ਦੁਬਈ, 9 ਦਸੰਬਰ
ICC World Test Championship: ਦੱਖਣੀ ਅਫਰੀਕਾ ਨੇ ਸ੍ਰੀਲੰਕਾ ਨੂੰ 109 ਦੌੜਾਂ ਨਾਲ ਹਰਾ ਕੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿੱਚ ਸਿਖਰਲਾ ਸਥਾਨ ਮੱਲ ਲਿਆ ਹੈ। ਇਸ ਤੋਂ ਪਹਿਲਾਂ ਇਸ ਸਥਾਨ ’ਤੇ ਆਸਟਰੇਲੀਆ ਕਾਬਜ਼ ਸੀ। ਇਸ ਦਰਜਾਬੰਦੀ ਵਿਚ ਭਾਰਤ ਹੁਣ ਤੀਜੇ ਸਥਾਨ ’ਤੇ ਹੈ।
ਦੱਖਣੀ ਅਫਰੀਕਾ ਦੇ ਹੁਣ 10 ਮੈਚਾਂ ਤੋਂ ਬਾਅਦ 63.33 ਫੀਸਦੀ ਅੰਕ ਹਨ ਜਦਕਿ ਆਸਟਰੇਲੀਆ ਦੇ 60.71 ਫੀਸਦੀ ਅੰਕ ਹਨ। ਪਰਥ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਸ਼ੁਰੂਆਤੀ ਮੈਚ ਵਿੱਚ ਆਪਣੀ ਵੱਡੀ ਜਿੱਤ ਤੋਂ ਬਾਅਦ ਭਾਰਤ ਇਸ ਦਰਜਾਬੰਦੀ ਵਿਚ ਅੱਗੇ ਸੀ ਪਰ ਐਡੀਲੇਡ ਟੈਸਟ ਵਿੱਚ ਹਾਰ ਤੋਂ ਬਾਅਦ ਭਾਰਤ ਦੇ ਅੰਕ 61.11 ਫੀਸਦੀ ਤੋਂ ਹੇਠਾਂ ਆ ਕੇ 57.29 ਫੀਸਦੀ ਹੋ ਗਏ। ਭਾਰਤ ਲਈ ਅਗਲੇ ਸਾਲ ਡਬਲਿਊਟੀਸੀ ਫਾਈਨਲ ਵਿੱਚ ਤੀਜੀ ਵਾਰ ਪਹੁੰਚਣ ਲਈ ਆਸਟਰੇਲੀਆ ਨੂੰ ਬਾਕੀ ਬਚੇ ਤਿੰਨ ਟੈਸਟਾਂ ਵਿੱਚ ਹਰਾਉਣਾ ਹੋਵੇਗਾ।