ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਨਵੰਬਰ
ਵਿਜੀਲੈਂਸ ਵੱਲੋਂ ਬਰਨਾਲਾ ਜ਼ਿਲ੍ਹੇ ਦੀ ਸਬ-ਡਿਵੀਜ਼ਨ ਤਪਾ ਦੇ ਤਹਿਸੀਲਦਾਰ ਅਤੇ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਸੁਖਚਰਨ ਸਿੰਘ ਚੰਨੀ ਦੇ ਘਰ ਦੀ ਤਲਾਸ਼ੀ ਲਈ ਗਈ।
ਵਿਜੀਲੈਂਸ ਅਧਿਕਾਰੀਆਂ ਮੁਤਾਬਕ ਰਿਸ਼ਵਤਖੋਰੀ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਚੰਨੀ ਦੇ ਫ਼ਰੀਦਕੋਟ ਸਥਿਤ ਘਰ ਦੀ ਤਲਾਸ਼ੀ ਲਈ ਗਈ ਹੈ। ਅਧਿਕਾਰੀਆਂ ਨੂੰ ਚੰਨੀ ਦੇ ਘਰੋਂ ਬੀਮਾ ਪਾਲਸੀਆਂ, ਕੁਝ ਬੈਂਕ ਖਾਤਿਆਂ ਦੀਆਂ ਪਾਸ ਬੁੱਕ ਅਤੇ ਲੌਕਰ ਦੀ ਚਾਬੀ ਮਿਲੀ ਹੈ। ਸੂਤਰ ਦੱਸਦੇ ਹਨ ਵਿਜੀਲੈਂਸ ਦੀ ਟੀਮ ਨੂੰ ਮਾਲ ਅਧਿਕਾਰੀ ਚੰਨੀ ਦੀ ਪਤਨੀ ਨੇ ਦੱਸਿਆ ਕਿ ਉਹ ਅਧਿਆਪਕਾ ਹੈ ਅਤੇ ਉਨ੍ਹਾਂ ਦੀ ਧੀ ਦਾ ਅਗਲੇ ਸਾਲ ਫ਼ਰਵਰੀ ਮਹੀਨੇ ਵਿਆਹ ਹੋਣ ਕਰਕੇ ਉਨ੍ਹਾਂ ਨੇ ਕੁਝ ਖਰੀਦਦਾਰੀ ਕੀਤੀ ਹੋਈ ਹੈ। ਤਲਾਸ਼ੀ ਦੌਰਾਨ ਵਿਜੀਲੈਂਸ ਨੂੰ ਵੱਡੀ ਪ੍ਰਾਪਤੀ ਹਾਸਲ ਨਹੀਂ ਹੋਈ।
ਸੁਖਚਰਨ ਸਿੰਘ ਚੰਨੀ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਸੂਬੇ ਦੀਆਂ ਤਹਿਸੀਲਾਂ ਵਿੱਚ ਕੰਮਕਾਜ ਠੱਪ ਰਹਿਣ ਕਾਰਨ ਸੁੰਨ ਪੱਸਰੀ ਰਹੀ। ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਮਨਿੰਦਰ ਸਿੰਘ ਨੇ ਸੰਕੇਤ ਦਿੱਤਾ ਕਿ ਜੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਲਗਾਤਾਰ ਸਮੂਹਿਕ ਛੁੱਟੀ ’ਤੇ ਰਹਿਣਗੇ।
ਉਹ ਇਸ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਅਤੇ ਬਰਨਾਲਾ ਵਿੱਚ ਤਾਇਨਾਤ ਵਿਜੀਲੈਂਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਆਪਣੇ ਕੰਮਾਂ ਕਾਰਾਂ ਲਈ ਆਏ ਪਰਵਾਸੀ ਪੰਜਾਬੀਆਂ ਲਈ ਹੋਰ ਵੀ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਕਿਉਂਕਿ ਉਹ ਆਪਣੇ ਕੰਮ ਨਿਪਟਾ ਕੇ ਵਾਪਸ ਮੁੜਨ ਦੀ ਕਾਹਲ ਵਿੱਚ ਹਨ ਪਰ ਹੜਤਾਲ ਕਾਰਨ ਉਨ੍ਹਾਂ ਦੇ ਕੰਮ ਰੁਕ ਗਏ ਹਨ।
ਸੈਂਕੜੇ ਲੋਕਾਂ ਦੀਆਂ ਰਜਿਸਟਰੀਆਂ ਰੁਕੀਆਂ
ਸੂਬੇ ਭਰ ਵਿੱਚ 29 ਨਵੰਬਰ ਲਈ 559 ਲੋਕਾਂ ਨੇ ਆਪਣੀਆਂ ਜ਼ਮੀਨੀ ਰਜਿਸਟਰੀਆਂ ਲਈ ਅਗਾਊਂ ਸਮਾਂ ਲਿਆ ਹੋਇਆ ਸੀ ਅਤੇ ਇਸ ਤਰ੍ਹਾਂ 28 ਨਵੰਬਰ ਨੂੰ ਵੀ ਸੈਂਕੜਿਆਂ ਦੀ ਗਿਣਤੀ ਵਿੱਚ ਲੋਕਾਂ ਵੱਲੋਂ ਅਗਾਊਂ ਸਮਾਂ ਲਿਆ ਗਿਆ ਸੀ ਪਰ ਮਾਲ ਵਿਭਾਗ ਦੇ ਅਧਿਕਾਰੀ ਸਮੂਹਿਕ ਛੁੱਟੀ ’ਤੇ ਜਾਣ ਕਾਰਨ ਲੋਕਾਂ ਦੀਆਂ ਰਜਿਸਟਰੀਆਂ ਨਹੀਂ ਹੋਈਆਂ। ਸੂਬੇ ਵਿੱਚ 29 ਨਵੰਬਰ ਲਈ ਸਭ ਤੋਂ ਵੱਧ ਜ਼ੀਰਕਪੁਰ ਵਿੱਚ 113 ਲੋਕਾਂ ਨੇ ਜ਼ਮੀਨੀ ਰਜਿਸਟਰੀ ਲਈ ਸਮਾਂ ਲਿਆ ਹੋਇਆ ਸੀ। ਇਸੇ ਤਰ੍ਹਾਂ ਸੂਬੇ ਦੇ ਬਾਕੀ ਜ਼ਿਲ੍ਹਿਆਂ ਲੁਧਿਆਣਾ ਵਿੱਚ ਕਰੀਬ 85, ਪਟਿਆਲਾ ’ਚ 34, ਸਾਹਨੇਵਾਲ ’ਚ 25, ਮੁਹਾਲੀ 25, ਖਰੜ ’ਚ 26 ਬਾਕੀ ਜ਼ਿਲ੍ਹਿਆਂ ਵਿੱਚ ਵੀ 20 ਤੋਂ 40 ਲੋਕਾਂ ਨੇ ਅਗਾਊਂ ਸਮਾਂ ਲਿਆ ਹੋਇਆ ਸੀ।