ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਦਸੰਬਰ
ਦਿੱਲੀ ਵੱਲ ਕੂਚ ਕਰਨ ਨੂੰ ਲੈ ਕੇ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਤੇ ਹਰਿਆਣਾ ਪੁਲੀਸ ਵਿਚਾਲੇ ਬਣੇ ਤਣਾਅ ਦਰਮਿਆਨ ਅੱਜ ਦੇਰ ਸ਼ਾਮ ਕਿਸਾਨ ਆਗੂਆਂ ਅਤੇ ਹਰਿਆਣਾਂ ਦੇ ਅਧਿਕਾਰੀਆਂ ਵਿਚਾਲੇ ਅਹਿਮ ਮੀਟਿੰਗ ਹੋਈ। ਬੈਠਕ ਦੌਰਾਨ ਵੱਖ ਵੱਖ ਪਹਿਲੂਆਂ ’ਤੇ ਹੋਈ ਚਰਚਾ ਮਗਰੋਂ ਅਧਿਕਾਰੀਆਂ ਨੇ 9 ਦਸੰਬਰ ਦੀ ਪ੍ਰਧਾਨ ਮੰਤਰੀ ਦੀ ਹਰਿਆਣਾ ਫੇਰੀ ਦੇ ਚੱਲਦਿਆਂ ਕਿਸਾਨਾਂ ਤੋਂ ਇੱਕ ਦਿਨ ਦਾ ਸਮਾਂ ਮੰਗਿਆ। ਇਸ ਮਗਰੋਂ ਮੁੜ ਵਿਸਥਾਰ ’ਚ ਗੱਲਬਾਤ ਕਰ ਕੇ ਮਾਮਲੇ ਨੂੰ ਕਿਸੇ ਤਣ ਪੱਤਣ ਲਾਉਣ ਦੀ ਕੋਸ਼ਿਸ ਕੀਤੀ ਜਾਵੇਗੀ।
ਰਾਜਪੁਰਾ ਵਿਚ ਈਗਲ ਮੋਟਲ ’ਤੇ ਹੋਈ ਇਸ ਮੀਟਿੰਗ ਮਗਰੋਂ ਸ਼ੰਭੂ ਬਾਰਡਰ ’ਤੇ ਪਰਤੇ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਬੈਠਕ ਵਿਚ ਹਰਿਆਣਾ ਤੋਂ ਅੰਬਾਲਾ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਅਤੇ ਅੰਬਾਲਾ ਦੇ ਹੀ ਐੱਸਪੀ ਸੁਰਿੰਦਰ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਪਟਿਆਲਾ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ, ਐਸ.ਐਸ.ਪੀ ਡਾ.ਨਾਨਕ ਸਿੰਘ ਅਤੇ ਏਡੀਸੀ ਅਨੂਪ੍ਰਿਯਾ ਕੌਰ ਜੌਹਲ ਨੇ ਵੀ ਸ਼ਿਰਕਤ ਕੀਤੀ। ਕਿਸਾਨਾਂ ਵਿਚੋਂ ਸਰਵਣ ਸਿੰਘ ਪੰਧੇਰ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਗੁਰੂਅਮਨੀਤ ਮਾਂਗਟ, ਗੁਰਵਿੰਦਰ ਭੰਗੂ, ਤੇਜਵੀਰ ਪੰਜੋਖਰਾ, ਜਸਵੀਰ ਸਿੱਧੂ ਆਦਿ ਆਗੂ ਸ਼ਾਮਲ ਸਨ। ਪੰਧੇਰ ਨੇ ਦੱਸਿਆ ਕਿ ਬੈਠਕ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਸਾਰੇ ਪੱਖ ਦੱਸੇ ਜਿਸ ਵਿਚ ਮੰਗਾਂ ਦੀ ਪੂਰਤੀ ਜਾਂ ਫੇਰ ਦਿੱਲੀ ਜਾ ਕੇ ਸੰਘਰਸ਼ ਕਰਨ ਦੀ ਪ੍ਰਵਾਨਗੀ ਦੇਣਾ ਸ਼ਾਮਲ ਸੀ। ਅਧਿਕਾਰੀਆਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੀ ਫੇਰੀ ਕਾਰਨ ਸੋਮਵਾਰ ਦਾ ਦਿਨ ਰੁਝੇਵਿਆਂ ਭਰਪੂਰ ਹੈ। ਲਿਹਾਜ਼ਾ ਮਸਲੇ ਦੇ ਹੱਲ ਲਈ ਉਹ ਮੰਗਲਵਾਰ ਨੂੰ ਮੁੜ ਇਕੱਠੇ ਹੋਣਗੇ। ਉਂਝ ਪੰਧੇਰ ਨੇ ਮੰਨਿਆ ਕਿ ਉਹ ਕੇਂਦਰ ਦੇ ਕਹਿਣ ’ਤੇ ਹੀ ਗੱਲਬਾਤ ਲਈ ਆਏ ਸਨ। ਪੰਧੇਰ ਨੇ ਕਿਹਾ ਕਿ ਉਹ ਸੋਮਵਾਰ ਸ਼ਾਮ ਤੱਕ ਹਰਿਆਣਾ ਦੇ ਅਧਿਕਾਰੀਆਂ ਦਾ ਸੁਨੇਹਾ ਉਡੀਕਣ ਤੋਂ ਬਾਅਦ ਹੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ।