ਅਮਿਤ ਸ਼ਰਮਾ
ਚੰਡੀਗੜ੍ਹ, 20 ਜਨਵਰੀ
ਸ਼ਹਿਰ ਵਿੱਚ 7.5 ਲੱਖ ਤੋਂ ਵੱਧ ਬਕਾਇਆ ਟਰੈਫਿਕ ਚਲਾਨਾਂ ਦੇ ਮੁੱਦੇ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਯੂਟੀ ਪ੍ਰਸ਼ਾਸਨ ਨੇ ਅਜਿਹੇ ਵਾਹਨ ਚਾਲਕਾਂ ਨੂੰ ਨੋਟਿਸ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਪੰਜ ਜਾਂ ਇਸ ਤੋਂ ਵੱਧ ਵਾਰ ਬਕਾਇਆ ਚਲਾਨਾਂ ਦਾ ਭੁਗਤਾਨ ਨਹੀਂ ਕੀਤਾ। ਨੋਟਿਸ ਵਿੱਚ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਆਪਣੇ ਬਕਾਇਆ ਚਲਾਨ ਭੁਗਤਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੇ ਨਾਲ ਉਨ੍ਹਾਂ ਦੇ ਰਜਿਸਟਰੇਸ਼ਨ ਸਰਟੀਫਿਕੇਟ (ਆਰਸੀ) ਵੀ ਮੁਅੱਤਲ ਕੀਤੇ ਜਾਣਗੇ।
ਅਧਿਕਾਰੀਆਂ ਨੇ ਪਿਛਲੇ ਸਾਲਾਂ ਦੌਰਾਨ ਚਲਾਨਾਂ ਦੀ ਅਦਾਇਗੀ ਨਾ ਕੀਤੇ ਜਾਣ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਹੈ। ਰਜਿਸਟਰਿੰਗ ਤੇ ਲਾਇਸੈਂਸਿੰਗ ਅਥਾਰਟੀ ਦੇ ਇੰਚਾਰਜ ਪ੍ਰਦੁਮਨ ਸਿੰਘ ਨੇ ਕਿਹਾ, ‘‘ਵਾਰ-ਵਾਰ ਯਾਦ-ਪੱਤਰਾਂ ਅਤੇ ਨੋਟਿਸਾਂ ਦੇ ਬਾਵਜੂਦ, ਬਹੁਤ ਸਾਰੇ ਡਰਾਈਵਰ ਤੇਜ਼ ਰਫ਼ਤਾਰ, ਲਾਲ ਬੱਤੀ ਦੀ ਉਲੰਘਣਾ ਅਤੇ ਖਤਰਨਾਕ ਡਰਾਈਵਿੰਗ ਵਰਗੇ ਅਪਰਾਧਾਂ ਲਈ ਜੁਰਮਾਨੇ ਦੀ ਅਣਦੇਖੀ ਕਰਦੇ ਹਨ।’’ ਉਨ੍ਹਾਂ ਕਿਹਾ ਕਿ ਪੰਜ ਜਾਂ ਇਸ ਤੋਂ ਵੱਧ ਵਾਰ ਬਕਾਇਆ ਚਲਾਨਾਂ ਦਾ ਭੁਗਤਾਨ ਨਾ ਕਰਨ ਵਾਲੇ ਚਾਲਕਾਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ, ਜਿਸ ਵਿੱਚ ਉਨ੍ਹਾਂ ਨੂੰ 15 ਦਿਨਾਂ ਦੇ ਅੰਦਰ ਜੁਰਮਾਨੇ ਦੀ ਅਦਾਇਗੀ ਕਰਨੀ ਹੋਵੇਗੀ। ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਉਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਜਾਣਗੇ ਅਤੇ ਉਨ੍ਹਾਂ ਦੀ ਆਰਸੀ ਮੁਅੱਤਲ ਕੀਤੀ ਜਾਵੇਗੀ। ਇਸ ਤੋਂ ਇਲਾਵਾ ਡਿਫਾਲਟਰਾਂ ਦੇ ਵਾਹਨਾਂ ਨੂੰ ‘ਲੈਣ-ਦੇਣ ਨਹੀਂ’ ਵਜੋਂ ਫਲੈਗ ਕੀਤਾ ਜਾਵੇਗਾ, ਜੋ ਵਾਹਨ ਨਾਲ ਸਬੰਧਤ ਕਿਸੇ ਵੀ ਲੈਣ-ਦੇਣ ਨੂੰ ਰੋਕ ਦੇਵੇਗਾ, ਜਿਸ ਵਿੱਚ ਮਾਲਕੀ ਟਰਾਂਸਫਰ, ਆਰਸੀ ਨਵੀਨੀਕਰਨ, ਡੁਪਲੀਕੇਟ ਆਰਸੀ ਜਾਰੀ ਕਰਨਾ, ਪ੍ਰਦੂਸ਼ਣ ਸਰਟੀਫਿਕੇਟ ਅਤੇ ਬੀਮਾ ਸ਼ਾਮਲ ਹਨ।