ਨਵੀਂ ਦਿੱਲੀ, 29 ਨਵੰਬਰ
ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਨੇ ਅੱਜ ਇੱਥੇ ਕਿਹਾ ਕਿ ਦੇਸ਼ ’ਚ ਚੋਣ ਪ੍ਰਕਿਰਿਆ ਦੀ ਮਰਿਆਦਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਖ਼ਿਲਾਫ਼ ਪਾਰਟੀ ਜਲਦੀ ਹੀ ਅੰਦੋਲਨ ਸ਼ੁਰੂ ਕਰੇਗੀ ਤੇ ਇਸ ਸਬੰਧੀ ਲੋਕਾਂ ਦੇ ਤੌਖਲੇ ਕੌਮੀ ਅੰਦੋਲਨ ਵਜੋਂ ਉਭਾਰੇਗੀ। ਮੀਟਿੰਗ ’ਚ ਵਰਕਿੰਗ ਕਮੇਟੀ ਨੇ ਚੋਣ ਪ੍ਰਦਰਸ਼ਨ ਦੀ ਸਮੀਖਿਆ ਅਤੇ ਸੰਗਠਨ ਦੇ ਮਾਮਲੇ ਨੂੰ ਲੈ ਕੇ ਕਮੇਟੀ ਬਣਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਜੁਨ ਖੜਗੇ ਨੇ ਕਿਹਾ ਕਿ ਹਾਲੀਆ ਚੋਣਾਂ ਦੇ ਨਤੀਜਿਆਂ ਤੋਂ ਸਬਕ ਸਿੱਖ ਕੇ ਪਾਰਟੀ ਦੀ ਮਜ਼ਬੂਤੀ ਲਈ ਸਖਤ ਫ਼ੈਸਲੇ ਲੈਣੇ ਹੋਣਗੇ ਅਤੇ ਜਵਾਬਦੇਹੀ ਤੈਅ ਕਰਨੀ ਹੋਵੇਗੀ। ਖੜਗੇ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਈਵੀਐੱਮਜ਼ ਦੀ ਵਰਤੋਂ ਨੇ ਚੋਣ ਪ੍ਰਕਿਰਿਆ ਨੂੰ ‘ਸ਼ੱਕੀ’ ਬਣਾਇਆ ਅਤੇ ਜ਼ੋਰ ਦੇ ਕੇ ਆਖਿਆ ਕਿ ਦੇਸ਼ ’ਚ ਆਜ਼ਦਾਨਾ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣਾ ਚੋਣ ਕਮਿਸ਼ਨ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਅਗਵਾਈ ਹੇਾ ਹੋਈ ਸੀਡਬਲਿਊਸੀ ਦੀ ਮੀਟਿੰਗ ’ਚ ਹਾਲੀਆ ਵਿਧਾਨ ਸਭਾ ਚੋਣਾਂ ’ਚ ਪਾਰਟੀ ਦੀ ਕਾਰਗੁਜ਼ਾਰੀ, ਸੰਭਲ ਹਿੰਸਾ ਦਾ ਪਿਛੋਕੜ ’ਚ ਪੂਜਾ ਸਥਾਨ ਕਾਨੂੰਨ, ਮਨੀਪੁਰ ਹਿੰਸਾ ਅਤੇ ਕਈ ਹੋਰ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਵਰਕਿੰਗ ਕਮੇਟੀ ਨੇ ਸੰਭਲ ਹਿੰਸਾ ਸਬੰਧੀ ਦੋਸ਼ ਲਾਇਆ ਕਿ ਭਾਜਪਾ ਵੱਲੋਂ ਪੂਜਾ ਸਥਾਨ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕਾਂਗਰਸ ਵਰਕਿੰਗ ਕਮੇਟੀ ਵੱਲੋਂ ਪਾਸ ਤਜਵੀਜ਼ ’ਚ ਦੋਸ਼ ਲਾਇਆ ਗਿਆ ਹੈ ਕਿ ਪੂਰੀ ਚੋਣ ਪ੍ਰਕਿਰਿਆ ਦੀ ਮਰਿਆਦਾ ਨਾਲ ਸਮਝੌਤਾ ਕੀਤਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕ ਬੇਹੱਦ ਚਿੰਤਤ ਹਨ, ਜਿਸ ਕਾਂਗਰਸ ਲੋਕਾਂ ਦੇ ਫਿਕਰਾਂ ਨੇ ਇੱਕ ਅੰਦੋਲਨ ਵਜੋਂ ਉਠਾਏਗੀ। ਪ੍ਰਸਤਾਵ ’ਚ ਆਖਿਆ ਗਿਆ ਕਿ ਮਨੀਪੁਰ ਹਿੰਸਾ ਜਾਰੀ ਹੈ ਪਰ ਪ੍ਰਧਾਨ ਮੰਤਰੀ ਨੇ ਆਪਣੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲਿਆ ਹੈ। ਪ੍ਰੈੱਸ ਕਾਨਫਰੰਸ ’ਚ ਜੈਰਾਮ ਰਮੇਸ਼, ਕਾਂਗਰਸ ਤਰਜਮਾਨ ਪਵਨ ਖੇੜਾ ਤੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਕਿਹਾ ਕਿ ਪਾਰਟੀ ਨੇ ਦੇਸ਼ ’ਚ ਸਿਆਸੀ ਸਥਿਤੀ ’ਤੇ ਲਗਪਗ ਸਾਢੇ ਚਾਰ ਘੰਟੇ ਚਰਚਾ ਕੀਤੀ ਅਤੇ ਮਤਾ ਪਾਸ ਕੀਤਾ। ਉਨ੍ਹਾਂ ਕਿਹਾ ਕਿ ਵਰਕਿੰਗ ਕਮੇਟੀ ਨੇ ਚੋਣ ਪ੍ਰਦਰਸ਼ਨ ਅਤੇ ਸੰਗਠਨ ਦੇ ਮਾਮਲੇ ਨੂੰ ਲੈ ਕੇ ਕਮੇਟੀ ਕਾਇਮ ਕਰਨ ਦਾ ਫ਼ੈਸਲਾ ਕੀਤਾ ਹੈ।
ਸੰਸਦ ਸਰਦ ਰੁੱਤ ਸੈਸ਼ਨ ਬਾਰੇ ਸਵਾਲ ’ਤੇ ਕਾਂਗਰਸ ਵਰਕਿੰਗ ਕਮੇਟੀ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਵੱਲੋਂ ਤਿੰਨ ਅਹਿਮ ਕੌਮੀ ਮੁੱਦਿਆਂ ਜਿਨ੍ਹਾਂ ’ਚ ‘‘ਇੱਕ ਵਪਾਰਕ ਗਰੁੱਪ ਦੇ ਭ੍ਰਿਸ਼ਟਾਚਾਰ ਸਬੰਧੀ ਹਾਲੀਆ ਖੁਲਾਸੇ, ਮਨੀਪੁਰ ’ਚ ਹਿੰਸਾ ਅਤੇ ਉੱਤਰ ਪ੍ਰਦੇਸ਼ ਦਾ ਸੰਭਲ’’ ਸ਼ਾਮਲ ਹਨ, ਉੱਤੇ ਤੁਰੰਤ ਚਰਚਾ ਤੋਂ ‘ਜ਼ਿੱਦੀ ਇਨਕਾਰ’’ ਸੈਸ਼ਨ ਹੁਣ ਤੱਕ ਬੇਅਰਥ ਰਿਹਾ ਹੈ। ਮਹਾਰਾਸ਼ਟਰ ਚੋਣਾਂ ਦੇ ਨਤੀਜਿਆਂ ਬਾਰੇ ਵੇਣੂਗੋਪਾਲ ਨੇ ਆਖਿਆ ਕਿ ਸੂਬੇ ਦੇ ਚੋਣ ਨਤੀਜੇ ਆਮ ਸਮਝ ਤੋਂ ਬਾਹਰ ਹਨ ਅਤੇ ਇਸ ਸਪੱਸ਼ਟ ਤੌਰ ’ਤੇ ਗਿਣਿਆ-ਮਿਥਿਆ ਹੇਰਾਫੇਰੀ ਦਾ ਮਾਮਲਾ ਲੱਗਦਾ ਹੈ। -ਪੀਟੀਆਈ