ਕੋਲਕਾਤਾ, 13 ਨਵੰਬਰ
Bengal bypolls: ਪੱਛਮੀ ਬੰਗਾਲ ਵਿੱਚ ਛੇ ਵਿਧਾਨ ਸਭਾ ਹਲਕਿਆਂ ਲਈ ਜਾਰੀ ਜ਼ਿਮਨੀ ਚੋਣਾਂ ਦੌਰਾਨ ਕੁਝ ਹਿੱਸਿਆਂ ਤੋਂ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਨੈਹਾਤੀ ਵਿਧਾਨ ਸਭਾ ਹਲਕੇ ਦੇ ਨਾਲ ਲੱਗਦੇ ਜਗਤਦਲ ਵਿਖੇ ਪੋਲਿੰਗ ਦੇ ਪਹਿਲੇ ਦੋ ਘੰਟਿਆਂ ਦੌਰਾਨ ਗੋਲੀਬਾਰੀ ਦੀਆਂ ਖਬਰਾਂ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਟਕਰਾਅ ਵਾਲੇ ਵਿਅਕਤੀਆਂ ਦੇ ਦੋ ਸਮੂਹਾਂ ਵੱਲੋਂ ਕੱਚੇ ਬੰਬ ਵੀ ਸੁੱਟੇ ਗਏ, ਜਿਸ ਵਿੱਚ ਦੋ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਹਰੋਆ ਅਧੀਨ ਪੈਂਦੇ ਸਦਰਪੁਰ ਖੇਤਰ ਦੇ ਬੂਥ ਨੰਬਰ 200 ਤੋਂ ਵੀ ਤਣਾਅ ਦੀ ਸੂਚਨਾ ਮਿਲੀ ਹੈ। ਇਸ ਦੌਰਾਨ ਦਰੀ ਹਥਿਆਰਬੰਦ ਪੁਲਿਸ ਬਲ ਦੇ ਜਵਾਨਾਂ ਦੀ ਟੀਮ (ਕਿਊਆਰਟੀ) ਨੇ ਸਥਾਨਕ ਪੁਲੀਸ ਦੇ ਨਾਲ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ।
ਸਵੇਰੇ 9 ਵਜੇ ਤੱਕ ਜਿਨ੍ਹਾਂ ਛੇ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਉੱਥੇ ਔਸਤ ਪੋਲਿੰਗ ਪ੍ਰਤੀਸ਼ਤਤਾ 14.65 ਫੀਸਦੀ ਦਰਜ ਕੀਤੀ ਗਈ ਹੈ। ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫਤਰ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਦੇ ਅਨੁਸਾਰ ਉਸ ਸਮੇਂ ਦੌਰਾਨ ਸਭ ਤੋਂ ਵੱਧ ਪੋਲਿੰਗ ਪ੍ਰਤੀਸ਼ਤਤਾ ਤਲਡਾਂਗਰਾ ਵਿੱਚ 18 ਪ੍ਰਤੀਸ਼ਤ, ਮਦਾਰੀਹਾਟ 15 ਪ੍ਰਤੀਸ਼ਤ, ਹਰੋਆ 14.80 ਪ੍ਰਤੀਸ਼ਤ, ਨੇਹਾਟੀ 14.51 ਪ੍ਰਤੀਸ਼ਤ, ਮੇਦਿਨੀਪੁਰ 14.36 ਪ੍ਰਤੀਸ਼ਤ ਅਤੇ ਸੀਤਾਈ ਵਿੱਚ 12 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਆਈਏਐੱਨਐੱਸ