ਮੁੰਬਈ, 27 ਨਵੰਬਰ
ਏਅਰ ਇੰਡੀਆ ਦੀ 25 ਸਾਲਾ ਮਹਿਲਾ ਪਾਇਲਟ ਨੇ ਮੁੰਬਈ ਵਿੱਚ ਆਪਣੇ ਕਿਰਾਏ ਦੇ ਫਲੈਟ ਵਿੱਚ ਡੇਟਾ ਕੇਬਲ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਤੋਂ ਬਾਅਦ ਪੁਲੀਸ ਨੇ ਉਸਦੇ ਪੁਰਸ਼ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਰੋਲ ਖੇਤਰ ਦੀ ਕਨਕੀਆ ਰੇਨ ਫੋਰੈਸਟ ਬਿਲਡਿੰਗ ਵਿੱਚ ਰਹਿਣ ਵਾਲੀ ਸ੍ਰਿਸ਼ਟੀ ਤੁਲੀ ਨੇ ਸੋਮਵਾਰ ਤੜਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕਾ ਦੇ ਸਾਥੀ ਆਦਿਤਿਆ ਪੰਡਿਤ (27) ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਤੁਲੀ ਦੇ ਇੱਕ ਰਿਸ਼ਤੇਦਾਰ ਨੇ ਉਸਤੇ ਤੰਗ ਕਰਨ, ਦੁਰਵਿਵਹਾਰ ਕਰਨ ਅਤੇ ਉਸਨੂੰ ਮਾਸਾਹਾਰੀ ਭੋਜਨ ਖਾਣਾ ਬੰਦ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ।
ਪੋਵਈ ਥਾਣੇ ਦੇ ਅਧਿਕਾਰੀ ਅਨੁਸਾਰ ਤੁਲੀ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਸੀ ਅਤੇ ਪਿਛਲੇ ਸਾਲ ਜੂਨ ਤੋਂ ਕੰਮ ਲਈ ਮੁੰਬਈ ਵਿਚ ਸੀ। ਘਟਨਾ ਵਾਲੇ ਦਿਨ ਤੁਲੀ ਨੇ ਅਦਿਤਿਆ ਨੂੰ ਫੋਨ ਕਰਕੇ ਕਿਹਾ ਕਿ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਲਵੇਗੀ। ਅਧਿਕਾਰੀ ਨੇ ਦੱਸਿਆ ਕਿ ਅਦਿਤਿਆ ਨੇ ਮੁੰਬਈ ਪੁੱਜ ਕਿ ਦੇਖਿਆ ਕਿ ਉਸ ਦੇ ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਫਿਰ ਉਸ ਨੇ ਚਾਬੀ ਬਣਾਉਣ ਵਾਲੇ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਤਾਂ ਤੁਲੀ ਨੂੰ ਡਾਟਾ ਕੇਬਲ ਨਾਲ ਲਟਕੀ ਹੋਈ ਸੀ।
ਉਸ ਨੂੰ ਸੈਵਨਹਿਲਸ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਘਰ ‘ਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਤੁਲੀ ਦੇ ਚਾਚਾ ਨੇ ਬਾਅਦ ਵਿੱਚ ਪੁਲਿਸ ਕੋਲ ਇਹ ਦੋਸ਼ ਲਗਾਇਆ ਕਿ ਪੰਡਿਤ ਉਸਨੂੰ ਅਕਸਰ ਤੰਗ ਕਰਦਾ ਸੀ ਅਤੇ ਜਨਤਕ ਤੌਰ ’ਤੇ ਉਸ ਨਾਲ ਦੁਰ ਵਿਵਹਾਰ ਵੀ ਕਰਦਾ ਸੀ। ਅਧਿਕਾਰੀ ਨੇ ਦੱਸਿਆ ਕਿ ਆਦਿਤਿਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸ ਨੂੰ ਚਾਰ ਦਿਨਾਂ ਲਈ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਪੀਟੀਆਈ