ਸੰਤੋਖ ਗਿੱਲ
ਗੁਰੂਸਰ ਸੁਧਾਰ, 28 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਮੈਡੀਕਲ ਕਾਲਜ ਸਰਾਭਾ ਦੀ ਬੀਐਸਸੀ ਨਰਸਿੰਗ ਚੌਥੇ ਸਾਲ ਦੀ ਇਕ ਵਿਦਿਆਰਥਣ ਉਪਰ ਬੁੱਧਵਾਰ ਦੇਰ ਸ਼ਾਮ ਕਾਲਜ ਕੈਂਪਸ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਹਮਲਾਵਰਾਂ ਉਤੇ ਵਿਦਿਆਰਥਣ ਦੇ ਕੱਪੜੇ ਪਾੜਨ ਦੇ ਦੋਸ਼ ਹਨ। ਇਸ ਘਟਨਾ ਖਿਲਾਫ਼ ਬੀਤੀ ਰਾਤ ਤੋਂ ਵਿਦਿਆਰਥੀ ਨੇ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਹੋਈ ਹੈ।
ਵਿਦਿਆਰਥੀ ਫ਼ੌਰੀ ਤੌਰ ’ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਾਰਵਾਈ ਦੀ ਮੰਗ ਕਰ ਰਹੇ ਹਨ। ਵਿਦਿਆਰਥੀ ਇਹ ਦੋਸ਼ ਵੀ ਲਾ ਰਹੇ ਹਨ ਕਿ ਕਾਲਜ ਵਿਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਨਹੀਂ ਹਨ ਤੇ ਮੰਗ ਕਰ ਰਹੇ ਹਨ ਕਿ ਇਸ ਖ਼ਾਮੀ ਲਈ ਮੈਨੇਜਮੈਂਟ ਵੱਲੋਂ ਮੁਆਫ਼ੀ ਮੰਗੀ ਜਾਵੇ ਅਤੇ ਕਾਲਜ ਵਿਚ ਵਿਦਿਆਰਥੀਆਂ ਤੇ ਖ਼ਾਸਕਰ ਵਿਦਿਆਰਥਣਾਂ ਦੀ ਸੁਰੱਖਿਆ ਦੇ ਠੋਸ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਉਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਦੋਸ਼ ਵੀ ਲਾਏ।
ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਦਾਖਾ ਵਰਿੰਦਰ ਖੋਸਾ ਅਤੇ ਥਾਣਾ ਜੋਧਾਂ ਦੇ ਮੁਖੀ ਹੀਰਾ ਸਿੰਘ ਪੜਤਾਲ ਲਈ ਮੌਕੇ ’ਤੇ ਪਹੁੰਚ ਗਏ ਸਨ। ਪੁਲੀਸ ਵੱਲੋਂ ਵਾਰਦਾਤ ਦੀ ਪੜਤਾਲ ਕੀਤੀ ਜਾ ਰਹੀ ਹੈ। ਵਿਦਿਆਰਥੀ ਆਪਣੀਆਂ ਮੰਗਾਂ ਉਤੇ ਅੜੇ ਹੋਏ ਹਨ ਤੇ ਨਾਅਰੇ ਲਿਖੀਆਂ ਤਖ਼ਤੀਆਂ ਲੈ ਕੇ ਰੋਸ ਮੁਜ਼ਾਹਰਾ ਕਰ ਰਹੇ ਹਨ।