23.7 C
Patiāla
Sunday, January 26, 2025

ਪਟਿਆਲਾ: ਨਿਗਮ ਦੀਆਂ ਚੋਣਾਂ ਲਈ 385 ਉਮੀਦਵਾਰ ਮੈਦਾਨ ’ਚ

Must read


ਸਰਬਜੀਤ ਸਿੰਘ ਭੰਗੂ 

ਪਟਿਆਲਾ, 13 ਦਸੰਬਰ

ਪਟਿਆਲਾ ਦੀ 60 ਵਾਰਡਾਂ ’ਤੇ ਆਧਾਰਿਤ ਨਗਰ ਨਿਗਮ ਦੀਆਂ ਚੋਣਾਂ ਲਈ ਕੱਲ੍ਹ ਕੁੱਲ 405 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ ਸਨ ਜਿਨ੍ਹਾਂ ਦੀ ਅੱਜ ਹੋਈ ਪੜਤਾਲ ਦੌਰਾਨ 20 ਉਮੀਦਵਾਰਾਂ ਦੇ ਕਾਗਜ਼ ਵੱਖ-ਵੱਖ ਕਾਰਨਾਂ ਕਰਕੇ ਰੱਦ ਹੋ ਗਏ ਹਨ। ਇਸ ਦੌਰਾਨ ਸੱਤਾਧਾਰੀ ਧਿਰ ‘ਆਪ’ ਦੇ ਸੱੱਤ ਉਮੀਦਵਾਰ ਬਿਨਾਂ ਮੁਕਾਬਲਾ ਜਿੱਤ ਗਏ। ਇਸ ਤਰ੍ਹਾਂ ਹੁਣ ਮੈਦਾਨ ’ਚ 385 ਉਮੀਦਵਾਰ ਰਹਿ ਗਏ ਹਨ। ਉਂਜ ਕੱਲ੍ਹ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੈ ਜਿਸ ਕਰਕੇ ਕੱਲ੍ਹ ਨੂੰ ਕੋਈ ਨਾ ਕੋਈ ਉਮੀਦਵਾਰ ਆਪਣਾ ਨਾਮ ਵਾਪਸ ਵੀ ਲੈ ਸਕਦਾ ਹੈ। ਇਸ ਕਰਕੇ ਉਮੀਦਵਾਰਾਂ ਸਬੰਧੀ ਅਸਲ ਸਥਿਤੀ ਕੱਲ੍ਹ ਨੂੰ ਹੀ ਸਪੱਸ਼ਟ ਹੋਵੇਗੀ। ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਅਨੁਸਾਰ ‘ਆਪ’ ਦੇ ਬਿਨਾਂ ਮੁਕਾਬਲਾ ਜਿੱਤਣ ਵਾਲੇ ਉਮੀਦਵਾਰਾਂ ’ਚ ਰਮਨਪ੍ਰੀਤ ਕੌਰ ਕੋਹਲੀ, ਰਵਿੰਦਰ ਲੁਥਰਾ, ਗੁਰਸ਼ਰਨ ਸਿੰਘ, ਰਣਜੀਤ ਸਿੰਘ, ਸਾਗਰ ਧਾਲੀਵਾਲ, ਰਾਜੇਸ਼ ਰਾਜੂ ਅਤੇ ਹਰਮਨ ਸੰਧੂ ਦੇ ਨਾਮ ਸ਼ਾਮਲ ਹਨ। ਉਂਜ ਇਸ ਸਬੰਧੀ ਅਧਿਕਾਰਤ ਪੁਸ਼ਟੀ ਕੱਲ੍ਹ ਨੂੰ ਹੀ ਹੋਵੇਗੀ ਕਿਉਂਕਿ ਅਧਿਕਾਰਤ ਤੌਰ ’ਤੇ ਦੇਰ ਸ਼ਾਮ ਤੱਕ ਵੀ ਜਾਣਕਾਰੀ ਸਾਂਝੀ ਨਹੀਂ ਸੀ ਕੀਤੀ ਗਈ। ਜ਼ਿਕਰਯੋਗ ਹੈ ਕਿ ਭਾਜਪਾ ਨਗਰ ਨਿਗਮ ਪਟਿਆਲਾ ਦੇ 60 ਵਾਰਡਾਂ ਵਿਚੋਂ 32 ਵਾਰਡਾਂ ’ਚ ਹੀ ਉਮੀਦਵਾਰ ਖੜ੍ਹਾ ਸਕੀ ਸੀ। ਭਾਵੇਂ ਅਧਿਕਾਰਤ ਤੌਰ ’ਤੇ ਤਾਂ ਇਹ ਗੱਲ 14 ਦਸੰਬਰ ਨੂੰ ਹੀ ਸਪੱਸ਼ਟ ਹੋ ਸਕੇਗੀ, ਪਰ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਹਰਪਾਲਪੁਰ ਅਨੁਸਾਰ ਅੱਜ ਪੜਤਾਲ ਦੌਰਾਨ ਭਾਜਪਾ ਦੇ 19 ਉਮੀਦਵਾਰਾਂ ਦੇ ਕਾਗਜ਼ ਅੱਜ ਰੱਦ ਕਰ ਦਿੱਤੇ ਗਏ ਤੇ ਹੁਣ ਭਾਜਪਾ ਦੇ 13 ਉਮੀਦਵਾਰ ਹੀ ਮੈਦਾਨ ’ਚ ਹਨ। ਰੱਦ ਨਾਮਜ਼ਦਗੀਆਂ ’ਚ ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਜੈ ਕੁਮਾਰ ਕੂਕਾ ਦੇ ਕਾਗਜ਼ ਵੀ ਸ਼ਾਮਲ ਹਨ। ਭਾਜਪਾ ਮਹਿਲਾ ਮੋਰਚਾ ਦੇ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਦਾ ਕਹਿਣਾ ਸੀ ਕਿ ਕੱਲ੍ਹ ‘ਆਪ’ ਕਾਰਕੁਨਾਂ ਨੇ ਭਾਜਪਾ ਦੇ 28 ਉਮੀਦਵਾਰਾਂ ਨੂੰ ਤਾਂ ਫਾਰਮ ਹੀ ਨਹੀਂ ਸੀ ਭਰਨ ਦਿੱਤੇ। ਅਕਾਲੀ ਦਲ ਦੇ ਹਲਕਾ ਇੰਚਾਰਜ ਅਮਰਿੰਦਰ ਬਜਾਜ ਨੇ ਕਿਹਾ ਕਿ ਅਜਿਹੇ ਹਾਲਾਤ ’ਚ ਅਕਾਲੀ ਦਲ ਵੀ 60 ਵਿਚੋਂ 29 ਵਾਰਡਾਂ ’ਤੇ ਹੀ ਉਮੀਦਵਾਰ ਖੜ੍ਹਾ ਸਕਿਆ ਸੀ। ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ ਨੇ ਭਾਜਪਾ ਤੇ ਅਕਾਲੀ ਦਲ ਸਮੇਤ ਵਿਰੋਧੀ ਧਿਰਾਂ ਵੱਲੋਂ ‘ਆਪ’ ’ਤੇ ਲਾਏ ਗਏ ਧੱਕੇਸ਼ਾਹੀਆਂ ਦੇ ਦੋਸ਼ਾਂ ਨੂੰ ਮੁੱਢੋਂ ਹੀ ਰੱਦ ਕੀਤਾ ਹੈ।

 



News Source link

- Advertisement -

More articles

- Advertisement -

Latest article