ਨਵੀਂ ਦਿੱਲੀ, 9 ਦਸੰਬਰ
ਕੇਂਦਰ ਦੀ ਮੋਦੀ ਸਰਕਾਰ ਆਪਣੀ ‘ਇਕ ਮੁਲਕ, ਇਕ ਚੋਣ’ ਪਹਿਲਕਦਮੀ ਤਹਿਤ ਮੌਜੂਦਾ ਸੰਸਦ ਦੇ ਸੈਸ਼ਨ ਵਿਚ ਇਸ ਬਿੱਲ ਨੂੰ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਸਬੰਧੀ ਮੰਤਰੀ ਮੰਡਲ ਨੇ ਰਾਮ ਨਾਥ ਕੋਵਿੰਦ ਕਮੇਟੀ ਦੀ ਰਿਪੋਰਟ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿਚ ਦੇਸ਼ ਭਰ ’ਚ ਇੱਕੋ ਸਮੇਂ ਚੋਣਾਂ ਕਰਵਾਉਣ ਦੀ ਗੱਲ ਕਹੀ ਗਈ ਹੈ। ਕੇਂਦਰ ਸਰਕਾਰ ਇਸ ਬਿੱਲ ’ਤੇ ਸਹਿਮਤੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਜਿਸ ਤਹਿਤ ਇਸ ’ਤੇ ਚਰਚਾ ਕਰਨ ਲਈ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਕੋਲ ਭੇਜਿਆ ਜਾਵੇਗਾ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰਾਂ, ਬੁੱਧੀਜੀਵੀਆਂ ਸਮੇਤ ਹੋਰ ਹਿੱਸੇਦਾਰਾਂ ਤੋਂ ਵੀ ਵਿਚਾਰ ਮੰਗੇ ਜਾਣਗੇ ਤੇ ਆਮ ਲੋਕਾਂ ਤੋਂ ਵੀ ਰਾਏ ਮੰਗੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਕ ਦੇਸ਼-ਇਕ ਚੋਣ ਦਾ ਵਿਚਾਰ ਭਾਰਤੀ ਸੰਘ ਅਤੇ ਉਸ ਦੇ ਸਾਰੇ ਸੂਬਿਆਂ ’ਤੇ ਹਮਲਾ ਹੈ।