ਨਵੀਂ ਦਿੱਲੀ, 29 ਨਵੰਬਰ
ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤੀ ਕ੍ਰਿਕਟ ਟੀਮ ਵੱਲੋਂ ਸੁਰੱਖਿਆ ਚਿੰਤਾਵਾਂ ਕਾਰਨ ਅਗਲੇ ਸਾਲ ਆਈਸਸੀ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਦੀ ‘‘ਸੰਭਾਵਨਾ ਨਹੀਂ’’ ਹੈ। ਦੋਵਾਂ ਮੁਲਕਾਂ ਵਿਚਾਲੇ ਕੁੜੱਤਣ ਭਰੇ ਰਿਸ਼ਤਿਆਂ ਕਾਰਨ ਭਾਰਤ ਨੇ 2008 ਤੋਂ ਬਾਅਦ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ। ਭਾਰਤੀ ਟੀਮ ਉਦੋਂ ਏਸ਼ੀਆ ਕੱਪ ਖੇਡਣ ਪਾਕਿਸਤਾਨ ਗਈ ਸੀ। ਭਾਰਤ ਤੇ ਪਾਕਿਸਤਾਨ ਵਿਚਾਲੇ ਆਖਰੀ ਦੁਵੱਲੀ ਲੜੀ ਸਾਲ 2012-13 ’ਚ ਖੇਡੀ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ Randhir Jaiswal ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਬਿਆਨ ਦਾ ਹਵਾਲਾ ਦਿੱਤਾ ਜਿਸ ਬੋਰਡ ਨੇ ਆਖਿਆ ਸੀ ਕਿ ਪਾਕਿਸਤਾਨ ਵਿੱਚ ‘ਸੁਰੱਖਿਆ ਫਿਕਰਾਂ’ ਕਾਰਨ ਇਹ ਸੰਭਾਵਨਾ ਨਹੀਂ ਹੈ ਕਿ ਭਾਰਤੀ ਟੀਮ ਪਾਕਿਸਤਾਨ ’ਚ ਇਸ ਵੱਕਾਰੀ ਟੂਰਨਾਮੈਂਟ ’ਚ ਖੇਡਣ ਲਈ ਸਰਹੱਦ ਪਾਰ ਜਾਵੇਗੀ।
ਜੈਸਵਾਲ ਨੇ ਆਖਿਆ ਕਿ ਬੀਸੀਸੀਆਈ (BCCI) ਨੇ ਇੱਕ ਬਿਆਨ ਜਾਰੀ ਕੀਤਾ ਸੀ। ਉਸ ਨੇ ਕਿਹਾ ਸੀ ਕਿ ਪਾਕਿਸਤਾਨ ’ਚ ਸੁਰੱਖਿਆ ਸਬੰਧੀ ਕੁਝ ਤੌਖਲੇ ਹਨ ਅਤੇ ਇਸ ਕਰਕੇ ਭਾਰਤੀ ਟੀਮ ਦੇ ਉਥੇ ਜਾਣ ਦੀ ਸੰਭਾਵਨਾ ਨਹੀਂ ਹੈ। ਭਾਰਤ ਨੇ ਪਾਕਿਸਤਾਨ ਦੌਰਾ ਨਾ ਕਰਨ ਦਾ ਆਪਣਾ ਰੁਖ਼ ਕਾਇਮ ਰੱਖਿਆ ਹੈ। ਬੀਸੀਸੀਆਈ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਲਗਾਤਾਰ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਬੋਰਡ ਭਾਰਤ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣਾ ਕਰੇਗਾ।
ਜਦੋਂਕਿ ਭਾਰਤ ਨੇ ਆਈਸੀਸੀ ਟੂੁਰਨਾਮੈਂਟ ਲਈ ਪਾਕਿਸਤਾਨ ਨਾ ਜਾਣ ਦਾ ਆਪਣਾ ਰੁਖ਼ ਦ੍ਰਿੜ੍ਹਤਾ ਨਾਲ ਸਪੱਸ਼ਟ ਕਰ ਦਿੱਤਾ ਹੈ ਉਥੇ ਹੀ ਪਾਕਿਸਤਾਨ ਵੀ ਆਪਣੇ ਰੁਖ਼ ’ਤੇ ਅੜਿਆ ਹੋਇਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੌਹਸਿਨ ਨਕਵੀ ਨੇ ਟੂਰਨਾਮੈਂਟ ਦੀ ਹਾਈਬ੍ਰਿਡ ਮਾਡਲ ’ਚ ਮੇਜ਼ਬਾਨੀ ਕਰਨ ਦਾ ਵਿਚਾਰ ਖਾਰਜ ਕਰ ਦਿੱਤਾ ਸੀ। -ਏਐੱਨਆਈ