23.7 C
Patiāla
Sunday, January 26, 2025

ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ…

Must read


ਅਸ਼ੋਕ ਬਾਂਸਲ ਮਾਨਸਾ

ਪੰਜਾਬੀ ਦੇ ਕਈ ਗੀਤਕਾਰਾਂ ਦੇ ਰਚੇ ਹੋਏ ਗੀਤ ਲੋਕਾਂ ਦੇ ਗੀਤ ਬਣ ਕੇ ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਦੇ ਰਹਿੰਦੇ ਹਨ। ਅਜਿਹੇ ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਨ ਵਾਲੇ ਗੀਤਾਂ ’ਚੋਂ ਇੱਕ ਧਾਰਮਿਕ ਗੀਤ ਹੈ;

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ

ਨੀਝਾਂ ਲਾ ਲਾ ਵੇਂਹਦੀ ਦੁਨੀਆ ਸਾਰੀ ਐ

ਪੰਜਾਬੀ ਦੀ ਧਾਰਮਿਕ ਗਾਇਕੀ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਧ ਪ੍ਰਚੱਲਿਤ ਤੇ ਪੰਜਾਬੀਆਂ ਦਾ ਸਰਬ-ਸਾਂਝਾ ਗੀਤ ਹੈ। ਸਾਰੇ ਜਾਣਦੇ ਹਨ ਕਿ ਇਸ ਗੀਤ ਦੇ ਗੀਤਕਾਰ ਤੇ ਗਾਇਕ ਦਾ ਨਾਮ ਲਾਲ ਚੰਦ ਯਮਲਾ ਜੱਟ ਹੈ। ਲਾਲ ਚੰਦ ਯਮਲਾ ਖ਼ੁਦ ਹੀ ਗੀਤਕਾਰ ਤੇ ਖ਼ੁਦ ਹੀ ਗਾਇਕ ਸੀ। ਉਸ ਨੇ ਅਜਿਹੇ ਗੀਤ ਲਿਖੇ ਜੋ ਅਟੱਲ ਸੱਚਾਈਆਂ ਹਨ। ਇਨ੍ਹਾਂ ਗੀਤਾਂ ਨੂੰ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਂਦਾ ਹੈ।

ਲਾਲ ਚੰਦ ਦਾ ਜਨਮ ਲਾਇਲਪੁਰ ਜ਼ਿਲ੍ਹੇ ਦੀ ਤਹਿਸੀਲ ਟੋਬਾ ਟੇਕ ਸਿੰਘ ਦੇ ਪਿੰਡ 384 ਇਸਪੁਰ ਵਿੱਚ ਪਿਤਾ ਖੇੜਾ ਰਾਮ ਤੇ ਮਾਤਾ ਹਰਨਾਮ ਕੌਰ ਦੇ ਘਰ 1910 ਵਿੱਚ ਹੋਇਆ। ਲਾਲ ਚੰਦ ਦੇ ਪਿਤਾ ਵੀ ਗਾਉਂਦੇ ਸਨ ਜੋ ਜਵਾਨੀ ਦੀ ਉਮਰੇ ਰਾਸਧਾਰੀਆਂ ਦੀ ਮੰਡਲੀ ਨਾਲ ਨਿਕਲ ਗਏ। ਲਾਲ ਚੰਦ ਦੇ ਦਾਦਾ ਝੰਡਾ ਰਾਮ ਵੀ ਵੰਝਲੀ ਵਜਾਉਂਦੇ ਸਨ। ਪਤੀ ਦੇ ਘਰੋਂ ਚਲੇ ਜਾਣ ਤੋਂ ਬਾਅਦ ਲਾਲ ਚੰਦ ਦੀ ਮਾਤਾ ਉਸ ਨੂੰ ਲੈ ਕੇ ਆਪਣੇ ਪੇਕੇ ਲਾਇਲਪੁਰ ਆ ਗਈ। ਇੱਥੇ ਹੀ ਲਾਲ ਚੰਦ ਦਾ ਪਾਲਣ ਪੋਸ਼ਣ ਨਾਨਾ ਗੂੜਾ ਰਾਮ ਦੀ ਦੇਖ ਰੇਖ ਹੇਠ ਹੋਇਆ। ਲਾਲ ਚੰਦ ਦਾ ਪਰਿਵਾਰ ਰਾਜਪੂਤ ਬਟਵਾਲ ਬਰਾਦਰੀ ’ਚੋਂ ਸੀ ਜਿਨ੍ਹਾਂ ਨੂੰ ‘ਮਹਾਸ਼ੇ’ ਵੀ ਕਿਹਾ ਜਾਂਦਾ ਹੈ।

ਲਾਲ ਚੰਦ ਦੇ ਨਾਨਾ ਗੂੜਾ ਰਾਮ ਵੀ ਕਲਾਕਾਰ ਸਨ। ਜਦੋਂ ਉਹ ਨੌਂ ਕੁ ਸਾਲ ਦਾ ਸੀ ਤਾਂ ਇੱਕ ਦਿਨ ਖੇਡਦਾ ਖੇਡਦਾ ਆਪਣੇ ਆਸ-ਪਾਸ ਗਲੀ ਮੁਹੱਲੇ ਘੁੰਮ ਰਿਹਾ ਸੀ। ਉੱਥੇ ਕਿਧਰੇ ਪਾਸ ਹੀ ਇੱਕ ਵੇਸਵਾ ‘ਖੁਰਸ਼ੈਦਾਂ’ ਰਹਿੰਦੀ ਸੀ। ਉਸ ਦੀ ਆਵਾਜ਼ ਬਹੁਤ ਸੁਰੀਲੀ ਸੀ। ਘੁੰਮਦੇ-ਘੁਮਾਉਂਦਿਆਂ ‘ਖੁਰਸ਼ੈਦਾਂ’ ਦੀ ਆਵਾਜ਼ ਲਾਲ ਚੰਦ ਦੇ ਕੰਨੀਂ ਪੈ ਗਈ। ਉਹ ਉਸ ਦੀ ਸੁਰੀਲੀ ਆਵਾਜ਼ ਦਾ ਕਾਇਲ ਹੋ ਗਿਆ ਅਤੇ ‘ਖੁਰਸ਼ੈਦਾਂ’ ਦੇ ਕੋਠੇ ਵੱਲ ਖਿੱਚਿਆ ਗਿਆ। ਵਾਰ-ਵਾਰ ਇਸ ਸੁਰੀਲੀ ਆਵਾਜ਼ ਨੂੰ ਸੁਣਨ ਲਈ ਉਸ ਦੇ ਕੋਠੇ ਕੋਲ ਘੁੰਮਦਾ ਰਹਿੰਦਾ। ਖੁਰਸ਼ੈਦਾਂ ਦੇ ਕੋਠੇ ਕੋਲ ਹੀ ਇੱਕ ਮਾਈ ਰਹਿੰਦੀ ਸੀ। ਉਹ ਹਰ ਰੋਜ਼ ਬਾਲ ਲਾਲ ਚੰਦ ਨੂੰ ਖੁਰਸ਼ੈਦਾਂ ਦੇ ਕੋਠੇ ਦੇ ਚੱਕਰ ਲਾਉਂਦੇ ਨੂੰ ਦੇਖਦੀ। ਇੱਕ ਦਿਨ ਉਸ ਨੇ ਲਾਲ ਚੰਦ ਨੂੰ ਕੋਲ ਬੁਲਾਇਆ ਅਤੇ ਪੁੱਛਿਆ,

‘‘ਪੁੱਤਰ! ਤੂੰ ਇੱਥੇ ਹਰ ਰੋਜ਼ ਕੀ ਕਰਨ ਆਉਂਦਾ ਏਂ?’’

ਲਾਲ ਚੰਦ ਨੇ ਭੋਲੇਪਣ ਵਿੱਚ ਜੁਆਬ ਦਿੱਤਾ, ‘‘ਬੇਬੇ ਜੀ! ਮੈਂ ਇੱਥੇ ਗਾਉਣ ਸੁਣਨ ਆਉਂਦਾ ਹਾਂ। ਮੈਨੂੰ ਇਸ ਗਾਉਣ ਵਾਲੀ ਦੀ ਆਵਾਜ਼ ਬਹੁਤ ਚੰਗੀ ਲੱਗਦੀ ਏ। ਮੈਂ ਵੀ ਗਾਉਂਦਾ ਵਾਂ, ਮੈਨੂੰ ਵੀ ਗਾਉਣਾ ਚੰਗਾ ਲੱਗਦਾ ਏ।’’ ਮਾਈ ਨੇ ਉਸ ਨੂੰ ਗੋਦ ’ਚ ਲੈ ਲਿਆ ਤਾਂ ਲਾਲ ਚੰਦ ਨੇ ਬੇਬੇ ਨੂੰ ਮਾਹੀਏ ਦੇ ਟੱਪੇ ਸੁਣਾਏ। ਮਾਹੀਏ ਸੁਣ ਕੇ ਮਾਈ ਬਹੁਤ ਖ਼ੁਸ਼ ਹੋਈ ਅਤੇ ਉਸ ਨੇ ਲਾਲ ਚੰਦ ਨੂੰ ਦੋ ਰੁਪਏ ਦਿੱਤੇ ਅਤੇ ਨਾਲ ਹੀ ਤਾਕੀਦ ਵੀ ਕੀਤੀ ਕਿ ਬੇਟਾ ਅੱਜ ਤੋਂ ਬਾਅਦ ਤੂੰ ਇਸ ਮੁਹੱਲੇ ਵਿੱਚ ਨਾ ਆਵੀਂ।

ਭਾਵੇਂ ਕਿ ਲਾਲ ਚੰਦ ਦਾ ਨਾਨਾ ਗੂੜਾ ਰਾਮ ਖ਼ੁਦ ਕਲਾਕਾਰ ਬਿਰਤੀ ਦਾ ਮਾਲਕ ਸੀ, ਪਰ ਉਹ ਨਹੀਂ ਚਾਹੁੰਦਾ ਸੀ ਕਿ ਉਸ ਦਾ ਦੋਹਤਾ ਵੀ ਇਸ ਪਾਸੇ ਜਾਵੇ ਕਿਉਂਕਿ ਲਾਲ ਚੰਦ ਦਾ ਪਿਤਾ ਭਰ ਜੁਆਨੀ ਵਿੱਚ ਹੀ ਇਸੇ ਸ਼ੌਕ ਕਾਰਨ ਰਾਸਧਾਰੀਆਂ ਦੀ ਮੰਡਲੀ ਨਾਲ ਜਾ ਰਲਿਆ ਸੀ ਅਤੇ ਪਿੱਛੋਂ ਉਸ ਦੀ ਮਾਂ ਦੀ ਜ਼ਿੰਦਗੀ ਦੁਸ਼ਵਾਰ ਹੋ ਗਈ ਸੀ। ਪਰ ਦਰਿਆਵਾਂ ਦੇ ਵਹਿਣ ਕਦੇ ਮੋੜਿਆਂ ਨਹੀਂ ਮੁੜਦੇ। ਉਸ ਦੀ ਰੁਚੀ ਇਸ ਪਾਸੇ ਵਧਦੀ ਹੀ ਗਈ।

ਅਠਾਰਾਂ ਕੁ ਸਾਲ ਦੀ ਉਮਰ ਵਿੱਚ ਉਹ ‘ਸੂਦਕਾਂ ਦੇ ਨੰਗਲ ਸਿਆਲਕੋਟ’ ਦੇ ਪੰਡਿਤ ਸਾਹਿਬ ਦਿਆਲ ਦੇ ਚਰਨੀਂ ਜਾ ਲੱਗਾ। ਪੰਡਿਤ ਸਾਹਿਬ ਦਿਆਲ ਨਾਲ ਉਸ ਦਾ ਮੇਲ ਉਸ ਦੇ ਮਾਸੜ ਜ਼ਰੀਏ ਹੋਇਆ। ਪੰਡਿਤ ਸਾਹਿਬ ਦਿਆਲ ਦੇ ਚਰਨੀਂ ਲੱਗ ਕੇ ਉਸ ਨੇ ਢੋਲਕ, ਥਾਲੀ, ਅਲਗੋਜ਼ੇ, ਢੱਡ ਸਾਰੰਗੀ ਵਜਾਉਣੇ ਸਿੱਖੇ ਤੇ ਨਾਲ ਨਾਲ ਪਰੰਪਰਿਕ ਗੀਤ ਢੋਲੇ ਮਾਹੀਏ ਤੇ ਕਿੱਸੇ ਵੀ ਗਾਉਣ ਲੱਗ ਪਿਆ। ਉਂਝ ਪੰਡਿਤ ਸਾਹਿਬ ਦਿਆਲ ਤੋਂ ਪਹਿਲਾਂ ਲਾਲ ਚੰਦ ਨੇ ਚੱਕ ਨੰਬਰ 224 ਲਾਇਲਪੁਰ ਦੇ ਚੌਧਰੀ ਮਜੀਦ ਤੋਂ ਵੀ ਸਿੱਖਿਆ ਲਈ, ਪਰ ਗਾਇਕੀ ਦੇ ਮਾਮਲੇ ’ਚ ਉਸ ਨੇ ਸਾਹਿਬ ਦਿਆਲ ਨਾਲ ਹੀ ਉਸਤਾਦੀ-ਸ਼ਾਗਿਰਦੀ ਕੀਤੀ।

1947 ਦੀ ਵੰਡ ਦੌਰਾਨ ਪਰਲੇ ਪਾਸਿਓਂ ਉੱਜੜ ਕੇ ਲਾਲ ਚੰਦ ਪਰਿਵਾਰ ਸਮੇਤ ਇੱਧਰ ਆ ਗਿਆ। ਵਕਤ ਦੀਆਂ ਠੋਕਰਾਂ ਖਾਂਦਾ ਉਹ ਲੁਧਿਆਣੇ ਪਹੁੰਚ ਗਿਆ। ਉਸ ਵੇਲੇ ਉਹਦੀ ਉਮਰ 37 ਕੁ ਵਰ੍ਹੇ ਸੀ। ਉਸ ਵੇਲੇ ਤੱਕ ਉਹ ਸਿਰਫ਼ ਲਾਲ ਚੰਦ ਹੀ ਸੀ, ਯਮਲਾ ਜੱਟ ਨਹੀਂ। ਲੁਧਿਆਣੇ ਆ ਕੇ ਸਬੱਬੀਂ ਉਸ ਦਾ ਮੇਲ ਕਵੀ ਰਾਮ ਨਰੈਣ ਦਰਦੀ ਨਾਲ ਹੋ ਗਿਆ। ਲਾਲ ਚੰਦ ਨੇ ਉਸ ਨੂੰ ਆਪਣੀ ਵਿੱਥਿਆ ਸੁਣਾਈ ਕਿ ਉਹ ਪਾਕਿਸਤਾਨੋਂ ਉੱਜੜ ਕੇ ਆਇਆ ਹੈ। ਉਸ ਨੇ ਨਾਲ ਹੀ ਕੋਈ ਛੋਟਾ-ਮੋਟਾ ਕੰਮ ਲੱਭ ਕੇ ਦੇਣ ਦੀ ਅਰਜ਼ੋਈ ਕੀਤੀ। ਕਵੀ ਨੇ ਉਸ ਨੂੰ ਆਪਣੇ ਬਾਗ਼ ਵਿੱਚ ਝੁੱਗੀ ਪਾ ਕੇ ਦੇ ਦਿੱਤੀ। ਇਸ ਤਰ੍ਹਾਂ ਉਸ ਦੇ ਪਰਿਵਾਰ ਨੂੰ ਸਿਰ ਢੱਕਣ ਲਈ ਜਗ੍ਹਾ ਮਿਲ ਗਈ। ਲਾਲ ਚੰਦ ਬਾਗ ਵਿੱਚ ਮਾਲੀ ਦੀ ਜ਼ਿੰਮੇਵਾਰੀ ਨਿਭਾਉਣ ਲੱਗਾ। ਉਹ ਸਵੇਰੇ ਉੱਠ ਕੇ ਬਾਗ਼ ’ਚੋਂ ਫੁੱਲ ਤੋੜਦਾ, ਹਾਰ ਪਰੋਂਦਾ ਤੇ ਟੋਕਰਾ ਭਰ ਕੇ ਚੌੜੇ ਬਾਜ਼ਾਰ ਵੇਚਣ ਜਾਂਦਾ। ਫਿਰ ਆ ਕੇ ਖੂਹ ਜੋੜਦਾ, ਪੌਦਿਆਂ ਨੂੰ ਪਾਣੀ ਲਾਉਂਦਾ। ਇਸ ਤਰ੍ਹਾਂ ਉਸ ਦੇ ਪਰਿਵਾਰ ਦਾ ਗੁਜ਼ਾਰਾ ਚੱਲਣ ਲੱਗ ਪਿਆ।

ਇੱਕ ਦਿਨ ਲਾਲ ਚੰਦ ਕੁੱਲੀ ’ਚ ਬੈਠਾ ਰਾਤ ਨੂੰ ਗਾ ਰਿਹਾ ਸੀ ਅਤੇ ਨਾਲ ਹੀ ਸਾਰੰਗਾ ਵਜਾ ਰਿਹਾ ਸੀ। ਕੁਦਰਤੀਂ ਉਸ ਵੇਲੇ ਦਰਦੀ ਸਾਹਿਬ ਦੇ ਪੁੱਤਰ ਦੇ ਕੰਨੀਂ ਉਸ ਦੀ ਆਵਾਜ਼ ਪੈ ਗਈ। ਬੇਟੇ ਨੇ ਆਪਣੇ ਪਿਤਾ ਨੂੰ ਦੱਸਿਆ। ਉਸ ਨੇ ਆਪਣੇ ਪੁੱਤਰ ਦੀ ਗੱਲ ਸੁਣ ਕੇ ਲਾਲ ਚੰਦ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਤੋਂ ਗਾਉਣ ਸੁਣਿਆ। ਇਸ ਤੋਂ ਬਾਅਦ ਉਹ ਲਾਲ ਚੰਦ ਨੂੰ ਆਪਣੇ ਨਾਲ ਕਵੀ ਦਰਬਾਰਾਂ ਵਿੱਚ ਲਿਜਾਣ ਲੱਗ ਪਏ। ਉੱਥੇ ਉਹ ਇੱਕ-ਦੋ ਪਰੰਪਰਿਕ ਗੀਤ ਗਾ ਦਿੰਦਾ। ਇਸ ਨਾਲ ਉਹਦਾ ਗੁਜ਼ਾਰਾ ਹੋਰ ਸੁਖਾਵਾਂ ਹੋ ਗਿਆ।

ਇੱਥੇ ਹੀ ਕਿਸੇ ਕਵੀ ਦਰਬਾਰ ਵਿੱਚ ਉਸ ਨੂੰ ਪ੍ਰਸਿੱਧ ਕਵੀ ਲਾਲਾ ਸੁੰਦਰ ਦਾਸ ਆਸੀ (ਜੋ ਲਾਲਾ ਧਨੀ ਰਾਮ ਚਾਤ੍ਰਿਕ ਦੇ ਸ਼ਾਗਿਰਦ ਸਨ) ਨੇ ਸੁਣ ਲਿਆ। ਆਸੀ ਕੋਲ ਨਵੇਂ ਮੁੰਡੇ ਸਿੱਖਣ ਲਈ ਆਉਂਦੇ ਸਨ। ਆਸੀ ਨੇ ਲਾਲ ਚੰਦ ਨੂੰ ਵੀ ਆਪਣੇ ਕੋਲ ਆਉਣ ਲਈ ਕਿਹਾ। ਉਹ ਉੱਥੇ ਜਾਣ ਲੱਗ ਪਿਆ, ਪਰ ਉਹ ਕੋਰਾ ਅਨਪੜ੍ਹ ਸੀ। ਬਾਕੀ ਦੇ ਮੁੰਡੇ ਤਾਂ ਗੁਰੂ ਜੀ ਦੁਆਰਾ ਦਿੱਤੇ ਗੁਰ ਲਿਖ ਕੇ ਯਾਦ ਕਰ ਲੈਂਦੇ, ਪਰ ਲਾਲ ਚੰਦ ਏਨੇ ਜੋਗਾ ਨਹੀਂ ਸੀ। ‘ਆਸੀ’ ਉਹਨੂੰ ਕਹਿੰਦੇ,

‘‘ਤੂੰ ਤਾਂ ‘ਯਮਲਾ’ ਈ ਐਂ।’’

ਬਸ ਇਸੇ ਦਿਨ ਤੋਂ ਉਹ ‘ਲਾਲ ਚੰਦ ਯਮਲਾ ਜੱਟ’ ਬਣ ਗਿਆ। ਇਸ ਤਰ੍ਹਾਂ ਆਸੀ ਤੋਂ ਸਿੱਖ ਕੇ ਉਹ ਗੀਤ ਜੋੜਨ ਲੱਗ ਪਿਆ। ਇਸ ਤਰ੍ਹਾਂ ਗੀਤਕਾਰੀ ਵਿੱਚ ਉਸਤਾਦ ਲਾਲਾ ਸੁੰਦਰ ਦਾਸ ਆਸੀ ਦੇ ਲੜ ਲੱਗ ਕੇ ਲਾਲ ਚੰਦ ਨੇ ਯਮਲੇ ਜੱਟ ਦਾ ਰੁਤਬਾ ਵੀ ਪਾਇਆ ਤੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਵੀ ਬਣ ਗਿਆ ਕਿਉਂਕਿ ਉਹ ਪਰਿਪੱਕ ਸਾਜ਼ਿੰਦਾ ਤਾਂ ਹੈ ਹੀ ਸੀ ਅਤੇ ਗਲਾ ਵੀ ਸੁਰੀਲਾ ਸੀ। ਉੱਪਰੋਂ ਗੀਤਕਾਰੀ ਵੀ ਸਿੱਖ ਗਿਆ। ਆਕਾਸ਼ਵਾਣੀ ’ਤੇ ਉਸ ਦੇ ਗੀਤ ਰਿਕਾਰਡ ਹੋਏ ਤਾਂ ਦੋ ਵਰ੍ਹਿਆਂ ਵਿੱਚ ਉਸ ਦੀ ਚਰਚਾ ਹੋਣ ਲੱਗ ਪਈ। ਸ਼ੁਰੂ-ਸ਼ੁਰੂ ਵਿੱਚ ਉਸ ਦੀਆਂ ਰਿਕਾਰਡਿੰਗਾਂ ਅਲਗੋਜ਼ਿਆਂ ਨਾਲ ਹੋਈਆਂ।

1952 ਵਿੱਚ ਯਮਲੇ ਦਾ ਗੀਤ ਐੱਚ. ਐੱਮ. ਵੀ. ਕੰਪਨੀ ਵਿੱਚ ਰਿਕਾਰਡ ਹੋ ਗਿਆ ਜੋ ‘ਸੋਹਣੀ ਮਹੀਂਵਾਲ’ ਸੀ;

ਮੈਨੂੰ ਲੈ ਚੱਲ ਨਦੀਓਂ ਪਾਰ

ਘੜੇ ਦੇ ਅੱਗੇ ਹੱਥ ਜੋੜਦੀ

ਉਸ ਨੇ ਆਪਣੀਆਂ ਰਿਕਾਰਡਿੰਗਾਂ ਵਿੱਚ ਸਾਰੇ ਲੋਕ ਸਾਜ਼ਾਂ ਦੀ ਹੀ ਵਰਤੋਂ ਕੀਤੀ ਹੈ। ਅਲਗੋਜ਼ੇ, ਢੱਡ ਸਾਰੰਗੀ, ਸਰੰਦਾ ਤੇ ਚਕਾਰਾ ਯਮਲਾ ਖ਼ੁਦ ਵਜਾਉਂਦਾ ਸੀ। ਸਾਧਾਂ ਦੇ ਸਾਜ਼ ਵੱਡੇ ਤੂੰਬੇ ਨੂੰ ਉਸ ਨੇ ਨਵਾਂ ਰੂਪ ਦੇ ਕੇ ਉਸ ਦੀ ਛੋਟੀ ਤੂੰਬੀ ਬਣਾਈ। ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਦੀ ਤੂੰਬੀ ਯਮਲੇ ਦੀ ਹੀ ਕਾਢ ਹੈ। ਯਮਲੇ ਨੇ ਕਈ ਦੋ-ਗਾਣੇ ਵੀ ਲਿਖੇ ਜੋ ਉਸ ਦੀ ਸਹਿ ਗਾਇਕਾ ਮਹਿੰਦਰਜੀਤ ਸੇਖੋਂ ਨਾਲ ਰਿਕਾਰਡ ਹੋਏ। ਇਸ ਦੀ ਇੱਕ ਵੰਨਗੀ ਦੇਖੋ;

ਕੁੜੀ – ਜਿੰਦ ਪੈ ਗਈ ਗਮਾਂ ਦੇ ਵਿੱਚ ਸੌੜੀ

ਵੇ ਆ ਕਿਤੇ ਤੁਰ ਚੱਲੀਏ

ਮੁੰਡਿਆ ਸਾਧੋ, ਵੇ ਆ ਕਿਤੇ ਤੁਰ ਚੱਲੀਏ…

ਮੁੰਡਾ – ਚੋਰੀ ਨਿਕਲੇ ਤੇ ਹੋ ਜੂ ਬਦਨਾਮੀ

ਨੀਂ ਆ ਘਰ ਮੁੜ ਚੱਲੀਏ

ਕੁੜੀਏ ਜੈਨਾ, ਨੀਂ ਆ ਘਰ ਮੁੜ ਚੱਲੀਏ…

ਕੁੜੀ – ਮੇਰੀ ਆਸਾਂ ਦੀ ਨਿੱਕੀ ਜਹੀ ਬਗੀਚੀ

ਵੇ ਸਿੱਕ ਸਿੱਕ ਸੁੱਕ ਜਾਊਗੀ

ਮੁੰਡਿਆ ਸਾਧੋ, ਵੇ ਸਿੱਕ ਸਿੱਕ ਸੁੱਕ ਜਾਊਗੀ…

ਮੁੰਡਾ – ਸੱਚੇ ਰੱਬ ਨੇ ਜੇ ਮੇਲ ਮਿਲਾਇਆ

ਜੁਦਾਈ ਸਾਰੀ ਮੁੱਕ ਜਾਊਗੀ

ਕੁੜੀਏ ਜੈਨਾ, ਜੁਦਾਈ ਸਾਰੀ ਮੁੱਕ ਜਾਉਗੀ…

ਉਸ ਦੇ ਅਧਿਆਤਮਕਤਾ ਦੇ ਪੱਧਰ ਨੂੰ ਛੂੰਹਦੇ ਇੱਕ ਸਦਾਬਹਾਰ ਦੋਗਾਣੇ ਦਾ ਜ਼ਿਕਰ ਜ਼ਰੂਰੀ ਹੈ ਕਿਉਂਕਿ ਪੰਜਾਬੀ ਦੋ-ਗਾਣੇ ਦੇ ਇਤਿਹਾਸ ਵਿੱਚ ਇਸ ਪੱਧਰ ਦੇ ਦੋ-ਗਾਣੇ ਘੱਟ ਹੀ ਦੇਖਣ ਨੂੰ ਮਿਲਦੇ ਹਨ;

ਮੁੰਡਾ – ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ

ਜਿਨ ਤੇਰਾ ਹੋਣਾ ਏ ਸਹਾਈ

ਨੀਂ ਜਿੰਦੀਏ ਜਿਨ ਤੇਰਾ ਹੋਣਾ ਏ ਸਹਾਈ…

ਕੁੜੀ – ਜਗਤੇ ਦੇ ਵੱਸ ਕੇ ਬਥੇਰਾ ਚਿਰ ਦੇਖਿਆ

ਭਗਤੇ ਦੀ ਕੀ ਐ ਰੁਸ਼ਨਾਈ

ਵੇ ਜੋਗੀਆ ਭਗਤੇ ਦੀ ਕੀ ਐ ਰੁਸ਼ਨਾਈ…

ਗੱਲ ਸੰਕੇਤਕ ਵੀ ਹੋ ਗਈ ਤੇ ਲੋਕ-ਮਨਾਂ ਨੂੰ ਸਿੱਧੇ ਤਰੀਕੇ ਛੂਹ ਵੀ ਗਈ। ਰੱਬ ਦੀ ਮਹਿਮਾ ਵਾਲੇ ਭਾਵ ਨੂੰ ਬੜੇ ਸਲੀਕੇ ਅਤੇ ਅੰਦਾਜ਼ ਨਾਲ ਯਮਲੇ ਨੇ ਇਸ ਤਰ੍ਹਾਂ ਕਿਹਾ ਜਿਵੇਂ ਪਹਿਲਾਂ ਕਿਸੇ ਨੇ ‘ਮੁੱਖ ਧਾਰਾ’ ਦੇ ਗੀਤਾਂ ਵਿੱਚ ਨਹੀਂ ਕਿਹਾ ਸੀ। ਉਸ ਨੇ ਉੱਚ ਪੱਧਰ ਦੇ ਗੀਤ ਰਚ ਕੇ ਪੰਜਾਬੀ ਜ਼ੁਬਾਨ ਦੀ ਝੋਲੀ ਵਿੱਚ ਪਾਏ ਜਿਨ੍ਹਾਂ ’ਚੋਂ ਕੁਝ ਕੁ ਗੀਤਾਂ ਦੇ ਮੁੱਖੜੇ ਹਨ;

ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ…

ਗਰਜ਼ ਬਿਨਾਂ ਨਹੀਂ ਰਿਸ਼ਤੇਦਾਰੀ, ਨਹੀਂ ਕੋਈ ਕੋਟ ਕਬੀਲਾ

ਅਣਖ ਜੀਹਦੇ ਵਿੱਚ ਰਹੀ ਕਣੀ ਨਹੀਂ

ਬਣਿਆ ਫਿਰੇ ਰੰਗੀਲਾ

ਬਿਨਾਂ ਗਰਜ ਤੋਂ ਝੂਠੀ ਤੋਹਮਤ ਕੌਣ ਕਿਸੇ ਦੀ ਸਹੂ

ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ…

—0—

ਜਿਨ੍ਹਾਂ ਵੱਡਿਆਂ ਨੂੰ ਤਾਇਆ, ਉਨ੍ਹਾਂ ਸੁੱਖ ਕੀ ਏ ਪਾਣਾ

ਜਿਨ੍ਹਾਂ ਕੀਤੀ ਨਾ ਕਮਾਈ, ਉਨ੍ਹਾਂ ਰੱਜ ਕੇ ਕੀ ਖਾਣਾ

—0—

ਫੁੱਲਾ ਮਹਿਕ ਨੂੰ ਸੰਭਾਲ, ਛੇਤੀ ਸੁੱਕ ਜਾਵੇਂਗਾ

ਉਨੇ ਲਵੇਂਗਾ ਨਜ਼ਾਰੇ, ਜਿੰਨਾ ਰੁੱਕ ਜਾਵੇਂਗਾ

ਯਮਲੇ ਦੇ ਇਨ੍ਹਾਂ ਗੀਤਾਂ ’ਤੇ ਬਹੁਤ ਵਿਸਥਾਰ ਪੂਰਵਕ ਗੱਲ ਕੀਤੀ ਜਾ ਸਕਦੀ ਹੈ ਕਿਉਂਕਿ ਹਰ ਗੀਤ ਵਿੱਚ ਕੋਈ ਨਾ ਕੋਈ ਫ਼ਿਲਾਸਫ਼ੀ ਸਮੋਈ ਹੋਈ ਹੈ। ਇਹ ਗੀਤ ਦੇਖੋ:

ਆਰ ਢਾਂਗਾ ਪਾਰ ਢਾਂਗਾ ਵਿੱਚ ਟੱਲਮ ਟੱਲੀਆਂ

ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ

ਇਹ ਗੀਤ ਗੁਰਬਤ ਹੰਢਾਉਂਦੇ ਛੋਟੇ ਕਿਸਾਨ ਦੇ ਦੁਖਾਂਤ ਦੀ ਤਸਵੀਰ ਹੈ। ਇਸ ਗੀਤ ਵਿੱਚ ਉਸ ਨੇ ਆਪਣੀ ਕਲਮ ਰਾਹੀਂ ਉਸ ਸਮੇਂ ਦਾ ਦ੍ਰਿਸ਼ ਪੇਸ਼ ਕੀਤਾ ਹੈ, ਜਦੋਂ ਪਿੰਡਾਂ ਨੇ ਹਰੀ ਕ੍ਰਾਂਤੀ ਨਹੀਂ ਸੀ ਦੇਖੀ ਅਤੇ ਤਰੱਕੀ ਤੋਂ ਊਣੇ ਸਨ। ਛੋਟੇ ਕਿਸਾਨ ਦੀ ਹਾਲਤ ਬਹੁਤ ਮਾੜੀ ਸੀ। ਇਹ ਗੀਤ ਖੇਤ ਵਿਚਲੇ ਟਿਊਬਵੈਲਾਂ ਤੋਂ ਵੀ ਪਹਿਲਾਂ ਦੀ ਛੋਟੇ ਕਿਸਾਨਾਂ ਦੀ ਤਸਵੀਰ ਹੈ। ਇਸ ਗੀਤ ਵਿੱਚ ਉਸ ਨੇ ਕਿਸਾਨੀ ਜੀਵਨ ’ਚ ਪਾਣੀ ਦੇ ਮਹੱਤਵ ਨੂੰ ਦਰਸਾਇਆ ਹੈ।

ਉਹ ਉਕਤ ਗੀਤ ਤੋਂ ਬਾਅਦ ਪਹਿਲੇ ਅੰਤਰੇ ਵਿੱਚ ਲਿਖਦੇ ਹਨ:

ਖੇਤਾਂ ਦਾ ਰਾਜਾ ਤੜਫਦਾ ਡਿੱਠਾ ਹਮੇਸ਼ਾ ਆਬ ਨੂੰ

ਝੋਈਆਂ ’ਚੋਂ ਝੱਟੇ ਝੱਟ ਕੇ, ਬੀਜਾਂਗੇ ਕੀਕੂੰ ਲਾਬ ਨੂੰ

ਸੋਕੇ ਨੇ ਲੱਕ ਤਰੋੜਿਆ, ਨਾ ਜਾਣ ਸਾਂਗਾਂ ਝੱਲੀਆਂ

ਭਾਵ, ਕਿਸਾਨ ਹਮੇਸ਼ਾ ਪਾਣੀ ਲਈ ਤੜਫਦਾ ਰਿਹਾ, ਮੀਂਹ ਪਿਆ ਨਹੀਂ, ਮਾਰੂ ਹਾਲਤ ਬਣ ਗਏ। ਪਾਣੀ ਬਿਨਾਂ ਫ਼ਸਲ ਕਿਵੇਂ ਬੀਜਾਂਗਾ।

ਗੀਤ ਦਾ ਦੂਸਰਾ ਅੰਤਰਾ ਹੋਰ ਵੀ ਧਿਆਨ ਦੀ ਮੰਗ ਕਰਦਾ ਹੈ। ਯਮਲੇ ਨੇ ਲਿਖਿਆ ਹੈ:

ਚੀਣਾਂ, ਸਵਾਂਕੀ ਸੁੱਕ ਗਏ, ਮੱਢਲ ਤੇ ਉਹ ਵੱਟ ਕੰਗਣਾ

ਅੰਨ ਬਾਝੋਂ ਜਾਪਦਾ, ਹੁਣ ਸਾਲ ਔਖਾ ਲੰਘਣਾ

ਔੜ ਮੱਕੀ ਮਾਰ ਗਈ, ਚੱਬਾਂਗੇ ਕਿੱਥੋਂ ਛੱਲੀਆਂ

ਖੇਤਾਂ ਵਿੱਚ ਉੱਗਣ ਵਾਲੇ ਪੌਦੇ ਦੋ ਕਿਸਮ ਦੇ ਹੁੰਦੇ ਹਨ। ਇੱਕ ਤਾਂ ਉਹ ਜਿਨ੍ਹਾਂ ਨੂੰ ਬਿਜਾਈ ਕਰਕੇ ਉਗਾਇਆ ਜਾਂਦਾ ਹੈ, ਦੂਸਰੇ ਉਹ ਜਿਹੜੇ ਆਪ ਮੁਹਾਰੇ ਉੱਗਦੇ ਹਨ। ਆਪ ਮੁਹਾਰੇ ਉੱਗਣ ਵਾਲੇ ਪੌਦਿਆਂ ਨੂੰ ‘ਨਦੀਨ’ ਕਿਹਾ ਜਾਂਦਾ ਹੈ। ਚੀਣਾਂ, ਸਵਾਂਕੀ, ਮੱਢਲ ਇਹ ਨਦੀਨ ਦੀਆਂ ਹੀ ਕਿਸਮਾਂ ਹਨ। ‘ਸਵਾਂਕੀ’ ਜੰਗਲੀ ਕਿਸਮ ਦੇ ਚਾਵਲਾਂ ਦੀ ਕਿਸਮ ਹੈ, ਜਿਸਨੂੰ ਸੋਂਖੀਆ ਚਾਵਲ ਵੀ ਕਹਿ ਦਿੰਦੇ ਹਨ। ਭਾਵ ਸਪੱਸ਼ਟ ਹੈ ਕਿ ਬਰਸਾਤ ਬਿਨਾਂ ਨਦੀਨ ਵੀ ਸੁੱਕ ਗਏ, ਮੱਕੀ ਵੀ ਮਾਰੀ ਗਈ ਪਸ਼ੂਆਂ ਦਾ ਚਾਰਾ ਵੀ ਸੁੱਕ ਗਿਆ। ਅੰਨ ਬਾਝੋਂ ਸਾਲ ਭਰ ਕਿਵੇਂ ਲੰਘੇਗਾ। ਤੀਸਰੇ ਅੰਤਰੇ ਵਿੱਚ ਯਮਲਾ ਬਿਆਨ ਕਰਦੇ ਹਨ;

ਮੈਣੇਂ ਦੀ ਭੁਰਜੀ ਖਾ ਕੇ

ਕੱਢੇ ਦਿਹਾੜੇ ਜੱਟ ਨੇ

ਅੱਠ ਟੋਪੇ ਮਸਰ ਛੋਲੇ

ਜੌਂ ਪੜੋਪੀ ਘੱਟ ਨੇ

ਪੰਜ ਧਾਈਆਂ ਕਣਕ ਹੋ ਗਈ

ਵਿਰਲੀਆਂ ਸੀ ਬੱਲੀਆਂ

‘ਮੈਣਾਂ’ ਵੀ ਇੱਕ ਨਦੀਨ ਹੈ। ‘ਟੋਪੇ’, ‘ਪੜੋਪੀ’ ਉਹ ਭਾਂਡੇ ਹੁੰਦੇ ਸਨ ਜਿਨ੍ਹਾਂ ਨਾਲ ਕਣਕ, ਜੌਂ, ਛੋਲਿਆਂ ਦੀ ਮਿਣਤੀ ਕੀਤੀ ਜਾਂਦੀ ਸੀ। ਆਕਾਰ ਅਨੁਸਾਰ ਵੱਡੇ ਨੂੰ ਟੋਪੇ (ਟੋਪੀਆ) ਤੇ ਛੋਟੇ ਨੂੰ ਪੜੋਪੀ ਕਿਹਾ ਜਾਂਦਾ ਸੀ। ‘ਧਾਈਆਂ’ ਜਦੋਂ ਕਣਕ ਫੁੱਟਦੀ ਹੈ ਤਾਂ ਇੱਕ ਬੂਟੇ ’ਤੇ ਵੀਹ ਤੋਂ ਪੱਚੀ ਸ਼ਾਖਾਵਾਂ ਪਾਟਦੀਆਂ ਹਨ। ਇਨ੍ਹਾਂ ਸ਼ਾਖਾਵਾਂ ਨੂੰ ਹੀ ‘ਧਾਈਆਂ’ ਕਹਿੰਦੇ ਹਨ। ਸੋਕੇ ਕਾਰਨ ਉਨ੍ਹਾਂ ‘ਧਾਈਆਂ’ ਦੀ ਗਿਣਤੀ ਪੰਜ ਹੀ ਰਹਿ ਗਈ ਤੇ ਵਿਰਲੀਆਂ ਵਿਰਲੀਆਂ ਬੱਲੀਆਂ ਹੋਈਆਂ। ਨਦੀਨ ਦੀ ਭੁਰਜੀ ਕੁੱਟ ਕੇ ਕਿਸਾਨ ਨੂੰ ਗੁਜ਼ਾਰਾ ਕਰਨਾ ਪਿਆ। ਬਹੁਤ ਮਾਮੂਲੀ ਮਾਤਰਾ ਵਿੱਚ ਕਣਕ, ਛੋਲੇ ਤੇ ਜੌਂਅ ਹੋਏ।

ਗੀਤ ਦਾ ਚੌਥਾ ਅੰਤਰਾ ਹੈ :

ਚਰਸ ਬੋਕੇ ਪਾ ਕੇ

ਖੂਹਾਂ ’ਚੋਂ ਪਾਣੀ ਕੱਢਿਆ

ਛੋਟੇ ਕਿਆਰੇ ਪਾ ਕੇ

ਮੈਂ ਫਸਲ ਥੋੜਾ ਗੱਡਿਆ

ਸਿਰ ਕਰਜ਼ ਸਾਰੇ ਪਿੰਡ ਦਾ

ਲੰਘਾਂਗਾ ਕਿਹੜੀ ਗਲੀਆਂ

‘ਚਰਸ ਬੋਕੇ’ ਵੀ ਖੂਹ ਵਿੱਚੋਂ ਪਾਣੀ ਕੱਢਣ ਦਾ ਯੰਤਰ ਸਨ। ਪਾਣੀ ਦੀ ਕਿੱਲਤ ਕਾਰਨ ਛੋਟੀਆਂ ਛੋਟੀਆਂ ਕਿਆਰੀਆਂ ਬਣਾ ਕੇ ਥੋੜ੍ਹੀ ਜਿਹੀ ਫ਼ਸਲ ਬੀਜੀ ਗਈ। ਸੋਕੇ ਕਾਰਨ ਕਰਜ਼ਾਈ ਹੋ ਚੁੱਕਿਆ ਛੋਟਾ ਕਿਸਾਨ ਆਪਣੀ ਵਿਥਿਆ ਦੱਸ ਰਿਹਾ ਹੈ। ਪੰਜਵੇਂ ਅੰਤਰੇ ਵਿੱਚ;

ਪੇਂਜੂ ਤੇ ਪੀਲਾਂ ਖਾਧੀਆਂ

ਮਲ੍ਹਿਆਂ ਤੋਂ ਖਾਧੇ ਬੇਰ ਨੇ

ਕਰੀਰਾਂ ਤੋਂ ਡੇਲੇ ਲਾਹ ਕੇ

ਭਾਬੀ ਨੂੰ ਦਿੱਤੇ ਦ੍ਵੇਰ ਨੇ

ਦਾਣੇ ਭੁੰਨਾ ਕੇ ਚੱਬਣੇ

ਜਦੋਂ ਦੁਪਹਿਰਾਂ ਢਲੀਆਂ

‘ਪੇਂਜੂ’ ਕਰੀਰ ਦਾ ਪੂਰੀ ਤਰ੍ਹਾਂ ਪੱਕਿਆ ਫ਼ਲ ਹੁੰਦਾ ਹੈ। ‘ਪੀਲਾਂ’ ਮਾਲਵੇ ਵਿੱਚ ਉੱਗਣ ਵਾਲੇ ਵਣ ਦੇ ਦਰੱਖਤ ਨੂੰ ਲੱਗਣ ਵਾਲਾ ਫ਼ਲ ਹੈ। ਮਲ੍ਹੇ ਬੇਰੀ ਦੀ ਕਿਸਮ ਦਾ ਛੋਟੇ ਆਕਾਰ ਦਾ ਪੌਦਾ। ਇਹ ਤਿੰਨੋ ਹੀ ਸੋਕੇ ਦੀ ਮਾਰ ਵਿੱਚ ਜ਼ਿਆਦਾ ਫ਼ਲਦੇ ਹਨ। ‘ਡੇਲੇ’ ਕਰੀਰ ਦਾ ਹਰਾ ਫ਼ਲ ਜੋ ਆਚਾਰ ਪਾਉਣ ਦੇ ਕੰਮ ਆਉਂਦਾ ਹੈ। ਹੁਣ ਆਖ਼ਰੀ ਅੰਤਰੇ ਵਿੱਚ ਗੀਤਕਾਰ ਉਸ ਸਮੇਂ ਦਾ ਜ਼ਿਕਰ ਕਰਦਾ ਹੈ, ਜਦੋਂ ਖੂਹਾਂ ’ਤੇ ਹਲਟ ਆ ਗਏ:

ਗਾਧੀ ’ਤੇ ਬੈਠਾ ਬਾਦਸ਼ਾਹ

ਸੋਚਦੈ ਤਦਬੀਰ ਨੂੰ

ਕੂੰਜਾਂ ਦੇ ਵਾਂਗੂੰ ਘੱਲਿਆ

ਖਾਲੀ ਟਿੰਡਾਂ ਬਿਨ ਨੀਰ ਨੂੰ

ਖਿਜ਼ਰ ਖਵਾਜ਼ੇ ਪੀਰ ਨੇ

ਦੇ ਕੇ ਮੁਰਾਦਾਂ ਘੱਲੀਆਂ

‘ਗਾਧੀ’ ਉਹ ਲੰਮੀ ਲੱਕੜ ਸੀ, ਜਿਸ ਨਾਲ ਬਲਦ ਹਲਟ ਨੂੰ ਘੁੰਮਾਉਂਦੇ ਸਨ। ਕੁਝ ਇਲਾਕਿਆਂ ਵਿੱਚ ਇਸ ਨੂੰ ਗਾਧੜ ਵੀ ਕਿਹਾ ਜਾਂਦਾ ਹੈ। ‘ਖਿਜ਼ਰ ਖਵਾਜ਼ਾ’ ਪਾਣੀ ਦਾ ਪੀਰ ਮੰਨਿਆ ਗਿਆ ਹੈ। ਦੰਦ ਕਥਾਵਾਂ ਅਨੁਸਾਰ ਇਸ ਨੂੰ ਪੰਜਾਂ ਪੀਰਾਂ ਵਿੱਚੋਂ ਇੱਕ ਮੰਨਦੇ ਹਨ। ਇਸ ਦਾ ਸਥਾਨ ਖੂਹ, ਦਰਿਆ, ਨਲਕਾ ਜਾਂ ਪਾਣੀ ਦਾ ਕੋਈ ਵੀ ਸੋਮਾ ਮੰਨਿਆ ਜਾਂਦਾ ਹੈ। ਪਾਣੀ ਲਈ ਖੂਹ ਪੁੱਟਣ ਤੋਂ ਪਹਿਲਾਂ, ਨਲਕਾ ਲਾਉਣ ਤੋਂ ਪਹਿਲਾਂ ਇਸ ਦੀ ਪੂਜਾ ਕੀਤੀ ਜਾਂਦੀ ਸੀ ਤਾਂ ਜੋ ਪਾਣੀ ਮਿੱਠਾ ਨਿਕਲੇ। ਗਾਧੀ ’ਤੇ ਬਾਦਸ਼ਾਹ ਬਣਿਆ ਬੈਠਾ ਕਿਸਾਨ ਖਵਾਜੇ ਪੀਰ ਦਾ ਸ਼ੁਕਰੀਆ ਵੀ ਕਰ ਰਿਹਾ ਹੈ ਤੇ ਖ਼ੁਸ਼ੀ ਦਾ ਇਜ਼ਹਾਰ ਵੀ ਕਰ ਰਿਹਾ ਹੈ।

ਯਮਲਾ ਦੇ ਗੀਤਾਂ ਵਿੱਚੋਂ ਇਹ ਤਾਂ ਮਹਿਜ਼ ਇੱਕ ਨਮੂਨਾ ਹੈ। ਜਿਸ ਵੇਲੇ ਕਿਸਾਨ ਇੰਨੀਆਂ ਮੁਸ਼ਕਿਲਾਂ ਨਾਲ ‘ਮੈਣੇ’ ਦੀ ਭੁਰਜੀ ਖਾ ਕੇ, ਚਰਸ ਬੋਕੇ ਨਾਲ ਪਾਣੀ ਕੱਢਕੇ ਗੁਜ਼ਾਰਾ ਕਰਦੇ ਸੀ। ਖੂਹ ’ਤੇ ਹਲਟ ਲੱਗਣਾ ਹੀ ਬਹੁਤ ਵੱਡੀ ਖ਼ੁਸ਼ੀ ਦੀ ਗੱਲ ਹੁੰਦੀ ਸੀ। ਭਾਵੇਂ ਕਿ ਲਾਲ ਚੰਦ ਯਮਲਾ 20 ਦਸੰਬਰ 1991 ਨੂੰ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ, ਪਰ ਉਸ ਦੇ ਗੀਤ ਪੰਜਾਬੀ ਜ਼ੁਬਾਨ ਦਾ ਬੇਸ਼ਕੀਮਤੀ ਸਰਮਾਇਆ ਹਨ। ਉਸ ਦੇ ਅਨੇਕਾਂ ਗੀਤ ਹਨ, ਜਿਨ੍ਹਾਂ ਵਿੱਚ ਬਹੁਤ ਵੱਡੇ ਸੰਦੇਸ਼ ਦਿੱਤੇ ਗਏ ਹਨ। ਅੱਜ ਲੋੜ ਹੈ ਉਨ੍ਹਾਂ ’ਤੇ ਗੌਰ ਕਰਨ ਦੀ।

ਸੰਪਰਕ: 98151-30226



News Source link

- Advertisement -

More articles

- Advertisement -

Latest article