚਿਟਨਿਸ (ਫਰਾਂਸ), ਸੇਤੂਰਮਨ ਪੰਚਾਨਾਥਨ (ਅਮਰੀਕਾ) ਅਤੇ ਸਟੀਫ਼ਨ ਨੈਪ (ਅਮਰੀਕਾ) ਨੂੰ ਪ੍ਰਦਮਸ੍ਰੀ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ’ਚ 23 ਮਹਿਲਾਵਾਂ ਹਨ ਜਦਕਿ ਸੂਚੀ ’ਚ 10 ਵਿਦੇਸ਼ੀ, ਐੱਨਆਰਆਈ, ਪੀਆਈਓ, ਓਸੀਆਈ ਸ਼ਾਮਲ ਹਨ। ਇਸੇ ਤਰ੍ਹਾਂ 13 ਹਸਤੀਆਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤਾ ਗਿਆ ਹੈ। ਪਦਮ ਪੁਰਸਕਾਰ ਕਲਾ, ਸਮਾਜ ਸੇਵਾ, ਵਿਗਿਆਨ ਤੇ ਇੰਜਨੀਅਰਿੰਗ, ਵਪਾਰ ਤੇ ਸਨਅਤ, ਮੈਡੀਸਨ, ਸਾਹਿਤ, ਸਿੱਖਿਆ, ਖੇਡਾਂ, ਸਿਵਲ ਸੇਵਾਵਾਂ ਆਦਿ ਖੇਤਰਾਂ ਲਈ ਹਰ ਸਾਲ ਦਿੱਤੇ ਜਾਂਦੇ ਹਨ।
ਪਦਮਸ੍ਰੀ ਪੁਰਸਕਾਰਾਂ ਦੀ ਸੂਚੀ ’ਚ 30 ਗੁਮਨਾਮ ਨਾਇਕ ਵੀ ਸ਼ਾਮਲ
ਗੋਆ ਦੇ 100 ਸਾਲਾ ਆਜ਼ਾਦੀ ਘੁਲਾਟੀਏ, 150 ਔਰਤਾਂ ਨੂੰ ਪੁਰਸ਼ ਪ੍ਰਧਾਨ ਖੇਤਰ ਢਾਕ ਵਾਦਨ ਵਿੱਚ ਸਿਖਲਾਈ ਦੇਣ ਵਾਲੇ ਪੱਛਮੀ ਬੰਗਾਲ ਦੇ ਢਾਕ ਵਾਦਕ ਅਤੇ ਕਠਪੁਤਲੀ ਖੇਡ ਦਿਖਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਉਨ੍ਹਾਂ 30 ਗੁਮਨਾਮ ਨਾਇਕਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਏਮਸ ਦਿੱਲੀ ਦੇ ਮਹਿਲਾ ਰੋਗ ਵਿਭਾਗ ਦੀ ਸਾਬਕਾ ਮੁਖੀ ਨੀਰਜਾ ਭਾਟਲਾ ਨੂੰ ਵੀ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਡਾ. ਨੀਰਜਾ ਭਾਟਲਾ ਨੇ ਸਰਵੀਕਲ ਕੈਂਸਰ ਲਈ ਹਦਾਇਤਾਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਗੋਆ ਦੇ ਆਜ਼ਾਦੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਲਿਬੀਆ ਲੋਬੋ ਸਰਦੇਸਾਈ ਨੇ ਪੁਰਤਗਾਲੀ ਸ਼ਾਸਨ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਕਰਨ ਲਈ 1955 ਵਿੱਚ ਇਕ ਜੰਗਲੀ ਇਲਾਕੇ ’ਚ ਜ਼ਮੀਨਦੋਜ਼ ਰੇਡੀਓ ਸਟੇਸ਼ਨ ‘ਵੋਜ਼ ਦਾ ਲਿਬਰਡਾਬੇ (ਵੁਆਇਸ ਆਫ਼ ਫਰੀਡਮ) ਦੀ ਸਥਾਪਨਾ ਕੀਤੀ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 76ਵੇਂ ਗਣਤੰਤਰ ਦਿਵਸ ਮੌਕੇ ਸਰਦੇਸਾਈ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ ਪੱਛਮੀ ਬੰਗਾਲ ਦੇ 57 ਸਾਲਾ ਢਾਕ ਵਾਦਕ ਗੋਕੁਲ ਚੰਦਰ ਡੇਅ ਵੀ ਸ਼ਾਮਲ ਹਨ ਜਿਨ੍ਹਾਂ ਨੇ ਪੁਰਸ਼ ਪ੍ਰਧਾਨ ਖੇਤਰ ਵਿੱਚ 15 ਔਰਤਾਂ ਨੂੰ ਸਿਖਲਾਈ ਦੇ ਕੇ ਲਿੰਗ ਰੂੜ੍ਹੀਵਾਦੀ ਧਾਰਨਾ ਨੂੰ ਤੋੜਿਆ ਸੀ। ਡੇਅ ਨੇ ਢਾਕ ਵਰਗਾ ਇਕ ਹਲਕਾ ਵਾਦਯੰਤਰ ਵੀ ਬਣਾਇਆ ਜੋ ਵਜ਼ਨ ਵਿੱਚ ਰਵਾਇਤੀ ਵਾਦਯੰਤਰ ਨਾਲੋਂ ਡੇਢ ਕਿੱਲੋ ਹਲਕਾ ਸੀ। ਉਨ੍ਹਾਂ ਨੇ ਵੱਖ ਵੱਖ ਕੌਮਾਂਤਰੀ ਪਲੈਟਫਾਰਮਾਂ ’ਤੇ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਪੰਡਤ ਰਵੀਸ਼ੰਕਰ ਤੇ ਉਸਤਾਦ ਜ਼ਾਕਿਰ ਹੁਸੈਨ ਵਰਗੀਆਂ ਸ਼ਖ਼ਸੀਅਤਾਂ ਦੇ ਨਾਲ ਪ੍ਰੋਗਰਾਮ ਕੀਤੇ।
ਪਦਮਸ੍ਰੀ ਸਨਮਾਨ ਦੀ ਸੂਚੀ ਵਿੱਚ ਸ਼ਾਮਲ ਮਹਿਲਾ ਸ਼ਕਤੀਕਰਨ ਦੀ ਇਕ ਬੇਬਾਕ ਸਮਰਥਕ 82 ਸਾਲਾ ਸੈਲੀ ਹੋਲਕਰ ਨੇ ਅਲੋਪ ਹੋ ਰਹੀ ਮਾਹੇਸ਼ਵਰੀ ਸ਼ਿਲਪ ਕਲਾ ਨੂੰ ਪੁਨਰਜੀਵਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਰਵਾਇਤੀ ਬੁਣਾਈ ਤਕਨੀਕਾਂ ਵਿੱਚ ਸਿਖਲਾਈ ਦੇਣ ਲਈ ਮੱਧ ਪ੍ਰਦੇਸ਼ ਦੇ ਮਹੇਸ਼ਵਰ ’ਚ ਹੈਂਡਲੂਮ ਸਕੂਲ ਦੀ ਸਥਾਪਨਾ ਕੀਤੀ।
ਇਸੇ ਤਰ੍ਹਾਂ ਜੰਗਲੀ ਜੀਵ ਖੋਜੀ ਤੇ ਮਰਾਠੀ ਲੇਖਕ ਮਾਰੂਤੀ ਭੁਜੰਗਰਾਓ ਚਿਤਮਪੱਲੀ (92), ਪੈਰਿਸ ਦੇ ਟਾਊਨ ਹਾਲ ’ਚ ਪੇਸ਼ਕਾਰੀ ਦੇਣ ਵਾਲੀ ਇਕੱਲੀ ਰਾਜਸਥਾਨ ਮਹਿਲਾ ਤੇ ਪੁਰਾਣੀ ਭਜਨ ਗਾਇਕਾ ਜੈਪੁਰ ਦੀ ਬਤੂਲ ਬੇਗਮ (68), ਤਾਮਲਿਨਾਡੂ ਦੇ ਸਾਜ਼ ਵਾਦਕ ਵੈਲੂ ਆਸਾਨ (58), ਨੇਪਾਲੀ ਲੋਕ ਗਾਇਕ ਗੈਂਗਟੋਕ ਨਾਰੇਨ ਗੁਰੁੰਗ ਵੀ ਉਨ੍ਹਾਂ ਗੁਮਨਾਮ ਨਾਇਕਾਂ ’ਚ ਸ਼ਾਮਲ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। -ਪੀਟੀਆਈ