ਨਵੀਂ ਦਿੱਲੀ, 9 ਦਸੰਬਰ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਅੱਜ ਸਿਵਲ ਸਰਵਿਸਿਜ਼ ਮੇਨਜ਼ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਇਸ ਪ੍ਰੀਖਿਆ ਜ਼ਰੀਏ ਆਈਏਐਸ, ਆਈਪੀਐਸ ਅਤੇ ਕੇਂਦਰੀ ਸੇਵਾਵਾਂ ਦੇ ਗਰੁੱਪ ਏ ਅਤੇ ਬੀ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਂਦੀ ਹੈ।
ਜਾਣਕਾਰੀ ਅਨੁਸਾਰ ਸਿਵਲ ਸੇਵਾਵਾਂ (ਪ੍ਰੀਲੀਮੀਨਰੀ) ਪ੍ਰੀਖਿਆ 16 ਜੂਨ ਨੂੰ ਹੋਈ ਸੀ ਜਿਸ ਵਿਚ 13.4 ਲੱਖ ਤੋਂ ਵਧੇਰੇ ਵਿਦਿਆਰਥੀ ਸ਼ਾਮਲ ਹੋਏ ਸਨ ਤੇ ਇਨ੍ਹਾਂ ਵਿਚੋਂ 14,625 ਨੇ ਇਹ ਪ੍ਰੀਖਿਆ ਪਾਸ ਕੀਤੀ ਸੀ ਤੇ ਇਸ ਤੋਂ ਬਾਅਦ ਮੇਨਜ਼ ਦੀ ਪ੍ਰੀਖਿਆ ਵਿਚੋਂ 2,845 ਉਮੀਦਵਾਰ ਪਾਸ ਹੋਏ। ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਕਿਹਾ ਕਿ ਮੇਨਜ਼ ਦੀ ਪ੍ਰੀਖਿਆ ਦੇ ਨਤੀਜੇ 20 ਤੋਂ 29 ਸਤੰਬਰ ਤੱਕ ਹੋਈਆਂ ਪ੍ਰੀਖਿਆਵਾਂ ਦੇ ਆਧਾਰ ’ਤੇ ਐਲਾਨੇ ਗਏ ਹਨ। ਯੂਪੀਐਸਸੀ ਨੇ ਕਿਹਾ ਕਿ ਮੁੱਖ ਪ੍ਰੀਖਿਆ ਵਿੱਚ ਸਫਲ ਉਮੀਦਵਾਰਾਂ ਨੂੰ ਵਿਅਕਤੀਗਤ ਟੈਸਟ ਵੀ ਪਾਸ ਕਰਨਾ ਜ਼ਰੂਰੀ ਹੋਵੇਗਾ।