ਵਿਨੀਪੈੱਗ, 30 ਨਵੰਬਰ
ਖਾਲਿਸਤਾਨੀ ਅਤਿਵਾਦੀ ਅਤੇ ਗੈਂਗਸਟਰ ਅਰਸ਼ਦੀਪ ਸਿੰਘ ਡੱਲਾ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਸ ਨੂੰ 30 ਹਜ਼ਾਰ ਡਾਲਰ ਦਾ ਮੁਚੱਲਕਾ ਭਰਨ ਮਗਰੋਂ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ। ਮਾਮਲੇ ਦੀ ਸੁਣਵਾਈ ਹੁਣ ਅਗਲੇ ਸਾਲ 24 ਫਰਵਰੀ ਨੂੰ ਹੋਵੇਗੀ। ਡੱਲਾ ਨੂੰ ਜ਼ਮਾਨਤ ਅਜਿਹੇ ਮੌਕੇ ਦਿੱਤੀ ਗਈ ਹੈ ਜਦੋਂ ਭਾਰਤ ਵੱਲੋਂ ਉਸ ਦੀ ਸਪੁਰਦਗੀ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦਰਅਸਲ ਭਾਰਤ ਸਮੇਂ-ਸਮੇਂ ’ਤੇ ਕੈਨੇਡੀਅਨ ਸਰਕਾਰ ਨੂੰ ਖਾਲਿਸਤਾਨ ਪ੍ਰਤੀ ਆਪਣੇ ਨਰਮ ਰਵੱਈਏ ਬਾਰੇ ਚੇਤਾਵਨੀ ਦਿੰਦਾ ਰਿਹਾ ਹੈ, ਪਰ ਇਸ ਦੇ ਬਾਵਜੂਦ ਉਸ ਦੇ ਵਿਵਹਾਰ ਵਿੱਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ। ਇਸ ਦੀ ਤਾਜ਼ਾ ਮਿਸਾਲ ਖਾਲਿਸਤਾਨੀ ਅਤਿਵਾਦੀ ਅਰਸ਼ ਡੱਲਾ ਨੂੰ ਜ਼ਮਾਨਤ ਮਿਲਣਾ ਹੈ। ਖਾਲਿਸਤਾਨ ਟਾਈਗਰ ਫੋਰਸ ਦੀ ਕਮਾਂਡ ਕਰ ਰਹੇ ਅਰਸ਼ ਡੱਲਾ ਨੂੰ ਕੈਨੇਡੀਅਨ ਪੁਲੀਸ ਨੇ ਦੋ ਧਿਰਾਂ ਵਿਚ ਗੋਲੀਬਾਰੀ ਦੇ ਮਾਮਲੇ ਵਿਚ ਅਕਤੂਬਰ ਵਿਚ ਗ੍ਰਿਫ਼ਤਾਰ ਕੀਤਾ ਸੀ। ਕੈਨੇਡੀਅਨ ਪੁਲੀਸ ਨੇ ਡੱਲਾ ਉੱਤੇ ਗ਼ੈਰਕਾਨੂੰਨੀ ਹਥਿਆਰ ਰੱਖਣ ਤੇ ਸਬੂਤਾਂ ਨਾਲ ਛੇੜਛਾੜ ਸਣੇ 11 ਗੰਭੀਰ ਦੋਸ਼ ਆਇਦ ਕੀਤੇ ਸਨ। ਪੁਲੀਸ ਨੂੰ ਉਸ ਕੋਲੋਂ ਕਈ ਹਾਈਟੈੱਕ ਹਥਿਆਰ ਵੀ ਮਿਲੇ ਸਨ। ਸੂਤਰਾਂ ਮੁਤਾਬਕ ਅਰਸ਼ ਡੱਲਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸਿੱਧੇ ਸੰਪਰਕ ਵਿੱਚ ਰਿਹਾ ਹੈ।