ਮੁੰਬਈ:
ਭਾਵੇਂ ਅਦਾਕਾਰਾ ਅਦਿੱਤੀ ਰਾਓ ਹੈਦਰੀ ਤੇ ਸਿਧਾਰਥ ਤਿਲੰਗਾਨਾ ਵਿੱਚ 16 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ ਪਰ ਇਸ ਜੋੜੇ ਨੇ ਜੈਪੁਰ ਵਿੱਚ ਮੁੜ ਸ਼ਾਹੀ ਠਾਠ ਨਾਲ ਵਿਆਹ ਕਰਵਾਇਆ ਹੈ। ਜੋੜੇ ਨੇ ਵਿਆਹ ਦੀਆਂ ਰਸਮਾਂ ਰਾਜਸਥਾਨ ਦੇ ਬਿਸ਼ਨਗੜ੍ਹ ਸਥਿਤ ਅਲੀਲਾ ਕਿਲ੍ਹੇ ਵਿੱਚ ਨਿਭਾਈਆਂ। ਬੁੱਧਵਾਰ ਨੂੰ ਅਦਿੱਤੀ ਤੇ ਸਿਧਾਰਥ ਨੇ ਆਪੋ-ਆਪਣੇ ਇੰਸਟਾਗ੍ਰਾਮ ਹੈਂਡਲਾਂ ’ਤੇ ਆਪਣੇ ਦੂਜੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਅਦਿੱਤੀ ਰਵਾਇਤੀ ਸੂਹੇ ਲਹਿੰਗਾ-ਚੋਲੀ ਵਿੱਚ ਲਾੜੀ ਵਜੋਂ ਬੇਹੱਦ ਸੋਹਣੀ ਲੱਗ ਰਹੀ ਸੀ, ਜਦੋਂ ਕਿ ਅਦਾਕਾਰ ਨੇ ਸਫ਼ੈਦ ਸ਼ੇਰਵਾਨੀ ਪਾਈ ਹੋਈ ਸੀ। ‘ਹੀਰਾਮੰਡੀ’ ਅਦਾਕਾਰਾ ਨੇ ਪੁਰਾਤਨ ਭਾਰਤੀ ਗਹਿਣੇ ਪਾਏ ਹੋਏ ਸਨ ਜੋ ਉਸ ਨੂੰ ਚਾਰ ਚੰਨ ਲਗਾ ਰਹੇ ਸਨ। ਹੈਦਰੀ ਨੇ ਤਸਵੀਰਾਂ ਨਾਲ ਦਿੱਤੀ ਕੈਪਸ਼ਨ ਵਿੱਚ ਲਿਖਿਆ, ‘ਜ਼ਿੰਦਗੀ ਵਿੱਚ ਇਕ-ਦੂਜੇ ਦਾ ਸਾਥ ਨਿਭਾਉਣ ਦਾ ਇਹ ਸਭ ਤੋਂ ਵਧੀਆ ਢੰਗ ਹੈ।’ ਅਦਿੱਤੀ ਵੱਲੋਂ ਪੋਸਟ ਨੂੰ ਸਾਂਝਾ ਕਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਦੇ ਪ੍ਰਸ਼ੰਸਕਾਂ ਅਤੇ ਫਿਲਮ ਇੰਡਸਟਰੀ ਦੇ ਦੋਸਤਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ। ਇਕ ਯੂਜਰਜ਼ ਨੇ ਲਿਖਿਆ, ‘ਮੈਂ ਅੱਜ ਇੰਟਰਨੈੱਟ ’ਤੇ ਸਭ ਤੋਂ ਪਿਆਰੀ ਚੀਜ਼ ਦੇਖੀ।’ ਦੂਜੇ ਨੇ ਕਿਹਾ, ‘ਸ਼ੁਭ ਵਿਆਹੁਤਾ ਜੀਵਨ।’ ਅਦਿੱਤੀ ਅਤੇ ਸਿਧਾਰਥ ਨੇ ਆਪਣੇ ਵਿਆਹ ਦੇ ਦੋ ਮਹੀਨੇ ਬਾਅਦ ਇਸ ਸਾਲ ਦੀਵਾਲੀ ’ਤੇ ਅਧਿਕਾਰਤ ਤੌਰ ’ਤੇ ਆਪਣਾ ਵਿਆਹ ਰਜਿਸਟਰ ਕਰਵਾਇਆ ਹੈ। ਕਰੀਬ ਤਿੰਨ ਸਾਲ ਰਿਸ਼ਤੇ ’ਚ ਰਹਿਣ ਤੋਂ ਬਾਅਦ ਦੋਵਾਂ ਨੇ ਤਿਲੰਗਾਨਾ ’ਚ ਪ੍ਰਾਚੀਨ ਦੱਖਣੀ ਭਾਰਤੀ ਸਮਾਰੋਹ ਦੌਰਾਨ ਮੰਦਰ ’ਚ ਵਿਆਹ ਕਰਵਾਇਆ ਸੀ। ਤਸਵੀਰਾਂ ਸਾਂਝੀਆਂ ਕਰਦਿਆਂ ਉਨ੍ਹਾਂ ਨੇ ਲਿਖਿਆ, ‘ਤੁਸੀਂ ਮੇਰਾ ਸੂਰਜ, ਮੇਰਾ ਚੰਦ ਅਤੇ ਮੇਰੇ ਸਾਰੇ ਤਾਰੇ ਹੋ” ਮਿਸਿਜ਼ ਐਂਡ ਮਿਸਟਰ ਅਦੂ-ਸਿੱਧੂ।” -ਆਈਏਐੱਨਐੱਸ